ਸੂਬੇ ਦੇ ਲੋਕਾਂ ਨੂੰ ਲੁੱਟ ਰਹੀ ਹੈ ਪੰਜਾਬ ਸਰਕਾਰ: ਚੰਨੀ
ਲਖਵੀਰ ਸਿੰਘ ਚੀਮਾ
ਮਹਿਲ ਕਲਾਂ, 10 ਨਵੰਬਰ
ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪੰਜਾਬ ਦੇ ਹਰ ਵਰਗ ਨਾਲ ਧੋਖਾ ਕੀਤਾ ਹੈ, ਜਿਸ ਦਾ ਜਵਾਬ ਲੋਕ ਜ਼ਿਮਨੀ ਚੋਣਾਂ ਦੌਰਾਨ ਦੇਣਗੇ। ਇਹ ਪ੍ਰਗਟਾਵਾ ਸਾਬਕਾ ਮੁੱਖ ਮੰਤਰੀ ਅਤੇ ਕਾਂਗਰਸ ਦੇ ਲੋਕ ਸਭਾ ਮੈਂਬਰ ਚਰਨਜੀਤ ਸਿੰਘ ਚੰਨੀ ਨੇ ਪਿੰਡ ਅਮਲਾ ਸਿੰਘ ਵਾਲਾ ਵਿੱਚ ਬਰਨਾਲਾ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਚੋਣ ਲਈ ਕਾਂਗਰਸੀ ਉਮੀਦਵਾਰ ਕੁਲਦੀਪ ਸਿੰਘ ਕਾਲਾ ਢਿੱਲੋਂ ਦੇ ਹੱਕ ਵਿੱਚ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਕੀਤਾ। ਚਰਨਜੀਤ ਚੰਨੀ ਨੇ ਕਿਹਾ ਕਿ ਕਾਲੇ ਅੰਗਰੇਜ਼ਾਂ ਦੇ ਰੂਪ ਵਿੱਚ ‘ਆਪ’ ਲੋਕਾਂ ਨੂੰ ਲੁੱਟ ਰਹੀ ਹੈ। ਭਗਵੰਤ ਮਾਨ ਤੋਂ ਸਰਕਾਰ ਸੰਭਲ ਨਹੀਂ ਰਹੀ, ਜਿਸ ਕਰਕੇ ਕੇਜਰੀਵਾਲ ਸਰਕਾਰ ਚਲਾ ਰਹੇ ਹਨ, ਜਦਕਿ ਭਗਵੰਤ ਮਾਨ ਸ਼ਾਹੀ ਕੈਦੀ ਹਨ। ਕੇਜਰੀਵਾਲ ਨੇ ਸੀਐੱਮ ਦਫ਼ਤਰ ਸਣੇ ਹਰ ਮੰਤਰੀ ਅਤੇ ਵਿਧਾਇਕ ਨਾਲ ਇੱਕ-ਇੱਕ ਵਿਅਕਤੀ ਦਿੱਲੀ ਦਾ ਲਗਾ ਦਿੱਤਾ ਹੈ। ਪੰਜਾਬ ਦੇ ਡੀਸੀ ਵੀ ਮੀਟਿੰਗਾਂ ਕਰਨ ਦਿੱਲੀ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ‘ਆਪ’ ਅਤੇ ਭਾਜਪਾ ਦੋਵੇਂ ਸਰਕਾਰਾਂ ਨੇ ਮਿਲ ਕੇ ਸੂਬੇ ਦੇ ਕਿਸਾਨਾਂ ਨੂੰ ਮੰਡੀਆਂ ਵਿੱਚ ਰੋਲ ਦਿੱਤਾ ਹੈ। ‘ਆਪ’ ਸਰਕਾਰ ਨਸ਼ੇ ਰੋਕਣ ਵਿੱਚ ਨਾਕਾਮ ਰਹੀ ਹੈ ਅਤੇ ਆਮ ਆਦਮੀ ਪਾਰਟੀ ਦਲਿਤ ਵਿਰੋਧੀ ਪਾਰਟੀ ਸਾਬਤ ਹੋਈ ਹੈ। ਚੋਣਾਂ ਵੇਲੇ ਕੀਤੇ ਐਲਾਨ ਅਨੁਸਾਰ ਅਜੇ ਤੱਕ ਦਲਿਤ ਡਿਪਟੀ ਸੀਐੱਮ ਨਹੀਂ ਲਗਾਇਆ ਗਿਆ, ਜਦਕਿ ਵੋਟਾਂ ਵੇਲੇ ਹੀ ਇਨ੍ਹਾਂ ਨੂੰ ਦਲਿਤਾਂ ਦੀ ਯਾਦ ਆਉਂਦੀ ਹੈ। ਇਸ ਮੌਕੇ ਸੀਨੀਅਰ ਕਾਂਗਰਸੀ ਆਗੂ ਜਸਵੀਰ ਸਿੰਘ ਖੇੜੀ, ਬਲਵੰਤ ਸ਼ਰਮਾ ਹਮੀਦੀ, ਪਰਗਟ ਸਿੰਘ ਠੀਕਰੀਵਾਲ ਹਾਜ਼ਰ ਸਨ।
ਬਰਨਾਲਾ (ਖੇਤਰੀ ਪ੍ਰਤੀਨਿਧ): ਕਾਂਗਰਸੀ ਉਮੀਦਵਾਰ ਕੁਲਦੀਪ ਸਿੰਘ ਕਾਲਾ ਢਿੱਲੋਂ ਦੇ ਹੱਕ ਵਿੱਚ ਪ੍ਰਚਾਰ ਕਰਨ ਪੁੱਜੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਇੱਥੇ ਵੱਖ-ਵੱਖ ਚੋਣ ਸਭਾਵਾਂ ਨੂੰ ਸੰਬੋਧਨ ਕੀਤਾ। ਇਸ ਦੌਰਾਨ ਚੰਨੀ ਨੇ ਬਰਨਾਲਾ ਸਮੇਤ ਕਈ ਪਿੰਡਾਂ ਵਿੱਚ ਕਾਂਗਰਸੀ ਉਮੀਦਵਾਰ ਕਾਲਾ ਢਿੱਲੋਂ ਦੇ ਹੱਕ ’ਚ ਚੋਣ ਪ੍ਰਚਾਰ ਕੀਤਾ ਅਤੇ ਆਮ ਆਦਮੀ ਪਾਰਟੀ ਤੇ ਭਾਜਪਾ ਦੀ ਆਲੋਚਨਾ ਕੀਤੀ।
‘ਪੰਜਾਬ ਸਰਕਾਰ ਦਿੱਲੀ ਤੋਂ ਚੱਲ ਰਹੀ ਹੈ’
ਹੰਢਿਆਇਆ (ਕੁਲਦੀਪ ਸੂਦ): ਲੋਕ ਸਭਾ ਮੈਂਬਰ ਚਰਨਜੀਤ ਸਿੰਘ ਚੰਨੀ ਨੇ ਇੱਥੇ ਕਾਂਗਰਸੀ ਉਮੀਦਵਾਰ ਕੁਲਦੀਪ ਸਿੰਘ ਕਾਲਾ ਢਿੱਲੋਂ ਦੇ ਹੱਕ ’ਚ ਚੋਣ ਪ੍ਰਚਾਰ ਕਰਨ ਦੌਰਾਨ ਪੰਜਾਬ ਸਰਕਾਰ ’ਤੇ ਨਿਸ਼ਾਨੇ ਸੇਧੇ। ਚੰਨੀ ਨੇ ਕਿਹਾ ਕਿ ਸ਼ਹੀਦ ਭਗਤ ਸਿੰਘ ਦੀ ਸਹੁੰ ਖਾ ਕੇ ਆਮ ਆਦਮੀ ਪਾਰਟੀ ਨੇ ਸਰਕਾਰ ਬਣਾਈ ਸੀ, ਅੱਜ ਸਰਕਾਰ ਉਨ੍ਹਾਂ ਦੇ ਆਦਰਸ਼ਾਂ ਨੂੰ ਭੁੱਲ ਗਈ ਹੈ। ਇਸ ਦੌਰਾਨ ਉਨ੍ਹਾਂ ਕਿਹਾ ਕਿ ਪੰਜਾਬ ਪ੍ਰਤੀ ਕੋਈ ਵੀ ਫ਼ੈਸਲਾ ਲੈਣਾ ਹੋਵੇ, ਉਹ ਦਿੱਲੀ ਦੀ ਹਾਈਕਮਾਨ ਲੈਂਦੀ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਸਿਰਫ਼ ਕਠਪੁਤਲੀ ਹਨ। ਇਸ ਮੌਕੇ ਸ੍ਰੀ ਚੰਨੀ ਨੇ ਕਿਹਾ ਕਿ ਪਾਰਟੀ ਉਮੀਦਵਾਰ ਕੁਲਦੀਪ ਸਿੰਘ ਕਾਲਾ ਢਿੱਲੋਂ ਬੇਹੱਦ ਇਮਾਨਦਾਰ, ਸੂਝਵਾਨ ਤੇ ਬੇਦਾਗ਼ ਸ਼ਖਸੀਅਤ ਹਨ। ਉਨ੍ਹਾਂ ਲੋਕਾਂ ਨੂੰ ਕਾਂਗਰਸ ਪਾਰਟੀ ਨੂੰ ਵੋਟਾਂ ਪਾਉਣ ਅਤੇ ਕਾਲਾ ਢਿੱਲੋਂ ਨੂੰ ਜਿਤਾਉਣ ਦੀ ਅਪੀਲ ਕੀਤੀ।