For the best experience, open
https://m.punjabitribuneonline.com
on your mobile browser.
Advertisement

ਪੰਜਾਬ ਸਰਕਾਰ ਪੇਂਡੂ ਤੇ ਸ਼ਹਿਰੀ ਚੋਣਾਂ ਇਕੱਠੇ ਕਰਾਉਣ ਦੇ ਰੌਂਅ ’ਚ

11:08 PM Jun 23, 2023 IST
ਪੰਜਾਬ ਸਰਕਾਰ ਪੇਂਡੂ ਤੇ ਸ਼ਹਿਰੀ ਚੋਣਾਂ ਇਕੱਠੇ ਕਰਾਉਣ ਦੇ ਰੌਂਅ ’ਚ
Advertisement

ਟ੍ਰਿਬਿਊਨ ਨਿਊਜ਼ ਸਰਵਿਸ

Advertisement

ਚੰਡੀਗੜ੍ਹ, 5 ਜੂਨ

ਪੰਜਾਬ ਸਰਕਾਰ ਐਤਕੀਂ ਪੇਂਡੂ ਅਤੇ ਸ਼ਹਿਰੀ ਸਥਾਨਕ ਸੰਸਥਾਵਾਂ ਦੀਆਂ ਚੋਣਾਂ ਇਕੱਠੇ ਕਰਾਉਣ ਦੇ ਰੌਂਅ ਵਿੱਚ ਹੈ। ਪੰਜ ਨਗਰ ਨਿਗਮਾਂ ਅਤੇ 42 ਨਗਰ ਕੌਂਸਲਾਂ ਤੇ ਪੰਚਾਇਤਾਂ ਦੀਆਂ ਚੋਣਾਂ ਇਸੇ ਵਰ੍ਹੇ ਸਤੰਬਰ ਵਿੱਚ ਹੋਣ ਦੀ ਸੰਭਾਵਨਾ ਹੈ। ਜ਼ਿਲ੍ਹਾ ਪ੍ਰੀਸ਼ਦਾਂ ਅਤੇ ਪੰਚਾਇਤ ਸੰਮਤੀਆਂ ਦੀਆਂ ਚੋਣਾਂ ਵੀ ਇਨ੍ਹਾਂ ਨਿਗਮ ਤੇ ਕੌਂਸਲ ਚੋਣਾਂ ਦੇ ਨਾਲ ਹੀ ਕਰਾਏ ਜਾਣ ਦੀ ਤਿਆਰੀ ਕੀਤੀ ਜਾ ਰਹੀ ਹੈ। ਜਲੰਧਰ ਜ਼ਿਮਨੀ ਚੋਣਾਂ ਵਿੱਚ ਹੁਕਮਰਾਨ ਧਿਰ ਨੂੰ ਮਿਲੀ ਜਿੱਤ ਦਾ ਫ਼ਾਇਦਾ ‘ਆਪ’ ਸਥਾਨਕ ਸੰਸਥਾਵਾਂ ਦੀਆਂ ਚੋਣਾਂ ਵਿੱਚ ਵੀ ਫ਼ੌਰੀ ਲੈਣਾ ਚਾਹੁੰਦੀ ਹੈ। ਪੰਜਾਬ ਵਿੱਚ 23 ਜ਼ਿਲ੍ਹਾ ਪ੍ਰੀਸ਼ਦਾਂ ਅਤੇ 153 ਪੰਚਾਇਤ ਸੰਮਤੀਆਂ ਦੀਆਂ ਚੋਣਾਂ ਲਈ ‘ਆਪ’ ਵੱਲੋਂ ਰਣਨੀਤੀ ਘੜੀ ਜਾ ਰਹੀ ਹੈ। ਜੇ ਇਹ ਯੋਜਨਾ ਸਿਰੇ ਚੜ੍ਹਦੀ ਹੈ ਤਾਂ ਪਹਿਲੀ ਦਫ਼ਾ ਹੋਵੇਗਾ ਕਿ ਨਿਗਮ ਤੇ ਕੌਂਸਲ ਚੋਣਾਂ ਅਤੇ ਪੰਚਾਇਤ ਸੰਮਤੀਆਂ ਚੋਣਾਂ ਇਕੱਠੀਆਂ ਹੋਣਗੀਆਂ। ‘ਆਪ’ ਦੀ ਸੀਨੀਅਰ ਲੀਡਰਸ਼ਿਪ ਇਸ ਗੱਲ ‘ਤੇ ਇੱਕ ਮਤ ਹੈ ਕਿ ਵਾਰ ਵਾਰ ਚੋਣਾਂ ਆਉਣ ‘ਤੇ ਆਦਰਸ਼ ਚੋਣ ਜ਼ਾਬਤਾ ਲੱਗਦਾ ਹੈ ਜਿਸ ਨਾਲ ਸੂਬੇ ਦਾ ਵਿਕਾਸ ਪ੍ਰਭਾਵਿਤ ਹੁੰਦਾ ਹੈ। ਕੇਂਦਰੀ ਤੇ ਸੂਬਾਈ ਪ੍ਰਾਜੈਕਟਾਂ ‘ਚ ਦੇਰੀ ਹੋ ਜਾਂਦੀ ਹੈ।

ਪੰਜਾਬ ਵਿੱਚ ਸ਼ਹਿਰੀ ਅਤੇ ਪੇਂਡੂ ਸਥਾਨਿਕ ਸੰਸਥਾਵਾਂ ‘ਤੇ ਇਸ ਵੇਲੇ ਵਿਰੋਧੀ ਧਿਰਾਂ ਹੀ ਕਾਬਜ਼ ਹਨ। ਆਗਾਮੀ ਲੋਕ ਸਭਾ ਚੋਣਾਂ ਤੋਂ ਪਹਿਲਾਂ ਸਥਾਨਕ ਚੋਣਾਂ ਵਿੱਚ ‘ਆਪ’ ਆਪਣੀ ਪੈਂਠ ਕਾਇਮ ਕਰਨਾ ਚਾਹੁੰਦੀ ਹੈ। ਉਸ ਮਗਰੋਂ ਹੀ ‘ਆਪ’ ਸਰਕਾਰ ਗਰਾਂਟਾਂ ਦੇ ਮੂੰਹ ਪਿੰਡਾਂ ਤੇ ਸ਼ਹਿਰਾਂ ਵੱਲ ਕਰਨ ਦੀ ਇੱਛੁਕ ਹੈ। ‘ਆਪ’ ਇਨ੍ਹਾਂ ਸਥਾਨਕ ਚੋਣਾਂ ਨਾਲ ਆਪਣਾ ਪਸਾਰ ਕਰਨਾ ਚਾਹੁੰਦੀ ਹੈ ਅਤੇ ਆਪਣੇ ਸਥਾਨਕ ਪੱਧਰ ਦੇ ਆਗੂਆਂ ਨੂੰ ਰੁਤਬਾ ਦੇਣਾ ਚਾਹੁੰਦੀ ਹੈ ਤਾਂ ਜੋ ਉਹ ਆਗਾਮੀ ਲੋਕ ਸਭਾ ਚੋਣਾਂ ਵਿੱਚ ਜੁੱਟ ਸਕਣ। ਦੱਸਣਯੋਗ ਹੈ ਕਿ ਪੰਜਾਬ ਵਿੱਚ ਜਲੰਧਰ, ਲੁਧਿਆਣਾ, ਪਟਿਆਲਾ ਅਤੇ ਅੰਮ੍ਰਿਤਸਰ ਦੇ ਨਗਰ ਨਿਗਮ ਦੀ ਚੋਣ ਬਕਾਇਆ ਪਈ ਹੈ। ਇਸੇ ਤਰ੍ਹਾਂ ਫਗਵਾੜਾ ਨਗਰ ਨਿਗਮ ਦੀ ਚੋਣ ਹੋਣੀ ਬਾਕੀ ਹੈ। ‘ਆਪ’ ਦੇ ਸੀਨੀਅਰ ਆਗੂ ਆਖਦੇ ਹਨ ਕਿ ਜਲੰਧਰ ਜ਼ਿਮਨੀ ਚੋਣ ਵਿਚ ਸਰਕਾਰ ਵੱਲੋਂ ਬਿਜਲੀ ਦੇ ਜ਼ੀਰੋ ਬਿੱਲਾਂ ਨੇ ਕਾਫ਼ੀ ਰੰਗ ਦਿਖਾਇਆ ਹੈ। ‘ਆਪ’ ਨੂੰ ਉਮੀਦ ਹੈ ਕਿ ਸਥਾਨਕ ਚੋਣਾਂ ਵਿਚ ਵੀ ਇਸ ਦਾ ਲਾਭ ਮਿਲੇਗਾ।

‘ਆਪ’ ਸਰਕਾਰ ਨੇ ਸ਼ਹਿਰੀ ਖੇਤਰਾਂ ਵਿਚ ਆਮ ਆਦਮੀ ਕਲੀਨਿਕਾਂ ‘ਤੇ ਜ਼ਿਆਦਾ ਧਿਆਨ ਕੇਂਦਰਿਤ ਕਰ ਦਿੱਤਾ ਹੈ ਤਾਂ ਜੋ ਨਗਰ ਨਿਗਮ ਤੇ ਕੌਂਸਲ ਚੋਣਾਂ ‘ਚ ਇਨ੍ਹਾਂ ਕਲੀਨਿਕਾਂ ਦੀ ਕਾਰਗੁਜ਼ਾਰੀ ਦਾ ਫ਼ਾਇਦਾ ਲਿਆ ਜਾ ਸਕੇ। ਸੂਤਰ ਦੱਸਦੇ ਹਨ ਕਿ ਸ਼ਹਿਰੀ ਚੋਣਾਂ ਲਈ ‘ਆਪ’ ਵੱਲੋਂ ਸਰਵੇ ਵੀ ਕਰਾਏ ਗਏ ਹਨ ਜਿਸ ‘ਚ ਇਹ ਸਿਫ਼ਾਰਸ਼ ਕੀਤੀ ਗਈ ਹੈ ਕਿ ਆਮ ਆਦਮੀ ਕਲੀਨਿਕ ਸ਼ਹਿਰਾਂ ਦੇ ਸਲੱਮ ਖੇਤਰਾਂ ਵਿਚ ਵੱਧ ਤੋਂ ਵੱਧ ਖੋਲ੍ਹੇ ਜਾਣ। ‘ਆਪ’ ਸਰਕਾਰ ਨੇ ਹਾਲ ਹੀ ਵਿੱਚ ਨਗਰ ਸੁਧਾਰ ਟਰੱਸਟਾਂ ਤੋਂ ਇਲਾਵਾ ਮਾਰਕੀਟ ਕਮੇਟੀਆਂ ਦੇ ਚੇਅਰਮੈਨ ਵੀ ਲਗਾ ਦਿੱਤੇ ਗਏ ਹਨ। ਇਨ੍ਹਾਂ ਨਵੇਂ ਚੇਅਰਮੈਨਾਂ ਨੂੰ ਅਗਲੀ ਜ਼ਿੰਮੇਵਾਰੀ ਸਥਾਨਕ ਚੋਣਾਂ ਦੀ ਤਿਆਰੀ ਦੀ ਵੀ ਦਿੱਤੀ ਗਈ ਹੈ।

‘ਆਪ’ ਪੂਰੀ ਤਰ੍ਹਾਂ ਤਿਆਰ: ਬਰਸਟ

‘ਆਪ’ ਦੇ ਜਨਰਲ ਸਕੱਤਰ ਹਰਚੰਦ ਸਿੰਘ ਬਰਸਟ ਆਖਦੇ ਹਨ ਕਿ ਇਸ ਸਾਲ ਦੇ ਅਖੀਰ ਵਿਚ ਹੋਣ ਵਾਲੀਆਂ ਪੇਂਡੂ ਤੇ ਸ਼ਹਿਰੀ ਸਥਾਨਕ ਸੰਸਥਾਵਾਂ ਦੀਆਂ ਚੋਣਾਂ ਲਈ ਪਾਰਟੀ ਦੀ ਪੂਰੀ ਤਿਆਰੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਬਹੁਤ ਸਾਰੇ ਵਿਅਕਤੀ ਹਨ ਜੋ ‘ਆਪ’ ਵਿਚ ਸ਼ਾਮਿਲ ਹੋ ਕੇ ਪਾਰਟੀ ਲਈ ਕੰਮ ਕਰਨਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਜਲਦ ਹੀ ਸਮਿਤੀਆਂ, ਜ਼ਿਲ੍ਹਾ ਪ੍ਰੀਸ਼ਦਾਂ ਅਤੇ ਸ਼ਹਿਰਾਂ ਦੇ ਕੌਂਸਲਰ ਆਦਿ ‘ਆਪ’ ਵਿਚ ਸ਼ਾਮਿਲ ਹੋਣਗੇ।

Advertisement
Advertisement
Advertisement
×