For the best experience, open
https://m.punjabitribuneonline.com
on your mobile browser.
Advertisement

ਪੰਜਾਬ ਸਰਕਾਰ ਪਰਵਾਸੀ ਪੰਜਾਬੀਆਂ ਦੀ ਮਦਦ ਲਈ ਵਚਨਬੱਧ: ਮਾਨ

07:48 AM Aug 09, 2024 IST
ਪੰਜਾਬ ਸਰਕਾਰ ਪਰਵਾਸੀ ਪੰਜਾਬੀਆਂ ਦੀ ਮਦਦ ਲਈ ਵਚਨਬੱਧ  ਮਾਨ
ਮੁੱਖ ਮੰਤਰੀ ਭਗਵੰਤ ਮਾਨ ਦਿੱਲੀ ਦੇ ਹਵਾਈ ਅੱਡੇ ’ਤੇ ‘ਪੰਜਾਬ ਸਹਾਇਤਾ ਕੇਂਦਰ’ ਦਾ ਉਦਘਾਟਨ ਕਰਦੇ ਹੋਏ। -ਫੋਟੋ: ਮੁਕੇਸ਼ ਅਗਰਵਾਲ
Advertisement

ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 8 ਅਗਸਤ
ਦੁਨੀਆ ਭਰ ’ਚ ਵੱਸਦੇ ਪੰਜਾਬੀ ਭਾਈਚਾਰੇ ਨੂੰ ਵੱਡੀ ਸਹੂਲਤ ਦਿੰਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਇੱਥੇ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ਦੇ ਟਰਮੀਨਲ-3 ’ਤੇ ‘ਪੰਜਾਬ ਸਹਾਇਤਾ ਕੇਂਦਰ’ ਦਾ ਉਦਘਾਟਨ ਕੀਤਾ। ਸਹਾਇਤਾ ਕੇਂਦਰ ਦੀ ਸ਼ੁਰੂਆਤ ਕਰਦਿਆਂ ਮੁੱਖ ਮੰਤਰੀ ਨੇ ਕਿਹਾ, ‘‘ਸਾਡੇ ਲਈ ਅੱਜ ਇਕ ਇਤਿਹਾਸਕ ਦਿਨ ਹੈ ਕਿਉਂਕਿ ਪੰਜਾਬ ਅਜਿਹਾ ਉਪਰਾਲਾ ਕਰਨ ਵਾਲਾ ਦੇਸ਼ ਦਾ ਪਹਿਲਾ ਸੂਬਾ ਹੈ ਜਿਸ ਤੋਂ ਸੂਬਾ ਸਰਕਾਰ ਦੀ ਐੱਨਆਰਆਈ ਭਾਈਚਾਰੇ ਦੀ ਮਦਦ ਅਤੇ ਸਹਿਯੋਗ ਕਰਨ ਲਈ ਦ੍ਰਿੜ੍ਹ ਪ੍ਰਤੀਬੱਧਤਾ ਝਲਕਦੀ ਹੈ।’’ ਉਨ੍ਹਾਂ ਆਖਿਆ ਕਿ ਕੇਂਦਰ 24 ਘੰਟੇ ਕਾਰਜਸ਼ੀਲ ਰਹੇਗਾ ਤੇ ਇਹ ਇਸ ਟਰਮੀਨਲ ’ਤੇ ਆਉਣ ਵਾਲੇ ਐੱਨਆਰਆਈਜ਼ ਤੇ ਹੋਰ ਮੁਸਾਫਰਾਂ ਨੂੰ ਸਹਾਇਤਾ ਪ੍ਰਦਾਨ ਕਰੇਗਾ।
ਭਗਵੰਤ ਮਾਨ ਨੇ ਕਿਹਾ ਕਿ ਇਸ ਕੇਂਦਰ ਕੋਲ ਦੋ ਇਨੋਵਾ ਕਾਰਾਂ ਹੋਣਗੀਆਂ ਜੋ ਮੁਸਾਫਰਾਂ ਨੂੰ ਪੰਜਾਬ ਭਵਨ ਜਾਂ ਹੋਰ ਨੇੜਲੀਆਂ ਥਾਵਾਂ ’ਤੇ ਲਿਜਾਣ ਲਈ ਮਦਦ ਕਰਨਗੀਆਂ। ਯਾਤਰੀ ਜਾਂ ਉਨ੍ਹਾਂ ਦੇ ਰਿਸ਼ਤੇਦਾਰ ਉਡਾਣਾਂ ਦੇ ਸਮੇਂ, ਟੈਕਸੀ ਸਰਵਿਸ, ਹਵਾਈ ਅੱਡੇ ’ਤੇ ਗੁਆਚੇ ਸਾਮਾਨ ਬਾਰੇ ਸੂਚਿਤ ਕਰਨ ਜਾਂ ਕੋਈ ਹੋਰ ਸਹਾਇਤਾ ਲਈ ਇਸ ਕੇਂਦਰ ਤੱਕ ਪਹੁੰਚ ਕਰ ਸਕਦੇ ਹਨ। ਮੁੱਖ ਮੰਤਰੀ ਮੁਤਾਬਕ ਜੇ ਕੋਈ ਐਮਰਜੈਂਸੀ ਪੇਸ਼ ਆਉਂਦੀ ਹੈ ਤਾਂ ਨਵੀਂ ਦਿੱਲੀ ਸਥਿਤ ਪੰਜਾਬ ਭਵਨ, ਕੌਪਰਨਿਕਸ ਮਾਰਗ ’ਤੇ ਕੁਝ ਕਮਰੇ ਵੀ ਮੁਸਾਫਿਰਾਂ ਅਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਨੂੰ ਦਿੱਤੇ ਜਾਣਗੇ ਅਤੇ ‘‘ਕਿਸੇ ਤਰ੍ਹਾਂ ਦੀ ਵੀ ਸਹਾਇਤਾ ਲੈਣ ਲਈ ਫੋਨ ਨੰਬਰ 011-61232182 ’ਤੇ ਸੰਪਰਕ ਕੀਤਾ ਜਾ ਸਕਦਾ ਹੈ।’’
ਇਸ ਮੌਕੇ ਮਾਨ ਨੇ ਕਿਹਾ ਕਿ ਪੰਜਾਬ ਤੋਂ ਕੌਮੀ ਰਾਜਧਾਨੀ ਆਉਣ ਵਾਲੇ ਵਾਹਨਾਂ ਦੀ ਨਿਰਵਿਘਨ ਐਂਟਰੀ ਦਾ ਮਸਲਾ ਛੇਤੀ ਹੱਲ ਕਰ ਲਿਆ ਜਾਵੇਗਾ ਕਿਉਂਕਿ ਹੁਣ ਮਿਊਂਸਿਪਲ ਕਾਰਪੋਰੇਸ਼ਨ, ਦਿੱਲੀ ਵਿੱਚ ਵੀ ਆਮ ਆਦਮੀ ਪਾਰਟੀ ਸੱਤਾ ’ਚ ਹੈ।

Advertisement

‘ਵਿਨੇਸ਼ ਫੋਗਾਟ ਦੇ ਮਾਮਲੇ ਨੇ ਖੇਡ ਪ੍ਰੇਮੀਆਂ ਦੇ ਹਿਰਦੇ ਵਲੂੰਧਰੇ’

ਮਹਿਲਾ ਪਹਿਲਵਾਨ ਵਿਨੇਸ਼ ਫੋਗਾਟ ਦੀ ਘਟਨਾ ਬਾਰੇ ਮੁੱਖ ਮੰਤਰੀ ਨੇ ਕਿਹਾ ਕਿ ਇਸ ਘਟਨਾ ਨਾਲ ਸਮੁੱਚੇ ਖੇਡ ਜਗਤ ਨੂੰ ਵੱਡਾ ਧੱਕਾ ਲੱਗਾ ਹੈ। ਉਨ੍ਹਾਂ ਨੇ ਘਟਨਾ ਨਾਲ ਖੇਡ ਪ੍ਰੇਮੀਆਂ ਦਿਲਾਂ ਨੂੰ ਠੇਸ ਪਹੁੰਚੀ ਹੈ ਜਿਸ ਕਰਕੇ ਇਸ ’ਚ ਸਹਾਇਕ ਸਟਾਫ ਦੀ ਭੂਮਿਕਾ ਦੀ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਜਾਂਚ ਨਾਲ ਨਾ ਸਿਰਫ ਲੋਕਾਂ ਦਾ ਸਮੁੱਚੇ ਢਾਂਚੇ ਵਿੱਚ ਭਰੋਸਾ ਬਹਾਲ ਹੋਵੇਗਾ ਸਗੋਂ ਮਾਮਲੇ ਦੀ ਅਸਲ ਸਚਾਈ ਸਾਹਮਣੇ ਆਵੇਗੀ। ਮਾਨ ਮੁਤਾਬਕ, ‘‘ਮਾਮਲੇ ’ਚ ਫੋਗਾਟ ਦੇ ਸਟਾਫ ਦੀ ਭੂਮਿਕਾ ਕਥਿਤ ਸ਼ੱਕੀ ਹੈ, ਜਿਸ ਨੇ ਨਿਰਧਾਰਤ ਸਮੇਂ ਅੰਦਰ ਪਹਿਲਵਾਨ ਦਾ ਭਾਰ ਕੰਟਰੋਲ ’ਚ ਰੱਖਣ ਲਈ ਕੋਈ ਕਦਮ ਨਹੀਂ ਚੁੱਕਿਆ। ਇਹ ਸਹਾਇਕ ਸਟਾਫ ਦੀ ਨਾਕਾਮੀ ਹੈ ਕਿਉਂਕਿ ਅਜਿਹੀਆਂ ਗੱਲਾਂ ਦਾ ਖਿਆਲ ਰੱਖਣਾ ਉਨ੍ਹਾਂ ਦੀ ਜ਼ਿੰਮੇਵਾਰੀ ਹੈ।’’

Advertisement

Advertisement
Author Image

joginder kumar

View all posts

Advertisement