Punjab Congress Internal Politics: ਫਿਲੌਰ ਤੋਂ ਵਿਧਾਇਕ ਵਿਕਰਮਜੀਤ ਚੌਧਰੀ ਦੀ ਮੁਅੱਤਲੀ ਕਾਂਗਰਸ ਵੱਲੋਂ ਰੱਦ
ਚੌਧਰੀ ਦੀ ਵਾਪਸੀ ਨੂੰ ਪੰਜਾਬ ਕਾਂਗਰਸ ਪ੍ਰਧਾਨ ਵੜਿੰਗ ਵੱਲੋਂ ਚੰਨੀ ਖ਼ਿਲਾਫ਼ ‘ਜੈਸੇ ਨੂੰ ਤੈਸਾ’ ਦੀ ਕਾਰਵਾਈ ਵਜੋਂ ਦੇਖਿਆ ਜਾ ਰਿਹਾ ਹੈ; ਪਿਛਲੀਆਂ ਲੋਕ ਸਭਾ ਚੋਣਾਂ ਵਿਚ ਚੌਧਰੀ ਨੇ ਜਲੰਧਰ ਤੋਂ ਚੰਨੀ ਦਾ ਕੀਤਾ ਸੀ ਵਿਰੋਧ; ਪਹਿਲਾਂ ਚੰਨੀ ਨੇ ਲੁਧਿਆਣਾ ਲੋਕ ਸਭਾ ਵਿਚ ਵੜਿੰਗ ਦਾ ਵਿਰੋਧ ਕਰਨ ਵਾਲੇ ਦੋ ਆਗੂ ਕਾਂਗਰਸ ਵਿਚ ਸ਼ਾਮਲ ਕਰਵਾਏ
ਦੀਪਕਮਲ ਕੌਰ
ਜਲੰਧਰ, 2 ਜੂਨ
ਕਾਂਗਰਸ ਨੇ ਸੋਮਵਾਰ ਨੂੰ ਫਿਲੌਰ ਦੇ ਕਾਂਗਰਸੀ ਵਿਧਾਇਕ ਵਿਕਰਮਜੀਤ ਸਿੰਘ ਚੌਧਰੀ ਦੀ ਮੁਅੱਤਲੀ ਰੱਦ ਕਰ ਦਿੱਤੀ ਹੈ।
ਲੁਧਿਆਣਾ ਨੇੜੇ ਦਾਖਾ ਵਿਧਾਨ ਸਭਾ ਹਲਕੇ ਵਿੱਚ ਕਾਂਗਰਸ ਦੀ 'ਸੰਵਿਧਾਨ ਬਚਾਓ' ਰੈਲੀ ਵਿੱਚ ਚੌਧਰੀ ਨੂੰ ਵਾਪਸ ਪਾਰਟੀ ਵਿੱਚ ਸ਼ਾਮਲ ਕਰ ਲਿਆ ਗਿਆ ਸੀ। ਸੰਸਦੀ ਚੋਣਾਂ ਤੋਂ ਇੱਕ ਮਹੀਨਾ ਪਹਿਲਾਂ ਅਪਰੈਲ 2024 ਵਿੱਚ ਚੌਧਰੀ ਨੂੰ ਮੁਅੱਤਲ ਕਰ ਦਿੱਤਾ ਗਿਆ ਸੀ, ਜਦੋਂ ਉਹ ਅਤੇ ਉਨ੍ਹਾਂ ਦੀ ਮਾਤਾ ਕਰਮਜੀਤ ਕੌਰ ਚੌਧਰੀ ਨੇ ਜਲੰਧਰ ਲੋਕ ਸਭਾ ਹਲਕੇ ਤੋਂ ਚੋਣ ਲੜਨ ਲਈ ਪਾਰਟੀ ਦੀ ਟਿਕਟ ਦੀ ਮੰਗ ਕੀਤੀ ਸੀ।
ਇਸ ਦੌਰਾਨ ਪਾਰਟੀ ਵੱਲੋਂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਜਲੰਧਰ ਤੋਂ ਟਿਕਟ ਦੇਣ ਦਾ ਐਲਾਨ ਕੀਤੇ ਜਾਣ ਪਿੱਛੋਂ ਚੌਧਰੀ ਨੇ ਉਨ੍ਹਾਂ ਦੀ ਉਮੀਦਵਾਰੀ ਵਿਰੁੱਧ ਖੁਲ੍ਹ ਕੇ ਬਿਆਨਬਾਜ਼ੀ ਕੀਤੀ ਸੀ।
ਇਸ ਕਾਰਨ ਉਨ੍ਹਾਂ ਖ਼ਿਲਾਫ਼ ਪਾਰਟੀ ਨੇ ਇਹ ਅਨੁਸ਼ਾਸਨੀ ਕਾਰਵਾਈ ਅਮਲ ਵਿਚ ਲਿਆਂਉਂਦਿਆਂ ਉਨ੍ਹਾਂ ਨੂੰ ਪਾਰਟੀ ਵਿਰੋਧੀ ਗਤੀਵਿਧੀਆਂ ਲਈ ਮੁਅੱਤਲ ਕਰ ਦਿੱਤਾ ਗਿਆ ਸੀ। ਇਸ ਪਿੱਛੋਂ ਉਨ੍ਹਾਂ ਦੀ ਮਾਤਾ ਭਾਜਪਾ ਵਿੱਚ ਸ਼ਾਮਲ ਹੋ ਗਈ ਸੀ ਅਤੇ ਉਨ੍ਹਾਂ ਭਾਜਪਾ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਦਾ ਸਮਰਥਨ ਕੀਤਾ ਸੀ।
ਜਲੰਧਰ ਲੋਕ ਸਭਾ ਚੋਣ ਚੰਨੀ ਨੇ ਵੱਡੇ ਫਰਕ ਨਾਲ ਜਿੱਤ ਲਈ ਸੀ। ਇਸ ਦੌਰਾਨ ਵਿਕਰਮਜੀਤ ਦੀ ਮੁਅੱਤਲੀ ਰੱਦ ਕੀਤੇ ਜਾਣ ਦੀ ਕਾਰਵਾਈ ਨੂੰ ਲੁਧਿਆਣਾ ਪੱਛਮੀ ਵਿਧਾਨ ਸਭਾ ਜ਼ਿਮਨੀ ਚੋਣ ਦੇ ਜਾਰੀ ਅਮਲ ਦੌਰਾਨ ਚੰਨੀ, ਚੋਣ ਇੰਚਾਰਜ ਰਾਣਾ ਗੁਰਜੀਤ ਸਿੰਘ ਅਤੇ ਪਾਰਟੀ ਉਮੀਦਵਾਰ ਭਾਰਤ ਭੂਸ਼ਣ ਆਸ਼ੂ ਰਾਹੀਂ ਕਮਲਜੀਤ ਕਰਵਲ ਅਤੇ ਕਰਨ ਵੜਿੰਗ ਨੂੰ ਕਾਂਗਰਸ ਵਿਚ ਮੁੜ ਸ਼ਾਮਲ ਕੀਤੇ ਜਾਣ ਦੀ ਘਟਨਾ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ।
ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਰਵਲ ਤੇ ਵੜਿੰਗ ਨੂੰ ਪਾਰਟੀ ਸ਼ਾਮਲ ਕੀਤੇ ਜਾਣ 'ਤੇ ਇਤਰਾਜ਼ ਜਤਾਇਆ ਸੀ ਕਿਉਂਕਿ ਇਨ੍ਹਾਂ ਦੋਵਾਂ ਨੇ ਪਿਛਲੇ ਸਾਲ ਲੁਧਿਆਣਾ ਲੋਕ ਸਭਾ ਚੋਣ ਵਿਚ ਪਾਰਟੀ ਖ਼ਿਲਾਫ਼ ਕੰਮ ਕੀਤਾ ਸੀ, ਜਿਥੋਂ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਉਮੀਦਵਾਰ ਸਨ।