ਪੰਜਾਬ ਸਰਕਾਰ ਹਰ ਫਰੰਟ ’ਤੇ ਫੇਲ੍ਹ: ਸੁਖਬੀਰ ਬਾਦਲ
ਜਗਤਾਰ ਸਿੰਘ ਲਾਂਬਾ/ਸੁਖਦੇਵ ਸਿੰਘ
ਅੰਮ੍ਰਿਤਸਰ/ਅਜਨਾਲਾ, 2 ਫਰਵਰੀ
ਸ਼੍ਰੋਮਣੀ ਅਕਾਲੀ ਦਲ ਵੱਲੋਂ ਸ਼ੁਰੂ ਕੀਤੀ ਗਈ ‘ਪੰਜਾਬ ਬਚਾਓ ਯਾਤਰਾ’ ਅੱਜ ਦੂਜੇ ਦਿਨ ਅਜਨਾਲਾ ਤੇ ਮਜੀਠਾ ਹਲਕਿਆਂ ਦੇ ਪਿੰਡਾਂ ਵਿੱਚੋਂ ਲੰਘੀ। ਇਸ ਦੌਰਾਨ ਸੰਬੋਧਨ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪੰਜਾਬ ਸਰਕਾਰ ਹਰ ਫਰੰਟ ’ਤੇ ਫੇਲ੍ਹ ਸਾਬਿਤ ਹੋ ਰਹੀ ਹੈ ਅਤੇ ਪੰਜਾਬ ਦੇ ਲੋਕ ਆਪਣੀਆਂ ਮੰਗਾਂ ਦੀ ਪ੍ਰਾਪਤੀ ਲਈ ਰੋਜ਼ ਸੜਕਾਂ ’ਤੇ ਉਤਰ ਕੇ ਰੋਸ ਪ੍ਰਗਟਾਵੇ ਕਰ ਰਹੇ ਹਨ। ਇਸ ਦੌਰਾਨ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਦੀ ਮੰਗ ’ਤੇ ਸ੍ਰੀ ਬਾਦਲ ਨੇ ਕਿਹਾ ਕਿ ਹਲਕਾ ਅਜਨਾਲਾ ਅੰਦਰ ਸ਼੍ਰੋਮਣੀ ਕਮੇਟੀ ਮੈਂਬਰ ਜੋਧ ਸਿੰਘ ਸਮਰਾ ਹੀ ਅਕਾਲੀ ਦਲ ਵੱਲੋਂ 2027 ਦੀ ਵਿਧਾਨ ਸਭਾ ਚੋਣ ਲੜਨਗੇ।
ਦੱਸਣਯੋਗ ਹੈ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਕੱਲ੍ਹ ਅਟਾਰੀ ਸਰਹੱਦ ਤੋਂ ਆਰੰਭੀ ਗਈ ‘ਪੰਜਾਬ ਬਚਾਓ ਯਾਤਰਾ’ ਤਹਿਤ ਪਾਰਟੀ ਆਗੂਆਂ ਵੱਲੋਂ ਲੋਕਾਂ ਨੂੰ ‘ਆਪ’ ਸਰਕਾਰ ਦੀਆਂ ਨਾਕਾਮੀਆਂ ਬਾਰੇ ਦੱਸਿਆ ਜਾ ਰਿਹਾ ਹੈ। ਅੱਜ ਅਜਨਾਲਾ ਹਲਕੇ ਵਿੱਚ ਅਕਾਲੀ ਵਰਕਰਾਂ ਦਾ ਵੱਡਾ ਇਕੱਠ ਹੋਇਆ। ਅਜਨਾਲਾ ਹਲਕੇ ਵਿੱਚ ਅੱਜ ਜੋਧ ਸਿੰਘ ਸਮਰਾ ਵੱਲੋਂ ਕੀਤੇ ਗਏ ਭਰਵੇਂ ਇਕੱਠ ’ਤੇ ਸੁਖਬੀਰ ਸਿੰਘ ਬਾਦਲ ਨੇ ਤਸੱਲੀ ਦਾ ਪ੍ਰਗਟਾਵਾ ਕੀਤਾ। ਇਸ ਦੌਰਾਨ ਵੱਖ-ਵੱਖ ਥਾਵਾਂ ’ਤੇ ਸੰਬੋਧਨ ਕਰਦਿਆਂ ਸੁਖਬੀਰ ਸਿੰਘ ਬਾਦਲ ਨੇ ਸਰਕਾਰ ਦੀਆਂ ਖਾਮੀਆਂ ਬਾਰੇ ਲੋਕਾਂ ਨਾਲ ਗੱਲ ਕੀਤੀ। ਸ਼ਹਿਰ ਵਿੱਚ ਉੱਘੇ ਸਮਾਜ ਸੇਵੀ ਵਰਿੰਦਰ ਸ਼ਰਮਾ ਵੱਲੋਂ ਇਸ ਯਾਤਰਾ ਦਾ ਨਿੱਘਾ ਸਵਾਗਤ ਕੀਤਾ ਗਿਆ ਅਤੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਤੇ ਜੋਧ ਸਿੰਘ ਸਮਰਾ ਦਾ ਸਨਮਾਨ ਕੀਤਾ ਗਿਆ।
ਰਿਸਦੇ ਜ਼ਖ਼ਮ ਨਾਅਰਿਆਂ ਨਾਲ ਜਾਂ ਮਾਰਚ ਨਾਲ ਨਹੀਂ ਭਰਨੇ: ਕਿਰਨਜੀਤ ਕੌਰ
ਸ਼੍ਰੋਮਣੀ ਅਕਾਲੀ ਦਲ ਨਾਲ ਸਬੰਧਤ ਸ਼੍ਰੋਮਣੀ ਕਮੇਟੀ ਮੈਂਬਰ ਕਿਰਨਜੋਤ ਕੌਰ ਨੇ ਅੱਜ ਇੱਥੇ ਆਪਣੇ ਸੋਸ਼ਲ ਮੀਡੀਆ ’ਤੇ ਇੱਕ ਪੋਸਟ ਸਾਂਝੀ ਕਰਦਿਆਂ ਇਸ ਯਾਤਰਾ ਦਾ ਨਾਮ ਲਏ ਬਿਨਾਂ ਕਿਹਾ ਕਿ ਪੰਜਾਬ ਦੇ ਰਿਸਦੇ ਜ਼ਖ਼ਮ ਨਾਅਰਿਆਂ ਨਾਲ ਜਾਂ ਮਾਰਚ ਕੱਢ ਕੇ ਨਹੀਂ ਭਰੇ ਜਾ ਸਕਦੇ। ਉਨ੍ਹਾਂ ਕਿਹਾ ਕਿ ਇਸ ਵਾਸਤੇ ਹਰੇਕ ਖੇਤਰ ਦੇ ਮਾਹਿਰਾਂ ਦੀ ਰਾਏ ਲੈ ਕੇ ਅਤੇ ਕੋਈ ਠੋਸ ਪ੍ਰੋਗਰਾਮ ਤੇ ਭਵਿੱਖ ਦੀ ਯੋਜਨਾ ਉਲੀਕਣ ਦੀ ਲੋੜ ਹੈ।