ਪੰਜਾਬ ਐਫਸੀ ਵੱਲੋਂ ਇੰਡੀਅਨ ਸੁਪਰ ਲੀਗ ਦੇ ਨਵੇਂ ਸੀਜ਼ਨ ਲਈ ਟੀਮ ਦਾ ਐਲਾਨ
ਚੰਡੀਗੜ੍ਹ, 11 ਸਤੰਬਰ
ਇੰਡੀਅਨ ਸੁਪਰ ਲੀਗ ਵਿਚ ਉੱਤਰੀ ਭਾਰਤ ਦੀ ਇਕਲੌਤੀ ਨੁਮਾਇੰਦਗੀ ਕਰਦੀ ਪੰਜਾਬ ਐੱਫਸੀ ਦੀ ਟੀਮ ਨੇ ਲੀਗ ਦੇ ਅਗਾਮੀ ਸੀਜ਼ਨ ਲਈ ਆਪਣੀ 26 ਮੈਂਬਰੀ ਟੀਮ ਦਾ ਐਲਾਨ ਕਰ ਦਿੱਤਾ ਹੈ। ਟੀਮ ਪ੍ਰਬੰਧਨ ਵੱਲੋਂ ਅਗਾਮੀ ਸੀਜ਼ਨ ਲਈ ਨਵੀਂ ਜਰਸੀ ਵੀ ਜਾਰੀ ਕੀਤੀ ਗਈ ਹੈ। ਪੰਜਾਬ ਐੱਫਸੀ ਦੇ ਸ਼ੇਰ 15 ਸਤੰਬਰ ਨੂੰ ਕੋਚੀ ਵਿੱਚ ਕੇਰਲ ਬਲਾਸਟਰ ਖ਼ਿਲਾਫ਼ ਆਪਣੀ ਮੁਹਿੰਮ ਦੀ ਸ਼ੁਰੂਆਤ ਕਰਨਗੇ ਜਦੋਂਕਿ 20 ਸਤੰਬਰ ਨੂੰ ਨਵੀਂ ਦਿੱਲੀ ਦੇ ਜਵਾਹਰ ਲਾਲ ਨਹਿਰੂ ਸਟੇਡੀਅਮ ਵਿੱਚ ਆਪਣਾ ਪਹਿਲਾ ਘਰੇਲੂ ਮੈਚ ਖੇਡਣਗੇ। ਟੀਮ ਦੀ ਚੋਣ ਮੁੱਖ ਕੋਚ ਪੈਨਾਜੀਓਟਿਸ ਡਿਲਮਪੀਰਿਸ ਨੇ ਕੀਤੀ ਹੈ। ਟੀਮ ਵਿਚ ਨੌਜਵਾਨਾਂ ਅਤੇ ਤਜਰਬੇ ਦਾ ਸੰਤੁਲਨ ਰੱਖਿਆ ਗਿਆ ਹੈ। ਵਿਦੇਸ਼ੀ ਖਿਡਾਰੀਆਂ ’ਚੋਂ ਲੂਕਾ ਮੇਜੇਨ, ਮੁਸ਼ਾਗਾ ਬੇਕੇਂਗਾ, ਈਜ਼ੇਕੁਏਲ ਵਿਡਾਲ, ਇਵਾਨ ਨੋਵੋਸੇਲੇਕ, ਅਸਮੀਰ ਸੁਲਜਿਕ ਅਤੇ ਫਿਲਿਪ ਮਰਜ਼ਲਜਾਕ ਨੂੰ ਟੀਮ ਵਿੱਚ ਸ਼ਾਮਲ ਕੀਤਾ ਗਿਆ ਹੈ। ਘਰੇਲੂ ਭਾਰਤੀ ਖਿਡਾਰੀਆਂ ਵਿੱਚੋਂ ਵਿਨੀਤ ਰਾਏ, ਨਿੰਥੋਇੰਗਨਬਾ ਮੀਤੇਈ, ਮੁਹੀਤ ਸ਼ਬੀਰ, ਨਿਹਾਲ ਸੁਦੇਸ਼ ਅਤੇ ਲਿਕਮਬਾਮ ਰਾਕੇਸ਼ ਸਿੰਘ ਸ਼ਾਮਲ ਹਨ। ਅਕੈਡਮੀ ਤੋਂ ਮੁਹੰਮਦ ਸੁਹੇਲ ਐੱਫ. ਅਤੇ ਸ਼ਮੀ ਸਿੰਗਾਮਯੁਮ ਨੂੰ ਸੀਨੀਅਰ ਸਾਈਡ ’ਤੇ ਤਰੱਕੀ ਦਿੱਤੀ ਗਈ ਹੈ। ਟੇਕਚਮ ਅਭਿਸ਼ੇਕ ਸਿੰਘ, ਮੰਗਲੇਨਥਾਂਗ ਕਿਪਗੇਨ ਅਤੇ ਆਯੂਸ਼ ਦੇਸ਼ਵਾਲ ਨਾਲ ਪਹਿਲਾਂ ਹੀ ਸੀਨੀਅਰ ਸਾਈਡ ਨਾਲ ਜੁੜੇ ਹਨ। ਟੀਮ ਦਾ ਐਲਾਨ ਕਰਦਿਆਂ ਮੁੱਖ ਕੋਚ ਪੈਨਾਜੀਓਟਿਸ ਡਿਲਮਪੀਰਿਸ ਨੇ ਕਿਹਾ, “ਅਸੀਂ ਇੱਕ ਟੀਮ ਬਣਾਈ ਹੈ ਜੋ ਇਸ ਸੀਜ਼ਨ ਵਿੱਚ ਲੀਗ ਵਿਚ ਸਿਖਰਲੇ ਸਥਾਨਾਂ ਲਈ ਹੋਰਨਾਂ ਟੀਮਾਂ ਨੂੰ ਚੁਣੌਤੀ ਦੇ ਸਕਦੀ ਹੈ। ਵਿਦੇਸ਼ੀ ਖਿਡਾਰੀਆਂ ਕੋਲ ਵੱਡਾ ਤਜਰਬਾ ਹੈ ਅਤੇ ਸਾਡੇ ਕੋਲ ਭਾਰਤੀ ਖਿਡਾਰੀਆਂ ਦਾ ਦਿਲਚਸਪ ਪੂਲ ਹੈ। ਸਾਡਾ ਪ੍ਰੀ-ਸੀਜ਼ਨ ਚੰਗਾ ਰਿਹਾ ਹੈ ਤੇ ਅਸੀਂ ਉਮੀਦ ਕਰਦੇ ਹਾਂ ਕਿ ਅਸੀਂ ਸੀਜ਼ਨ ਦੀ ਚੰਗੀ ਸ਼ੁਰੂਆਤ ਕਰਾਂਗੇ ਅਤੇ ਆਪਣੀ ਸਰਵੋਤਮ ਸਮਰੱਥਾ ਅਨੁਸਾਰ ਪ੍ਰਦਰਸ਼ਨ ਕਰਾਂਗੇ।’’