ਆਊਟਲੁੱਕ ਇੰਡੀਆ ਰੈਂਕਿੰਗ ਵਿੱਚ ਪੰਜਾਬ ਕੇਂਦਰੀ ਯੂਨੀਵਰਸਿਟੀ 9ਵੇਂ ਸਥਾਨ ਰਹੀ
ਪੱਤਰ ਪ੍ਰੇਰਕ
ਬਠਿੰਡਾ, 18 ਅਗਸਤ
ਪੰਜਾਬ ਕੇਂਦਰੀ ਯੂਨੀਵਰਸਿਟੀ (ਸੀਯੂ ਪੰਜਾਬ) ਨੇ ਆਊਟਲੁੱਕ ਇੰਡੀਆ ਰੈਂਕਿੰਗਜ਼-2024 ਵਿੱਚ ‘ਭਾਰਤ ਦੀਆਂ ਚੋਟੀ ਦੀਆਂ ਕੇਂਦਰੀ ਯੂਨੀਵਰਸਿਟੀਆਂ’ ਸ਼੍ਰੇਣੀ ਵਿੱਚ 9ਵਾਂ ਸਥਾਨ ਪ੍ਰਾਪਤ ਕੀਤਾ ਹੈ। ਇਸ ਪ੍ਰਾਪਤੀ ਨਾਲ ਸੀਯੂ ਪੰਜਾਬ ਨੇ ਲਗਾਤਾਰ ਤੀਜੀ ਵਾਰ ਆਊਟਲੁੱਕ ਇੰਡੀਆ ਰੈਂਕਿੰਗ ਵਿੱਚ ਦੇਸ਼ ਦੀਆਂ 10 ਕੇਂਦਰੀ ਯੂਨੀਵਰਸਿਟੀਆਂ ਦੀ ਸੂਚੀ ਵਿੱਚ ਜਗ੍ਹਾ ਬਣਾਉਣ ਦਾ ਮਾਣ ਹਾਸਲ ਕੀਤਾ ਹੈ।
ਆਊਟਲੁੱਕ ਇੰਡੀਆ ਨੇ ਆਪਣੇ ਸਰਵੇਖਣ ਵਿੱਚ ਵਿਦਿਅਕ ਸੰਸਥਾਵਾਂ ਦਾ ਪੰਜ ਮਾਪਦੰਡਾਂ ’ਤੇ ਮੁਲਾਂਕਣ ਕੀਤਾ ਹੈ, ਅਕਾਦਮਿਕ ਅਤੇ ਖੋਜ ਉੱਤਮਤਾ, ਉਦਯੋਗ ਇੰਟਰਫੇਸ ਅਤੇ ਪਲੇਸਮੈਂਟ, ਬੁਨਿਆਦੀ ਢਾਂਚਾ ਅਤੇ ਸਹੂਲਤਾਂ, ਪ੍ਰਸ਼ਾਸਨ ਅਤੇ ਦਾਖ਼ਲੇ ਅਤੇ ਵਿਭਿੰਨਤਾ ਤੇ ਪਹੁੰਚ। ਇਨ੍ਹਾਂ ਸਾਰੇ ਮਾਪਦੰਡਾਂ ਦੇ ਆਧਾਰ ’ਤੇ ਸੀਯੂ ਪੰਜਾਬ ਨੇ 1000 ਵਿੱਚੋਂ 866.18 ਅੰਕ ਪ੍ਰਾਪਤ ਕੀਤੇ।
ਰੈਂਕਿੰਗ ਵਿੱਚ ਸੀਯੂ ਪੰਜਾਬ ਨੇ ਸਾਲ 2022 ਵਿੱਚ 860.81 ਅੰਕ ਅਤੇ ਸਾਲ 2023 ਵਿੱਚ 863.43 ਅੰਕਾਂ ਨਾਲ ਦੋਵਾਂ ਐਡੀਸ਼ਨਾਂ ਵਿੱਚ 9ਵਾਂ ਸਥਾਨ ਪ੍ਰਾਪਤ ਕੀਤਾ ਸੀ। ਯੂਨੀਵਰਸਿਟੀ ਵੱਲੋਂ ਸਾਲ 2024 ਵਿੱਚ 866.18 ਦੇ ਸਕੋਰ ਨਾਲ ਆਪਣੇ ਸਥਾਨ ਨੂੰ ਬਰਕਰਾਰ ਰੱਖਿਆ ਗਿਆ ਹੈ।
ਉਪ ਕੁਲਪਤੀ ਪ੍ਰੋ. ਰਾਘਵੇਂਦਰ ਪ੍ਰਸਾਦ ਤਿਵਾੜੀ ਨੇ ਇਸ ਸਫਲਤਾ ਦਾ ਸਿਹਰਾ ਯੂਨੀਵਰਸਿਟੀ ਦੇ ਅਧਿਆਪਕਾਂ, ਅਧਿਕਾਰੀਆਂ, ਸਟਾਫ਼ ਅਤੇ ਵਿਦਿਆਰਥੀਆਂ ਦੀ ਸਖ਼ਤ ਮਿਹਨਤ ਅਤੇ ਲਗਨ ਨੂੰ ਦਿੱਤਾ।