ਕੌਮੀ ਬੇਸਬਾਲ ਚੈਂਪੀਅਨਸ਼ਿਪ ’ਤੇ ਪੰਜਾਬ ਦਾ ਕਬਜ਼ਾ
ਸਤਨਾਮ ਸਿੰਘ ਸੱਤੀ
ਮਸਤੂਆਣਾ ਸਾਹਿਬ, 6 ਅਕਤੂਬਰ
ਪੰਜਾਬ ਬੇਸਬਾਲ ਐਸੋਸੀਏਸ਼ਨ ਅਤੇ ਐਮੇਚਿਓਰ ਬੇਸਬਾਲ ਫੈਡਰੇਸ਼ਨ ਆਫ਼ ਇੰਡੀਆ ਵੱਲੋਂ ਮਸਤੂਆਣਾ ਸਾਹਿਬ ਵਿੱਚ ਅਕਾਲ ਕਾਲਜ ਕੌਂਸਲ ਦੇ ਸਹਿਯੋਗ ਨਾਲ ਕਰਵਾਈ ਗਈ 32ਵੀਂ ਜੂਨੀਅਰ ਨੈਸ਼ਨਲ ਬੇਸਬਾਲ ਚੈਂਪੀਅਨਸ਼ਿਪ ਦੌਰਾਨ ਪੰਜਾਬ ਦੇ ਲੜਕੇ ਅਤੇ ਲੜਕੀਆਂ ਦੀਆਂ ਟੀਮਾਂ ਨੇ ਦਿੱਲੀ ਦੀਆਂ ਟੀਮਾਂ ਨੂੰ ਹਰਾ ਕੇ ਓਵਰਆਲ ਚੈਂਪੀਅਨਸ਼ਿਪ ’ਤੇ ਕਬਜ਼ਾ ਕੀਤਾ। ਪੰਜਾਬ ਬੇਸਬਾਲ ਐਸੋਸੀਏਸ਼ਨ ਦੇ ਪ੍ਰਧਾਨ ਸੁਖਦੇਵ ਸਿੰਘ ਔਲਖ ਅਤੇ ਸੈਕਟਰੀ ਹਰਵੀਰ ਸਿੰਘ ਹਨੀ ਨੇ ਦੱਸਿਆ ਕਿ ਲੜਕੀਆਂ ਦੇ ਬੇਸਬਾਲ ਫਾਈਨਲ ਮੁਕਾਬਲੇ ਦੌਰਾਨ ਪੰਜਾਬ ਨੇ ਦਿੱਲੀ ਨੂੰ 1-0 ਨਾਲ ਹਰਾਇਆ, ਜਦੋਂ ਕਿ ਮੁੰਡਿਆਂ ਦੀ ਟੀਮ ਦੇ ਹੋਏ ਸਖਤ ਮੁਕਾਬਲਿਆਂ ਦੌਰਾਨ ਪੰਜਾਬ ਨੇ ਦਿੱਲੀ ਨੂੰ 12 -8 ਨਾਲ ਹਰਾਇਆ। ਇਸੇ ਤਰ੍ਹਾਂ ਦਿੱਲੀ ਦੀਆਂ ਕੁੜੀਆਂ ਅਤੇ ਮੁੰਡਿਆਂ ਦੀਆਂ ਟੀਮਾਂ ਨੇ ਦੂਸਰਾ ਸਥਾਨ ਹਾਸਿਲ ਕੀਤਾ। ਜਦੋਂ ਕਿ ਹਰਿਆਣਾ ਦੇ ਮੁੰਡਿਆਂ ਨੇ ਚੰਡੀਗੜ੍ਹ ਨੂੰ 4-0 ਨਾਲ ਹਰਾ ਕੇ ਤੀਜਾ ਸਥਾਨ, ਕੁੜੀਆਂ ਦੇ ਹੋਏ ਸਖ਼ਤ ਮੁਕਾਬਲੇ ਵਿੱਚ ਹਰਿਆਣਾ ਅਤੇ ਮਹਾਰਾਸ਼ਟਰ ਦੀਆਂ ਟੀਮਾਂ ਦੇ ਬਰਾਬਰ ਰਹਿਣ ਕਾਰਨ ਤੀਜਾ ਸਥਾਨ ਹਾਸਿਲ ਕੀਤਾ। ਇਹਨਾਂ ਜੇਤੂ ਟੀਮਾਂ ਨੂੰ ਇਨਾਮਾਂ ਦੀ ਵੰਡ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਮਨਦੀਪ ਸਿੰਘ ਲੱਖਾ ਅਤੇ ਕੌਂਸਲ ਦੇ ਸਕੱਤਰ ਜਸਵੰਤ ਸਿੰਘ ਖਹਿਰਾ ਵੱਲੋਂ ਸਾਂਝੇ ਤੌਰ ’ਤੇ ਕੀਤੀ ਗਈ। ਇਸ ਮੌਕੇ ਉਨ੍ਹਾਂ ਨਾਲ ਮਨੋਜ ਕੁਮਾਰ ਬਡਰੁੱਖਾਂ, ਗੁਰਜੰਟ ਸਿੰਘ ਦੁੱਗਾਂ, ਭੁਪਿੰਦਰ ਸਿੰਘ ਗਰੇਵਾਲ, ਡਾਕਟਰ ਗੁਰਵੀਰ ਸਿੰਘ, ਪ੍ਰਿੰਸੀਪਲ ਵਿਜੇ ਪਲਾਹਾ, ਪ੍ਰੋਫੈਸਰ ਸੋਹਨਦੀਪ ਸਿੰਘ ਜੁਗਨੂੰ , ਅਸ਼ੋਕ ਸ਼ਰਮਾ ਜੁਆਇੰਟ ਸੈਕਟਰੀ ਮੌਜੂਦ ਸਨ। ਇਸ ਮੌਕੇ ਮੁੱਖ ਮਹਿਮਾਨ ਮਨਦੀਪ ਸਿੰਘ ਲੱਖਾ ਨੇ ਖਿਡਾਰੀਆਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਅਤੇ ਅਨੁਸ਼ਾਸਨ ਵਿੱਚ ਰਹਿ ਕੇ ਖੇਡਣ ਲਈ ਪ੍ਰੇਰਿਤ ਕੀਤਾ ਅਤੇ ਜੇਤੂ ਟੀਮਾਂ ਨੂੰ ਵਧਾਈ ਦਿੱਤੀ। ਇਸ ਮੌਕੇ ਪ੍ਰਬੰਧਕਾਂ ਵੱਲੋਂ ਆਏ ਮਹਿਮਾਨਾਂ ਅਤੇ ਆਫੀਸ਼ੀਅਲ ਕੋਚਾਂ ਦਾ ਵਿਸ਼ੇਸ਼ ਤੌਰ ’ਤੇ ਸਨਮਾਨ ਵੀ ਕੀਤਾ ਗਿਆ। ਜ਼ਿਕਰਯੋਗ ਹੈ ਕਿ ਇਸ ਬੇਸਬਾਲ ਟੂਰਨਾਮੈਂਟ ਵਿੱਚ ਭਾਰਤ ਦੇ ਵੱਖ ਵੱਖ ਰਾਜਾਂ ਵਿੱਚੋਂ ਲੜਕੇ ਅਤੇ ਲੜਕੀਆਂ ਦੀਆਂ ਦੋ ਦਰਜਨ ਦੇ ਕਰੀਬ ਟੀਮਾਂ ਨੇ ਹਿੱਸਾ ਲਿਆ ਸੀ।