ਐੱਫਸੀਆਈ ਦੇ ਖਰੀਦ ਨਿਯਮਾਂ ਬਾਰੇ ਕੇਂਦਰ ਨਾਲ ਗੱਲ ਕਰੇ ਪੰਜਾਬ ਸਰਕਾਰ: ਡੱਲੇਵਾਲ
ਗੁਰਦੀਪ ਸਿੰਘ ਲਾਲੀ/ਹਰਜੀਤ ਸਿੰਘ
ਸੰਗਰੂਰ/ਖਨੌਰੀ, 21 ਅਪਰੈਲ
ਇੱਥੇ ਖਨੌਰੀ ਬਾਰਡਰ ’ਤੇ ਰੋਜ਼ਾਨਾ ਚੱਲਦੀ ਸਟੇਜ ਤੋਂ ਕਿਸਾਨ ਆਗੂ ਕੇਂਦਰ ਖ਼ਿਲਾਫ਼ ਗਰਜ ਰਹੇ ਹਨ। ਖਨੌਰੀ ਬਾਰਡਰ ’ਤੇ ਅੱਜ ਸੰਯੁਕਤ ਕਿਸਾਨ ਮੋਰਚਾ ਗੈਰ-ਸਿਆਸੀ ਦੇ ਪ੍ਰਮੁੱਖ ਆਗੂ ਤੇ ਭਾਕਿਯੂ ਸਿੱਧੂਪੁਰ ਦੇ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਭਾਰਤ ਸਰਕਾਰ ਜਾਂ ਐੱਫਸੀਆਈ ਵੱਲੋਂ ਜਿਸ ਤਰ੍ਹਾਂ ਕਣਕ ਦੀ ਖਰੀਦ ਦੇ ਮਾਮਲੇ ’ਚ ਸਖ਼ਤੀ ਨਾਲ ਸਪੈਸੀਫਿਕੇਸ਼ਨ ਨੂੰ ਲਾਗੂ ਕੀਤਾ ਜਾ ਰਿਹਾ ਹੈ ਪਰ ਮੌਸਮ ਦੇ ਵਿਗੜਦੇ ਮਿਜ਼ਾਜ ਨੂੰ ਮੱਦੇਨਜ਼ਰ ਰੱਖਦਿਆਂ ਇਸ ਨੂੰ ਮੁੜ ਵਿਚਾਰਨਾ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਨਿੱਤ ਦਿਨ ਬੱਦਲਵਾਈ ਰਹਿੰਦੀ ਹੈ ਅਤੇ ਕਿਤੇ ਨਾ ਕਿਤੇ ਮੀਂਹ ਪੈ ਜਾਂਦਾ ਹੈ। ਉਨ੍ਹਾਂ ਕਿਹਾ ਕਿ ਖਰੀਦ ਲਈ ਨਿਯਮ ਬਣਾਏ ਹਨ ਕਿ ਨਮੀ ਦੀ ਮਾਤਰਾ 12 ਤੱਕ ਦੀ ਫਸਲ ਹੀ ਖਰੀਦ ਕੀਤੀ ਜਾਵੇਗੀ ਅਤੇ ਜੇ 12 ਤੋਂ 14 ਤੱਕ ਨਮੀ ਦੀ ਮਾਤਰਾ ਆਉਂਦੀ ਹੈ ਤਾਂ ਦੋ ਰੁਪਏ ਕੁਇੰਟਲ ਦੇ ਹਿਸਾਬ ਨਾਲ ਕੱਟ ਲੱਗੇਗਾ। ਜੇ ਨਮੀ ਦੀ ਮਾਤਰਾ 14 ਤੋਂ ਉਪਰ ਆਉਂਦੀ ਹੈ ਤਾਂ ਫਸਲ ਨਹੀਂ ਖਰੀਦ ਕੀਤੀ ਜਾਵੇਗੀ। ਉਨ੍ਹਾਂ ਕੇਂਦਰ ਤੇ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇ ਸਰਕਾਰ ਅਜਿਹੇ ਕਿਸਾਨ ਮਾਰੂ ਫੈਸਲੇ ਕਰੇਗੀ ਤਾਂ ਫਿਰ ਕਿਸਾਨਾਂ ਨੂੰ ਮਜਬੂਰੀਵੱਸ ਇਸ ਖ਼ਿਲਾਫ਼ ਸੜਕਾਂ ’ਤੇ ਆਉਣਾ ਪਵੇਗਾ। ਉਨ੍ਹਾਂ ਕਿਹਾ ਕਿ ਐੱਫਸੀਆਈ ਦੇ ਖਰੀਦ ਨਿਯਮਾਂ ਸਬੰਧੀ ਕੇਂਦਰ ਨਾਲ ਪੰਜਾਬ ਸਰਕਾਰ ਗੱਲ ਕਰੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਕਿਸਾਨਾਂ ਦੀ ਫਸਲ ਖਰੀਦ ਕਰੇ ਅਤੇ ਬਾਹਰਲੇ ਮੁਲਕਾਂ ਵਿਚ ਵੇਚੇ। ਸ੍ਰੀ ਡੱਲੇਵਾਲ ਨੇ ਕਿਹਾ ਕਿ ਕੇਂਦਰ ਦੇ ਨਾਲ-ਨਾਲ ਪੰਜਾਬ ਸਰਕਾਰ ਵੀ ਇਸ ਸਬੰਧੀ ਬਰਾਬਰ ਦੀ ਜ਼ਿੰਮੇਵਾਰ ਹੈ।