ਪੰਜਾਬ ਸਰਕਾਰ ਸਮੂਹ ਵਰਗਾਂ ਦੀ ਭਲਾਈ ਲਈ ਯਤਨਸ਼ੀਲ: ਢੋਸ
ਹਰਦੀਪ ਸਿੰਘ
ਧਰਮਕੋਟ, 15 ਨਵੰਬਰ
ਸਮਾਜਿਕ ਸੁਰੱਖਿਆ ਵਿਭਾਗ ਵੱਲੋਂ ਇੱਥੇ ਅਪਾਹਜ ਲੋਕਾਂ ਨੂੰ ਰਾਹਤ ਦੇਣ ਲਈ ਇਕ ਕੈਂਪ ਲਾਇਆ ਗਿਆ। ਕੈਂਪ ਵਿੱਚ ਸਹਾਇਕ ਉਪਕਰਣਾਂ ਦੀ ਵੰਡ ਕੀਤੀ ਗਈ। ਇੱਥੇ ਨਗਰ ਕੌਂਸਲ ਦਫ਼ਤਰ ਵਿੱਚ ਸਰਬੱਤ ਦਾ ਭਲਾ ਸੇਵਾ ਸੁਸਾਇਟੀ ਤੇ ਸੰਭਾਲ ਕੇਂਦਰ ਦੇ ਸਹਿਯੋਗ ਨਾਲ ਲਾਏ ਗਏ ਤੀਸਰੇ ਕੈਂਪ ਵਿੱਚ 185 ਲਾਭਪਾਤਰੀਆਂ ਨੂੰ 28 ਲੱਖ ਰੁਪਏ ਦੀ ਲਾਗਤ ਨਾਲ ਲੋੜਵੰਦਾਂ ਨੂੰ ਸਹਾਇਕ ਉਪਕਰਣ ਵੰਡੇ ਗਏ। ਕੈਂਪ ਵਿੱਚ ਹਲਕੇ ਦੇ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ, ਜ਼ਿਲ੍ਹਾ ਸਮਾਜਿਕ ਸੁਰੱਖਿਆ ਅਧਿਕਾਰੀ ਇੰਦਰਜੀਤ ਕੌਰ ਸਮੇਤ ਵੱਡੀ ਗਿਣਤੀ ਵਿੱਚ ਸਰਕਾਰੀ ਮੁਲਾਜ਼ਮ ਤੇ ਧਰਮਕੋਟ ਦੀ ਆਪ ਦੀ ਸਮੁੱਚੀ ਟੀਮ ਹਾਜ਼ਰ ਸੀ। ਵਿਧਾਇਕ ਢੋਸ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਹਰੇਕ ਵਰਗ ਦੀ ਭਲਾਈ ਲਈ ਦਿਨ ਰਾਤ ਇੱਕ ਕੀਤਾ ਜਾ ਰਿਹਾ ਹੈ। ਸਰਕਾਰ ਦਾ ਸਮਾਜਿਕ ਸੁਰੱਖਿਆ ਵਿਭਾਗ ਅਜਿਹੇ ਕੈਂਪ ਲਾ ਕੇ ਸਰੀਰਕ ਤੌਰ ’ਤੇ ਅਪਾਹਜ ਵਿਅਕਤੀਆਂ ਅਤੇ ਸੀਨੀਅਰ ਸਿਟੀਜ਼ਨਾਂ ਨੂੰ ਮੁਫ਼ਤ ਬਣਾਉਟੀ ਅੰਗ, ਬੈਟਰੀ ਵਾਲੇ ਸਾਈਕਲ, ਟ੍ਰਾਈ ਸਾਈਕਲ, ਵੀਲ੍ਹ ਚੇਅਰ, ਕੰਨਾਂ ਵਾਲੀਆਂ ਮਸ਼ੀਨਾਂ ਤੇ ਫੌਹੜ੍ਹੀਆਂ ਆਦਿ ਦੀ ਵੰਡ ਕਰਦਾ ਹੈ। ਉਨ੍ਹਾਂ ਦੱਸਿਆ ਕਿ ਅੱਜ ਦੇ ਇਸ ਰਾਹਤ ਵਿੱਚ 200 ਦੇ ਕਰੀਬ ਲੋੜਵੰਦਾਂ ਨੂੰ ਉਪਕਰਨ ਦੇ ਕੇ ਰਾਹਤ ਪ੍ਰਦਾਨ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਅਪਾਹਜ ਵੀ ਸਾਡੇ ਸਮਾਜ ਦਾ ਹਿੱਸਾ ਹਨ, ਇਸ ਲਈ ਉਨ੍ਹਾਂ ਦੀ ਦੇਖਭਾਲ ਕਰਨੀ ਸਰਕਾਰ ਦੀ ਜ਼ਿੰਮੇਵਾਰੀ ਹੈ। ਇਸ ਮੌਕੇ ਤੇ ਆਪ ਆਗੂ ਗੁਰਮੀਤ ਮਖੀਜਾ, ਹਰਪ੍ਰੀਤ ਸਿੰਘ ਰਿੱਕੀ, ਹਰਭਜਨ ਸਿੰਘ ਬੱਤਰਾ ਕੌਂਸਲਰ, ਚੇਅਰਮੈਨ ਅਮਨ ਪੰਡੋਰੀ, ਗੁਰਤਾਰ ਸਿੰਘ ਕਮਾਲਕੇ, ਗੁਰਬਖਸ਼ ਸਿੰਘ ਕੁਕੂ, ਮਨਦੀਪ ਸਿੰਘ ਮਠਾੜੂ ਆਦਿ ਹਾਜ਼ਰ ਸਨ।