ਪੰਜਾਬ ਨੂੰ ਮਿਲਿਆ ਨਵਾਂ ਮੁੱਖ ਸਕੱਤਰ; ਕੇਏਪੀ ਸਿਨਹਾ ਨੇ ਅਨੁਰਾਗ ਵਰਮਾ ਦੀ ਥਾਂ ਲਈ
ਰੁਚਿਕਾ ਖੰਨਾ
ਚੰਡੀਗੜ੍ਹ, 9 ਅਕਤੂਬਰ
Punjab gets new Chief Secretary ਪੰਜਾਬ ਸਰਕਾਰ ਨੇ ਬੁੱਧਵਾਰ ਨੂੰ ਸੂਬੇ ਦੇ ਮੁੱਖ ਸਕੱਤਰ ਅਨੁਰਾਗ ਵਰਮਾ ਨੂੰ ਬਦਲ ਕੇ ਉਨ੍ਹਾਂ ਦੀ ਥਾਂ 1992 ਬੈਚ ਦੇ ਆਈਏਐਸ ਅਧਿਕਾਰੀ ਕੇਏਪੀ ਸਿਨਹਾ ਨੂੰ ਨਿਯੁਕਤ ਕੀਤਾ ਹੈ।
ਮੁੱਖ ਮੰਤਰੀ ਭਗਵੰਤ ਮਾਨ ਦੇ ਦਫ਼ਤਰ ਵਿੱਚ ਆਮ ਆਦਮੀ ਪਾਰਟੀ ਹਾਈਕਮਾਂਡ ਦੇ ਇਸ਼ਾਰੇ ’ਤੇ ਕੀਤੀਆਂ ਜਾ ਰਹੀਆਂ ਹੋਰ ਤਬਦੀਲੀਆਂ ਦੇ ਮੱਦੇਨਜ਼ਰ ਸਿਖਰਲੇ ਪੱਧਰ 'ਤੇ ਇਹ ਤਬਦੀਲੀ ਕੀਤੀ ਗਈ ਹੈ। ਮੁੱਖ ਮੰਤਰੀ ਦੇ ਚਾਰ ਸਹਿਯੋਗੀਆਂ ਨੂੰ ਪਹਿਲਾਂ ਹੀ ਅਸਤੀਫਾ ਦੇਣ/ਜਮ੍ਹਾਂ ਕਰਨ ਲਈ ਕਿਹਾ ਜਾ ਚੁੱਕਾ ਹੈ। ਹਾਲਾਂਕਿ, ਸੂਬੇ ਉੱਚ ਪ੍ਰਸ਼ਾਸਨਿਕ ਅਹੁਦੇ ’ਤੇ ਤਬਦੀਲੀ ਦਾ ਕੋਈ ਫੌਰੀ ਕਾਰਨ ਨਹੀਂ ਦੱਸਿਆ ਗਿਆ ਹੈ, ਪਰ ਸੂਤਰਾਂ ਦਾ ਕਹਿਣਾ ਹੈ ਕਿ ਪਾਰਟੀ ਹਾਈਕਮਾਂਡ ਸਰਕਾਰੀ ਸਕੀਮਾਂ ਨੂੰ ਲਾਗੂ ਕਰਨ ਅਤੇ ਫੈਸਲਿਆਂ ਵਿੱਚ ਦੇਰ ਹੋਣ ਤੋਂ ਖੁਸ਼ ਨਹੀਂ ਹੈ।
ਪਿਛਲੇ ਹਫ਼ਤੇ ਮੁੱਖ ਸਕੱਤਰ ਵਰਮਾ ਨੂੰ ਕਥਿਤ ਤੌਰ 'ਤੇ ਪਾਰਟੀ ਦੇ ਉੱਚ ਅਧਿਕਾਰੀਆਂ ਨਾਲ ਮੀਟਿੰਗ ਲਈ ਦਿੱਲੀ ਸੱਦਿਆ ਗਿਆ ਸੀ। ਪਿਛਲੇ ਢਾਈ ਸਾਲਾਂ ਵਿੱਚ ਜਦੋਂ ਤੋਂ ਪੰਜਾਬ ਵਿੱਚ ‘ਆਪ’ ਸਰਕਾਰ ਨੇ ਸੱਤਾ ਸੰਭਾਲੀ ਹੈ, ਸਿਨਹਾ ਪੰਜਾਬ ਦੇ ਚੌਥੇ ਮੁੱਖ ਸਕੱਤਰ ਹਨ।