ਪੰਜਾਬ ਸਰਕਾਰ ਸਿਹਤ ਤੇ ਸਿੱਖਿਆ ਪ੍ਰਤੀ ਗੰਭੀਰ: ਵਿਧਾਇਕ ਰਾਏ
ਨਿੱਜੀ ਪੱਤਰ ਪ੍ਰੇਰਕ
ਫਤਹਿਗੜ੍ਹ ਸਾਹਿਬ, 29 ਜਨਵਰੀ
ਪੰਜਾਬ ਸਰਕਾਰ ਨੌਜਵਾਨਾਂ ਨੂੰ ਖੇਡਾਂ ਵੱਲ ਉਤਸ਼ਾਹਿਤ ਕਰਨ ਅਤੇ ਉਨ੍ਹਾਂ ਨੂੰ ਮੈਦਾਨਾਂ ਵਿੱਚ ਲਿਆਉਣ ਵਿੱਚ ਸਫਲ ਹੋਈ ਹੈ, ਜਿਸ ਦੇ ਨਤੀਜੇ ਵਜੋਂ ਹੁਣ ਬਹੁਤ ਸਾਰੇ ਨਵੇਂ ਖਿਡਾਰੀ ਖੇਡ ਮੈਦਾਨਾਂ ਦੇ ਵਿੱਚ ਪ੍ਰੈਕਟਿਸ ਕਰ ਰਹੇ ਹਨ। ਇਹ ਪ੍ਰਗਟਾਵਾ ਫਤਹਿਗੜ੍ਹ ਸਾਹਿਬ ਹਲਕੇ ਦੇ ਵਿਧਾਇਕ ਐਡਵੋਕੇਟ ਲਖਵੀਰ ਸਿੰਘ ਰਾਏ ਨੇ ਪਿੰਡ ਸਿੱਧੂਪੁਰ ਵਿੱਚ ਜ਼ਿਲ੍ਹਾ ਕਬੱਡੀ ਐਸੋਸੀਏਸ਼ਨ ਦੇ ਟਰੇਨਿੰਗ ਕੈਂਪ ਦੌਰਾਨ ਖਿਡਾਰੀਆਂ ਨੂੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਸਿੱਖਿਆ ਅਤੇ ਸਿਹਤ ਪ੍ਰਤੀ ਬਹੁਤ ਗੰਭੀਰ ਹੈ, ਇਸ ਲਈ ਸਿੱਖਿਆ ਨੀਤੀ ਅਤੇ ਸਿਹਤ ਸਹੂਲਤਾਂ ਵੱਲ ਖਾਸ ਧਿਆਨ ਦਿੱਤਾ ਜਾ ਰਿਹਾ ਹੈ। ਨਾਲ ਹੀ ਪੰਜਾਬ ਦੀ ਜਵਾਨੀ ਨੂੰ ਨਸ਼ੇ ਵਰਗੀਆਂ ਬੁਰਾਈਆਂ ਤੋਂ ਬਚਾਉਣ ਲਈ ਖੇਡ ਮੈਦਾਨਾਂ ਵੱਲ ਲਿਆ ਰਹੀ ਹੈ। ਉਨ੍ਹਾਂ ਕੋਚਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਦਾ ਇਹ ਉਪਰਾਲਾ ਸ਼ਲਾਘਾਯੋਗ ਹੈ। ਵਰਨਣਯੋਗ ਹੈ ਕਿ ਜ਼ਿਲ੍ਹਾ ਕਬੱਡੀ ਐਸੋਸੀਏਸ਼ਨ ਵੱਲੋਂ 15 ਰੋਜ਼ਾ ਟਰੇਨਿੰਗ ਕੈਂਪ ਪਿੰਡ ਸਿੱਧੂਪੁਰ ਅਤੇ ਸਾਨੀਪਰ ਵਿੱਚ ਲਗਾਇਆ ਗਿਆ ਜਿਸ ਵਿੱਚ ਟਰੇਨਿੰਗ ਪ੍ਰਾਪਤ ਕਰ ਰਹੇ ਖਿਡਾਰੀਆਂ ਵਿੱਚੋਂ ਕਬੱਡੀ ਦੀ ਟੀਮ ਤਿਆਰ ਕੀਤੀ ਜਾਵੇਗੀ, ਜੋ ਨੈਸ਼ਨਲ ਚੈਂਪੀਅਨਸ਼ਿੱਪ ਦੇ ਵਿੱਚ ਹਿੱਸਾ ਲਵੇਗੀ। ਇਸ ਮੌਕੇ ਕਬੱਡੀ ਕੋਚ ਧਰਮ ਸਿੰਘ, ਗੁਰਮੀਤ ਸਿੰਘ ਬਿੱਟੂ, ਇੰਦਰਦੀਪ ਸਿੰਘ ਸਾਨੀਪੁਰ, ਨੱਪੀ ਸੋਂਢਾ ਹਾਜ਼ਰ ਸਨ।