ਪੰਜਾਬ ਕਾਂਗਰਸ ਦੀ ਦਿੱਲੀ ’ਚ ਮੀਟਿੰਗ ਅੱਜ
ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 12 ਮਾਰਚ
ਪੰਜਾਬ ਕਾਂਗਰਸ ਦੀ ਅਹਿਮ ਬੈਠਕ 13 ਮਾਰਚ ਨੂੰ ਦਿੱਲੀ ’ਚ ਹੋਵੇਗੀ। ਪੰਜਾਬ ਕਾਂਗਰਸ ਦੇ ਨਵੇਂ ਇੰਚਾਰਜ ਭੂਪੇਸ਼ ਬਘੇਲ ਨੇ ਇਹ ਮੀਟਿੰਗ ਸੱਦੀ ਹੈ, ਜਿਸ ਵਿਚ ਪੰਜਾਬ ਕਾਂਗਰਸ ਦੇ ਰਾਜਸੀ ਮਾਮਲਿਆਂ ਨਾਲ ਸਬੰਧਤ ਕਮੇਟੀ ਦੇ ਮੈਂਬਰ ਸ਼ਾਮਲ ਹੋਣਗੇ।
ਸੂਤਰਾਂ ਮੁਤਾਬਕ ਭਲਕ ਦੀ ਮੀਟਿੰਗ ਵਿੱਚ ਪੰਜਾਬ ’ਚ 2027 ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਨੂੰ ਲੈ ਕੇ ਸਿਆਸੀ ਮੰਥਨ ਹੋਵੇਗਾ। ਮੀਟਿੰਗ ਵਿੱਚ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਤੋਂ ਇਲਾਵਾ ਕਾਂਗਰਸ ਦੇ ਸੀਨੀਅਰ ਆਗੂ ਵੀ ਸ਼ਾਮਲ ਹੋਣਗੇ। ਮੀਟਿੰਗ ਵਿੱਚ ਕਾਂਗਰਸੀ ਨੇਤਾਵਾਂ ਦੀ ਆਪਸੀ ਧੜੇਬੰਦੀ ਨੂੰ ਲੈ ਕੇ ਵੀ ਤਾੜਨਾ ਕੀਤੇ ਜਾਣ ਦੀ ਸੰਭਾਵਨਾ ਹੈ। ਭੂਪੇਸ਼ ਬਘੇਲ ਨੇ ਪੰਜਾਬ ਦੇ ਪਲੇਠੇ ਦੌਰੇ ਦੌਰਾਨ ਪਾਰਟੀ ’ਚ ਅਨੁਸ਼ਾਸਨ ਕਾਇਮ ਰੱਖੇ ਜਾਣ ਦਾ ਸਬਕ ਦਿੱਤਾ ਸੀ। ਪਿਛਲੇ ਦਿਨਾਂ ਤੋਂ ਕਾਂਗਰਸ ਵਿਧਾਇਕ ਸੁਖਪਾਲ ਸਿੰਘ ਖਹਿਰਾ ਜਨਤਕ ਤੌਰ ’ਤੇ ਪਾਰਟੀ ਦੇ ਹੀ ਵਿਧਾਇਕ ਰਾਣਾ ਗੁਰਜੀਤ ਸਿੰਘ ’ਤੇ ਉਂਗਲ ਉਠਾ ਰਹੇ ਹਨ। ਇਹ ਮਾਮਲਾ ਵੀ ਭਲਕੇ ਦੀ ਮੀਟਿੰਗ ਵਿੱਚ ਵਿਚਾਰਿਆ ਜਾ ਸਕਦਾ ਹੈ।