ਪੰਜਾਬ ਕਾਂਗਰਸ ‘ਸਮਰਾਲਾ ਰੈਲੀ’ ਵਿੱਚ ਵਜਾਏਗੀ ਚੋਣ ਬਿਗਲ
ਚਰਨਜੀਤ ਭੁੱਲਰ
ਚੰਡੀਗੜ੍ਹ, 1 ਫਰਵਰੀ
ਕਾਂਗਰਸ ਪਾਰਟੀ ਵੱਲੋਂ 11 ਫਰਵਰੀ ਨੂੰ ਲੁਧਿਆਣਾ ਜ਼ਿਲ੍ਹੇ ਦੇ ਸਮਰਾਲਾ ਵਿੱਚ ਕੀਤੀ ਜਾ ਰਹੀ ਰੈਲੀ ਦੌਰਾਨ ਅਗਾਮੀ ਲੋਕ ਸਭਾ ਚੋਣਾਂ ਦਾ ਬਿਗਲ ਵਜਾਇਆ ਜਾਵੇਗਾ। ਇਸ ਰੈਲੀ ਵਿੱਚ ਆਲ ਇੰਡੀਆ ਕਾਂਗਰਸ ਕਮੇਟੀ ਦੇ ਪ੍ਰਧਾਨ ਮਲਿਕਾਰਜੁਨ ਖੜਗੇ ਵੀ ਸ਼ਾਮਲ ਹੋਣਗੇ। ਪੰਜਾਬ ਕਾਂਗਰਸ ਵੱਲੋਂ ਰੈਲੀ ਦੀਆਂ ਤਿਆਰੀਆਂ ਆਰੰਭ ਦਿੱਤੀਆਂ ਗਈਆਂ ਹਨ, ਜਿਸ ਤਹਿਤ ਅੱਜ ਇੱਥੇ ਪਾਰਟੀ ਆਗੂਆਂ ਨੇ ਜ਼ਿਲ੍ਹਾ ਪ੍ਰਧਾਨਾਂ, ਮੌਜੂਦਾ ਵਿਧਾਇਕਾਂ ਤੇ ਹਲਕਾ ਇੰਚਾਰਜਾਂ ਨਾਲ ਮੀਟਿੰਗਾਂ ਕੀਤੀਆਂ। ਮੁੱਖ ਮੰਤਰੀ ਭਗਵੰਤ ਮਾਨ ਇਸ ਗੱਲ ਦਾ ਸਪੱਸ਼ਟ ਇਸ਼ਾਰਾ ਕਰ ਚੁੱਕੇ ਹਨ ਕਿ ‘ਆਪ’ ਪੰਜਾਬ ਵਿੱਚ ਆਪਣੇ ਦਮ ’ਤੇ ਲੋਕ ਸਭਾ ਚੋਣਾਂ ਲੜੇਗੀ। ਬੇਸ਼ੱਕ ਪੰਜਾਬ ਵਿੱਚ ‘ਆਪ’ ਤੇ ਕਾਂਗਰਸ ਦਰਮਿਆਨ ਕੋਈ ਗੱਠਜੋੜ ਨਾ ਹੋਣ ਦਾ ਰਸਮੀ ਐਲਾਨ ਤਾਂ ਨਹੀਂ ਹੋਇਆ ਹੈ ਪਰ ਇਹ ਗੱਲ ਪ੍ਰਤੱਖ ਹੋ ਗਈ ਹੈ ਕਿ ਦੋਵੇਂ ਧਿਰਾਂ ਜੋਟੀ ਪਾ ਕੇ ਚੋਣ ਮੈਦਾਨ ਵਿੱਚ ਨਹੀਂ ਉਤਰਨਗੀਆਂ। ‘ਆਪ’ ਨੇ ਪਹਿਲਾਂ ਹੀ ਸੰਸਦੀ ਹਲਕਿਆਂ ਵਿੱਚ ਰੈਲੀਆਂ ਦਾ ਸਿਲਸਿਲਾ ਆਰੰਭਿਆ ਹੋਇਆ ਹੈ। ਅੱਜ ਹੋਈਆਂ ਮੀਟਿੰਗਾਂ ਦੀ ਅਗਵਾਈ ਕਾਂਗਰਸ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਦੇਵੇਂਦਰ ਯਾਦਵ, ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਅਤੇ ਸਾਬਕਾ ਮੰਤਰੀ ਭਾਰਤ ਭੂਸ਼ਨ ਆਸ਼ੂ ਨੇ ਕੀਤੀ। ਇਸ ਦੌਰਾਨ ਰੈਲੀ ਲਈ ਵਿਧਾਇਕਾਂ ਤੇ ਹਲਕਾ ਇੰਚਾਰਜਾਂ ਦੀਆਂ ਡਿਊਟੀਆਂ ਲਗਾਈਆਂ ਗਈਆਂ। ਪ੍ਰਾਪਤ ਜਾਣਕਾਰੀ ਅਨੁਸਾਰ ਰੈਲੀ ਲਈ ਦੂਰ ਦੇ ਜ਼ਿਲ੍ਹਿਆਂ ਨੂੰ ਵਰਕਰਾਂ ਦੀਆਂ ਪ੍ਰਤੀ ਹਲਕਾ ਪੰਜ ਤੋਂ ਦਸ ਬੱਸਾਂ ਜਦਕਿ ਨੇੜਲੇ ਹਲਕਿਆਂ ਨੂੰ ਵਧੇਰੇ ਬੱਸਾਂ ਭਰ ਕੇ ਲਿਆਉਣ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਗੌਰਤਲਬ ਹੈ ਕਿ ਪਾਰਟੀ ਦੇ ਸਾਬਕਾ ਵਜ਼ੀਰਾਂ ਨੇ ਸਲਾਹ ਦਿੱਤੀ ਹੈ ਕਿ ਅਗਾਮੀ ਲੋਕ ਸਭਾ ਚੋਣਾਂ ਵਿੱਚ ਪਾਰਟੀ ਵੱਲੋਂ ਸਾਬਕਾ ਵਜ਼ੀਰਾਂ, ਖਾਸ ਕਰ ਕੇ ਵੱਡੇ ਚਿਹਰਿਆਂ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਜਾਵੇ ਅਤੇ ਉਮੀਦਵਾਰਾਂ ਬਾਰੇ ਫ਼ੈਸਲਾ ਛੇਤੀ ਲਿਆ ਜਾਵੇ। ਕਾਂਗਰਸ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਦੇਵੇਂਦਰ ਯਾਦਵ ਨੇ ਅੱਜ ਮੀਟਿੰਗਾਂ ਦੌਰਾਨ ਜ਼ਿਲ੍ਹਾ ਪ੍ਰਧਾਨਾਂ ਤੋਂ ਫੀਡਬੈਕ ਲਈ ਅਤੇ ਪਾਰਟੀ ਦੇ ਸੰਗਠਨ ਸਬੰਧੀ ਵਿਚਾਰ ਕੀਤੀ। ਜਿਨ੍ਹਾਂ ਹਲਕਿਆਂ ਦੇ ਇੰਚਾਰਜ ਨਹੀਂ ਹਨ, ਉੱਥੇ ਇੰਚਾਰਜ ਲਾਉਣ ਦੀ ਮੰਗ ਵੀ ਰੱਖੀ ਗਈ ਹੈ।
ਨਵਜੋਤ ਸਿੱਧੂ ਤੇ ਚਰਨਜੀਤ ਚੰਨੀ ਰਹੇ ਗ਼ੈਰ-ਹਾਜ਼ਰ
ਸਾਬਕਾ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਤੇ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਦੋਵੇਂ ਹੀ ਅੱਜ ਦੀਆਂ ਇਨ੍ਹਾਂ ਮੀਟਿੰਗਾਂ ’ਚੋਂ ਗੈਰ-ਹਾਜ਼ਰ ਰਹੇ। ਮੀਟਿੰਗਾਂ ਦੌਰਾਨ ਬਿਨਾਂ ਨਾਮ ਲਏ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਖ਼ਿਲਾਫ਼ ਕਾਰਵਾਈ ਦੀ ਗੂੰਜ ਵੀ ਪਈ। ਇਸ ਦੌਰਾਨ ਦੋ ਸਾਬਕਾ ਸੀਨੀਅਰ ਵਜ਼ੀਰਾਂ ਨੇ ਇਹ ਵੀ ਆਖਿਆ ਕਿ ਮਾਮਲੇ ਨੂੰ ਹੁਣ ਬਹੁਤਾ ਲਟਕਾਇਆ ਨਾ ਜਾਵੇ। ਦੇਵੇਂਦਰ ਯਾਦਵ ਨੇ ਇਸ ਮੌਕੇ ਕਿਹਾ ਕਿ ਸਖ਼ਤੀ ਮਗਰੋਂ ਹੁਣ ਕੁਝ ਫਰਕ ਪਿਆ ਹੈ।