ਮੱਕੀ ਤੋਂ ਈਥਾਨੌਲ ਬਣਾ ਕੇ ਊਰਜਾ ਕ੍ਰਾਂਤੀ ਲਿਆ ਸਕਦੈ ਪੰਜਾਬ
ਡਾ. ਸੁਰਿੰਦਰ ਸੰਧੂ*
ਭਾਰਤ ਸਰਕਾਰ ਨੇ ਈਥਾਨੌਲ ਮਿਸ਼ਰਤ ਪੈਟਰੋਲ ਤੇ ਇੱਕ ਅਭਿਲਾਸ਼ੀ ਪ੍ਰੋਗਰਾਮ ਸ਼ੁਰੂ ਕੀਤਾ ਹੈ ਜਿਸ ਦਾ ਮੁੱਖ ਉਦੇਸ਼ ਜੈਵਿਕ ਫਿਊਲ ਦੇ ਆਯਾਤ ਅਤੇ ਭਾਰੀ ਵਿਦੇਸ਼ੀ ਮੁਦਰਾ ਨੂੰ ਬਚਾਉਣਾ ਹੈ। ਇਸ ਦੇ ਨਾਲ ਇਸ ਦਾ ਹਵਾ ਪ੍ਰਦੂਸ਼ਣ ਨੂੰ ਘਟਾਉਣ ਵਿੱਚ ਵੀ ਵਿਸ਼ੇਸ਼ ਯੋਗਦਾਨ ਹੈ। ਇਨ੍ਹਾਂ ਯਤਨਾਂ ਦੇ ਸਾਕਾਰਾਤਮਕ ਨਤੀਜੇ ਨਿਕਲੇ ਅਤੇ ਭਾਰਤ ਸਰਕਾਰ ਨੇ 20 ਫ਼ੀਸਦੀ ਈਥਾਨੌਲ ਮਿਸ਼ਰਤ ਪੈਟਰੋਲ (ਈ 20) ਵਾਲਾ ਟੀਚਾ, ਜੋ ਕਿ 2030 ਵਿੱਚ ਮਿਥਿਆ ਸੀ, ਉਸ ਨੂੰ 2025-2026 ਵਿੱਚ ਪੂਰਾ ਕਰਨ ਦਾ ਨਿਸ਼ਚਾ ਕੀਤਾ ਹੈ| 30 ਫ਼ੀਸਦੀ ਈਥਾਨੌਲ ਮਿਸ਼ਰਤ ਪੈਟਰੋਲ ਈ 30 ਦਾ ਟੀਚਾ 2029-2030 ਤੱਕ ਮਿਥਿਆ ਗਿਆ ਹੈ| ਨੀਤੀ ਆਯੋਗ ਦੇ ਅਨੁਸਾਰ ਈ 20 ਪੈਟਰੋਲ ਦੇ ਲਈ ਲਗਪਗ 1016 ਕਰੋੜ ਲਿਟਰ ਈਥਾਨੌਲ ਦੀ ਜ਼ਰੂਰਤ ਹੋਵੇਗੀ ਅਤੇ ਹੁਣ ਡਿਸਟਿਲਰੀਆਂ ਦੀ 80 ਫ਼ੀਸਦੀ ਕਾਰਜਤਾ ਅਨੁਸਾਰ, ਡਿਸਟਿਲੇਸ਼ਨ ਦੀ ਸਮਰੱਥਾ 1700 ਕਰੋੜ ਲਿਟਰ ਦੀ ਹੈ| ਇਸ ਲਈ ਈਥਾਨੌਲ ਦੀ ਇਹ ਜ਼ਰੂਰਤ 50 ਫ਼ੀਸਦੀ ਗੰਨੇ ਤੋਂ ਅਤੇ 50 ਫ਼ੀਸਦੀ ਅਨਾਜਾਂ ਤੋਂ ਪ੍ਰਾਪਤ ਕੀਤੀ ਜਾਵੇਗੀ।
ਬਾਇਓਈਥਾਨੌਲ ਦੇ ਉਤਪਾਦਨ ਲਈ ਮੱਕੀ ਸਭ ਤੋਂ ਢੁਕਵੀਂ ਫ਼ਸਲ ਹੈ ਕਿਉਂਕਿ ਇਹ ਸਾਰਾ ਸਾਲ ਉਗਾਈ ਜਾ ਸਕਦੀ ਹੈ ਅਤੇ ਇਸ ਦੀ ਉਤਪਾਦਕ ਸਮਰੱਥਾ ਵੀ ਜ਼ਿਆਦਾ ਹੈ। ਝੋਨੇ ਦੇ ਮੁਕਾਬਲੇ ਇਸ ਫ਼ਸਲ ਨੂੰ ਘੱਟ ਪਾਣੀ ਦੀ ਲੋੜ ਹੁੰਦੀ ਹੈ ਅਤੇ ਇਸ ਦੀ ਰਹਿੰਦ-ਖੂੰਹਦ ਦੀ ਵੀ ਕੋਈ ਸਮੱਸਿਆ ਨਹੀਂ ਹੈ। ਇਸ ਤੋਂ ਇਲਾਵਾ ਮੱਕੀ ਦੀ ਵਰਤੋਂ ਕਰ ਕੇ ਈਥਾਨੌਲ ਉਤਪਾਦਨ ਨਾਲ ਇਸ ਦੀ ਖ਼ੁਰਾਕ ਸੁਰੱਖਿਆ ’ਤੇ ਕੋਈ ਪ੍ਰਭਾਵ ਨਹੀਂ ਹੋਵੇਗਾ।
ਵਿੱਤੀ ਸਾਲ 2024-2025 ਵਿੱਚ 250 ਕਰੋੜ ਲਿਟਰ ਈਥਾਨੌਲ ਬਣਾਉਣ ਲਈ ਮੱਕੀ ਦੇ 66 ਲੱਖ ਟਨ ਦਾਣਿਆਂ ਦੀ ਲੋੜ ਪਵੇਗੀ (100 ਕਿਲੋ ਗ੍ਰਾਮ ਮੱਕੀ ਦੇ ਦਾਣਿਆਂ ਤੋਂ 35-42 ਲਿਟਰ ਬਾਇਓਈਥਾਨੌਲ ਦਾ ਉਤਪਾਦਨ ਕੀਤਾ ਜਾ ਸਕਦਾ ਹੈ)। ਦੇਸ਼ ਦੇ ਵਰਤਮਾਨ ਸਮੇਂ ਵਿੱਚ ਮੱਕੀ ਹੇਠ 102 ਲੱਖ ਹੈਕਟੇਅਰ ਰਕਬਾ ਹੈ ਜਿਸ ਤੋਂ 356 ਲੱਖ ਟਨ ਉਤਪਾਦਨ ਹੁੰਦਾ ਹੈ ਅਤੇ ਪ੍ਰਤੀ ਹੈਕਟੇਅਰ 3.49 ਟਨ ਉਤਪਾਦਕਤਾ ਹੈ|
ਪੰਜਾਬ ਵਿੱਚ ਮੱਕੀ ਇੱਕ ਰਵਾਇਤੀ ਫ਼ਸਲ ਹੈ ਅਤੇ ਝੋਨੇ ਦੀ ਥਾਂ ’ਤੇ ਮੱਕੀ ਬੀਜ ਕੇ ਫ਼ਸਲੀ ਵਿਭਿੰਨਤਾ ਲਿਆਈ ਜਾ ਸਕਦੀ ਹੈ। ਹਰੀ ਕ੍ਰਾਂਤੀ ਤੋਂ ਪਹਿਲਾਂ ਮੱਕੀ ਅਤੇ ਕਪਾਹ ਸਾਉਣੀ ਦੀਆਂ ਮੁੱਖ ਫ਼ਸਲਾਂ ਸਨ। 1960-61 ਦੌਰਾਨ ਮੱਕੀ ਅਤੇ ਕਪਾਹ ਕ੍ਰਮਵਾਰ 3.72 ਅਤੇ 4.46 ਲੱਖ ਹੈਕਟੇਅਰ ਉਗਾਈ ਜਾਂਦੀ ਸੀ। 1975-76 ਦੌਰਾਨ ਮੱਕੀ ਹੇਠ ਰਿਕਾਰਡ ਰਕਬਾ 5.77 ਲੱਖ ਹੈਕਟੇਅਰ ਸੀ ਪਰ ਵਰਤਮਾਨ ਵਿੱਚ ਮੱਕੀ ਹੇਠ ਰਕਬਾ 93.3 ਹਜ਼ਾਰ ਹੈਕਟੇਅਰ ਹੈ ਅਤੇ ਔਸਤਨ ਪੈਦਾਵਾਰ 17.78 ਕੁਇੰਟਲ/ਏਕੜ ਹੈ। ਹਰੀ ਕ੍ਰਾਂਤੀ ਤੋਂ ਬਾਅਦ ਝੋਨਾ-ਕਣਕ ਫ਼ਸਲੀ ਚੱਕਰ ਹੇਠ ਰਕਬਾ ਲਗਾਤਾਰ ਵਧਦਾ ਗਿਆ ਹੈ। ਝੋਨੇ ਦੀ ਲਗਾਤਾਰ ਕਾਸ਼ਤ ਕਾਰਨ ਕਰ ਕੇ ਧਰਤੀ ਹੇਠਲਾ ਪਾਣੀ ਘਟਦਾ ਜਾ ਰਿਹਾ ਹੈ ਅਤੇ ਝੋਨੇ ਦੀ ਪਰਾਲੀ ਸਾੜਨ ਕਰ ਕੇ ਵਾਤਾਵਰਨ, ਮਨੁੱਖੀ ਸਿਹਤ ਅਤੇ ਮਿੱਟੀ ਤੇ ਬਹੁਤ ਹੀ ਮਾੜਾ ਅਸਰ ਪਿਆ ਹੈ। ਇਨ੍ਹਾਂ ਹਾਲਾਤ ਵਿੱਚ ਫ਼ਸਲੀ ਵੰਨ ਸਵੰਨਤਾ ਵਧੀਆ ਉਪਰਾਲਾ ਹੈ| ਝੋਨੇ ਹੇਠੋਂ ਕੁਝ ਰਕਬਾ ਮੱਕੀ ਥੱਲੇ ਲਿਆਉਣਾ ਇਕ ਵਧੀਆ ਵਿਕਲਪ ਹੈ। ਇਸ ਦੀ ਵਧਦੀ ਮੰਗ, ਪੰਜਾਬ ਵਿੱਚ ਸਥਿਤ ਅਨਾਜ ਤੋਂ ਈਥਾਨੌਲ ਬਣਾਉਣ ਵਾਲੀਆਂ ਡਿਸਟਿਲਰੀਆਂ ਅਤੇ ਸਭ ਤੋਂ ਵੱਡੀ ਗੱਲ ਕੇਂਦਰ ਸਰਕਾਰ ਵੱਲੋਂ ਘੱਟੋ-ਘੱਟ ਸਮਰਥਨ ਮੁੱਲ (ਐੱਮਐੱਸਪੀ) ’ਤੇ ਮੱਕੀ ਦੀ ਖ਼ਰੀਦ ਕਰਨ ਦੇ ਫ਼ੈਸਲੇ ਨੇ ਮੱਕੀ ਦੇ ਕਾਸ਼ਤਕਾਰਾਂ ਨੂੰ ਉਤਸ਼ਾਹਿਤ ਕੀਤਾ ਹੈ ਅਤੇ ਇਸ ਦੀ ਝੋਨੇ ਦੀ ਥਾਂ ਲੈਣ ਦੀ ਉਮੀਦਵਾਰੀ ਨੂੰ ਹੋਰ ਮਜ਼ਬੂਤ ਕੀਤੀ ਹੈ। ਘੱਟੋ-ਘੱਟ ਸਮਰਥਨ ਮੁੱਲ (2225 ਰੁਪਏ ਪ੍ਰਤੀ ਕੁਇੰਟਲ) ’ਤੇ ਖ਼ਰੀਦ ਕਿਸਾਨਾਂ ਦੇ ਮੁਨਾਫ਼ੇ ਨੂੰ ਵਧਾਵੇਗੀ ਅਤੇ ਉਪਜਾਊ ਜ਼ਮੀਨਾਂ ਵਿੱਚ ਬਿਹਤਰ ਪ੍ਰਬੰਧਨ ਅਧੀਨ ਮੱਕੀ ਦੀ ਕਾਸ਼ਤ ਦੇ ਵਿਸਤਾਰ ਨੂੰ ਉਤਸ਼ਾਹਿਤ ਕਰੇਗੀ। ਇਸ ਤਰ੍ਹਾਂ ਉੱਚ ਉਪਜ ਦੇਣ ਵਾਲੇ ਹਾਈਬ੍ਰਿਡਾਂ ਨੂੰ ਆਪਣੀ ਸੰਭਾਵੀ ਉਤਪਾਦਕਤਾ ਦਾ ਪ੍ਰਗਟਾਵਾ ਕਰਨ ਦੇ ਯੋਗ ਵੀ ਬਣਾਵੇਗੀ।
ਪੰਜਾਬ ਵਿੱਚ ਇਸ ਸਮੇਂ ਈਥਾਨੌਲ ਉਤਪਾਦਨ ਸਮਰੱਥਾ ਲਗਪਗ 2260 ਕਿਲੋ ਲਿਟਰ/ਦਿਨ ਹੈ ਜੋ ਵਧ ਕੇ 3860 ਕਿਲੋ ਲਿਟਰ/ਦਿਨ ਤੱਕ ਪਹੁੰਚਣ ਦੀ ਸੰਭਾਵਨਾ ਹੈ। ਇਸ ਸਮਰੱਥਾ ਨਾਲ, ਪੋਲਟਰੀ, ਡੇਅਰੀ ਅਤੇ ਸਟਾਰਚ ਦੀ ਜ਼ਰੂਰਤ ਨੂੰ ਪਾਸੇ ਰੱਖਦੇ ਹੋਏ, ਇਕੱਲੇ ਡਿਸਟਿਲਰੀਆਂ ਨੂੰ ਲਗਪਗ 37 ਲੱਖ ਟਨ ਮੱਕੀ ਦੀ ਲੋੜ ਹੋਵੇਗੀ।
ਵਰਤਮਾਨ ਵਿੱਚ ਸਾਰੇ ਮੁੱਖ ਨਿਰਧਾਰਨ ਕਾਰਕ ਜਿਵੇਂ ਕਿ ਜਿਣਸ ਦੀ ਮੰਗ, ਖ਼ਰੀਦ ਲਈ ਨੀਤੀ ਸਹਾਇਤਾ ਅਤੇ ਇਸ ਦੀ ਪ੍ਰਾਸੈਸਿੰਗ ਸਮਰੱਥਾ ਆਦਿ ਸਾਰੇ ਮੱਕੀ ਦੇ ਹੱਕ ਵਿੱਚ ਹਨ ਅਤੇ ਸਾਨੂੰ ਫ਼ਸਲੀ ਵੰਨ ਸਵੰਨਤਾ ਲਈ ਇਸ ਸੁਨਹਿਰੀ ਮੌਕੇ ਦੀ ਵਰਤੋਂ ਕਰਨੀ ਚਾਹੀਦੀ ਹੈ। ਇਸ ਮੁਹਿੰਮ ਲਈ ਸਰਕਾਰੀ ਸੰਸਥਾਵਾਂ, ਉਦਯੋਗਾਂ, ਖੋਜ ਸੰਸਥਾਵਾਂ ਅਤੇ ਕਿਸਾਨਾਂ ਦੇ ਸਹਿਯੋਗੀ ਯਤਨਾਂ ਦੀ ਲੋੜ ਹੈ। ਜੇ ਪੰਜਾਬ ਡਿਸਟਿਲਰੀਆਂ ਲਈ ਲੋੜੀਂਦੀ ਮਾਤਰਾ ਅਤੇ ਗੁਣਵੱਤਾ ਭਰਪੂਰ ਮੱਕੀ ਪੈਦਾ ਕਰਨ ਵਿੱਚ ਅਸਫਲ ਰਹਿੰਦਾ ਹੈ ਤਾਂ ਡਿਸਟਿਲਰੀਆਂ ਨੂੰ ਜਾਂ ਤਾਂ ਹੋਰ ਥਾਵਾਂ ’ਤੇ ਸ਼ਿਫਟ ਕਰਨ ਲਈ ਜਾਂ ਦੂਜੇ ਰਾਜਾਂ ਤੋਂ ਮੱਕੀ ਦੀ ਖ਼ਰੀਦ ਕਰਨ ਲਈ ਮਜਬੂਰ ਹੋਣਾ ਪੈਣਾ ਹੈ। ਪਿਛਲੇ ਪੰਜ ਸਾਲਾਂ ਵਿੱਚ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਨੇ ਮੱਕੀ ਦੇ ਛੇ ਹਾਈਬ੍ਰਿਡਾਂ ਦੀ ਸਿਫ਼ਾਰਸ਼ ਕੀਤੀ ਹੈ ਜਿਵੇਂ ਕਿ ਪੀਐੱਮਐੱਚ 14, ਪੀਐੱਮਐੱਚ 13, ਪੀਐੱਮਐੱਚ 11, ਅਤੇ ਨਿੱਜੀ ਖੇਤਰ ਦੇ ਹਾਈਬ੍ਰਿਡ ਈਡੀਵੀ 9293, ਡੀਕੇਸੀ 9144 ਅਤੇ ਬਾਇਓਸੀਡ 9788 ਜਿਨ੍ਹਾਂ ਦਾ ਔਸਤ ਝਾੜ 24-25 ਕੁਇੰਟਲ/ਏਕੜ (ਲਗਪਗ 6 ਟਨ/ ਹੈਕਟੇਅਰ ਹੈ)। ਇਸ ਉਪਜ ਦੀ ਸੰਭਾਵਨਾ ਨੂੰ ਮੁੱਖ ਰੱਖਦੇ ਹੋਏ ਪੰਜਾਬ ਨੂੰ ਤਕਰੀਬਨ 37 ਲੱਖ ਟਨ ਮੱਕੀ ਦੀ ਮੰਗ ਨੂੰ ਪੂਰਾ ਕਰਨ ਲਈ ਲਗਪਗ ਛੇ ਲੱਖ ਹੈਕਟੇਅਰ ਖੇਤਰ ਵਿੱਚ ਮੱਕੀ ਦੇ ਕਾਸ਼ਤ ਦੀ ਲੋੜ ਹੈ। ਇਹ ਇੱਕ ਵੱਡਾ ਟੀਚਾ ਹੈ ਅਤੇ ਇਸ ਕੰਮ ਲਈ ਸਾਰੇ ਹਿੱਸੇਦਾਰਾਂ ਦੇ ਮਜ਼ਬੂਤ ਸਹਿਯੋਗੀ ਯਤਨਾਂ ਦੀ ਲੋੜ ਹੈ। ਇਸ ਤੋਂ ਇਲਾਵਾ ਚਾਹੇ ਇਨ੍ਹਾਂ ਹਾਈਬ੍ਰਿਡਾਂ ਦੀ ਉਤਪਾਦਕਤਾ ਸਮਰੱਥਾ 6-7 ਟਨ/ਹੈਕਟੇਅਰ ਹੈ, ਪਰ ਰਾਜ ਦੀ ਉਤਪਾਦਕਤਾ 4.39 ਟਨ/ ਹੈਕਟੇਅਰ (2022-23) ਹੈ। ਇਸ ਤਰ੍ਹਾਂ ਸੰਭਾਵੀ ਝਾੜ ਅਤੇ ਕਿਸਾਨਾਂ ਵੱਲੋਂ ਪ੍ਰਾਪਤ ਕੀਤੀ ਉਪਜ ਵਿਚਕਾਰ ਲਗਪਗ 2 ਟਨ/ਹੈਕਟੇਅਰ ਦਾ ਵੱਡਾ ਫ਼ਰਕ ਹੈ। ਇਸ ਫ਼ਰਕ ਨੂੰ ਖ਼ਤਮ ਕਰਨ ਲਈ ਕੁਝ ਸੁਧਰੀਆਂ ਕਾਸ਼ਤ ਤਕਨੀਕਾਂ ਨੂੰ ਅਪਣਾਉਣ ਦੀ ਲੋੜ ਹੈ। ਪੌਦਿਆਂ ਦੀ ਗਿਣਤੀ, ਜੋ ਆਮ ਤੌਰ ’ਤੇ ਸਾਉਣੀ ਦੇ ਮੌਸਮ ਰੁੱਤ ਵਿੱਚ 20,000-22,000 ਪ੍ਰਤੀ ਏਕੜ ਰਹਿੰਦੀ ਹੈ, ਜਿਸ ਨੂੰ ਨਿਊਮੈਟਿਕ ਪਲਾਂਟਰ ਅਤੇ ਸਹੀ ਕੀਟਨਾਸ਼ਕਾਂ ਅਤੇ ਨਦੀਨਨਾਸ਼ਕਾਂ ਦੀ ਵਰਤੋਂ ਕਰ ਕੇ ਬਿਜਾਈ ਦੁਆਰਾ 33,000 ਪੌਦੇ ਪ੍ਰਤੀ ਏਕੜ ਕਰਨ ਦੀ ਲੋੜ ਹੈ। ਇਸ ਤਰ੍ਹਾਂ ਕਰਨ ਨਾਲ ਹੀ ਉਤਪਾਦਕਤਾ ਨੂੰ ਸਮੱਰਥਾ ਪ੍ਰਾਪਤ ਹੋ ਸਕੇਗੀ।
ਉਦਯੋਗ ਨੂੰ ਸੁੱਕੀ ਮੱਕੀ ਦੀ ਲੋੜ ਹੈ। ਪੰਜਾਬ ਵਿੱਚ ਜ਼ਿਆਦਾਤਰ ਮੱਕੀ ਦੀ ਕਟਾਈ 20-25 ਫ਼ੀਸਦੀ ਨਮੀ ’ਤੇ ਕੀਤੀ ਜਾਂਦੀ ਹੈ ਅਤੇ ਉਪਜ ਨੂੰ ਸਿੱਧਾ ਮੰਡੀਆਂ ਵਿੱਚ ਲਿਜਾਇਆ ਜਾਂਦਾ ਹੈ। ਇਸ ਨਾਲ ਨਾ ਸਿਰਫ਼ ਵਾਢੀ ਤੋਂ ਬਾਅਦ ਭਾਰੀ ਨੁਕਸਾਨ ਹੁੰਦਾ ਹੈ (20-30 ਫ਼ੀਸਦੀ ਤੱਕ) ਸਗੋਂ ਦਾਣੇ ਉਲੀ ਨਾਲ ਵੀ ਸੰਕਰਮਿਤ ਹੋ ਜਾਂਦੇ ਹਨ ਅਤੇ ਅਫਲਾਟੋਕਸਿਨ ਪੈਦਾ ਹੁੰਦਾ ਹੈ। ਨਮੀ ਦੇ ਪੱਧਰ ਨੂੰ 14 ਫ਼ੀਸਦੀ ਤੱਕ ਲਿਆਉਣ ਲਈ ਮੱਕੀ ਨੂੰ ਸੁਕਾਉਣਾ ਲਾਜ਼ਮੀ ਹੈ ਤਾਂ ਜੋ ਦਾਣਿਆਂ ਨੂੰ ਅਫਲਾਟੌਕਸਿਨ ਦੀ ਲਾਗ ਤੋਂ ਬਚਾਇਆ ਜਾ ਸਕੇ। ਵੱਡੀ ਸਮਰੱਥਾ ਵਾਲੇ ਮੱਕੀ ਡਰਾਇਰ (24-64 ਟਨ ਪ੍ਰਤੀ ਬੈਚ) ਪੰਜਾਬ ਦੀਆਂ ਕੁਝ ਮੰਡੀਆਂ ਵਿੱਚ ਉਪਲਬਧ ਹਨ, ਜਿਵੇਂ ਕਿ ਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਸੈਲਾ ਖੁਰਦ ਅਤੇ ਫੁਗਲਾਣਾ, ਐੱਸਬੀਐੱਸ ਨਗਰ ਜ਼ਿਲ੍ਹੇ ਵਿੱਚ ਨਵਾਂਸ਼ਹਿਰ, ਨਕੋਦਰ ਅਤੇ ਭੋਗਪੁਰ ਜ਼ਿਲ੍ਹਾ ਜਲੰਧਰ, ਲੁਧਿਆਣਾ ਜ਼ਿਲ੍ਹੇ ਦੇ ਮਾਛੀਵਾੜਾ ਅਤੇ ਕਪੂਰਥਲਾ ਵਿੱਚ। ਮੱਕੀ ਦੇ ਦਾਣਿਆਂ ਦੀ ਲੋੜੀਂਦੀ ਮਾਤਰਾ ਉਪਲਬਧ ਨਾ ਹੋਣ ਕਾਰਨ ਇਨ੍ਹਾਂ ਦੀ ਵਰਤੋਂ ਘੱਟ ਹੁੰਦੀ ਹੈ। ਮੱਕੀ ਦੇ ਦਾਣਿਆਂ ਨੂੰ ਸਹੀ ਢੰਗ ਨਾਲ ਸੁਕਾਉਣ ਅਤੇ ਸਟੋਰ ਕਰਨ ਲਈ ਮੱਧਮ ਸਮਰੱਥਾ ਵਾਲੇ ਸਟੋਰੇਜ ਹਾਊਸ ਦੇ ਨਾਲ ਛੋਟੇ/ਮੱਧਮ ਸਮਰੱਥਾ ਵਾਲੇ ਡਰਾਇਰਾਂ ਦੀ ਤੁਰੰਤ ਲੋੜ ਹੈ। ਡਿਸਟਿਲਰੀਆਂ ਦੇ ਆਸ-ਪਾਸ ਦੇ ਖੇਤਰਾਂ ਵਿੱਚ ਮੱਕੀ ਦੀ ਕਾਸ਼ਤ ਨੂੰ ਟਰਾਂਸਪੋਰਟ ਲਾਗਤ ਨੂੰ ਘਟਾਏਗੀ ਅਤੇ ਉਦਯੋਗ ਨੂੰ ਕੱਚੇ ਮਾਲ ਦੀ ਸਮੇਂ ਸਿਰ ਉਪਲਬਧਤਾ ਨੂੰ ਯਕੀਨੀ ਬਣਾਏਗੀ। ਹਾਲਾਂਕਿ ਪੀਏਯੂ ਮੱਕੀ ਵਿਚ ਨਵੀਆਂ ਖੋਜਾਂ ਲਈ ਸਮਰਪਿਤ ਕੋਸ਼ਿਸ਼ਾਂ ਕਰ ਰਿਹਾ ਹੈ ਅਤੇ ਭਾਰਤ ਵਿੱਚ ਪੀਏਯੂ ਨੇ 1995 ਵਿੱਚ ਪਹਿਲੀ ਸਿੰਗਲ ਕਰਾਸ ਹਾਈਬ੍ਰਿਡ ਪਾਰਸ ਸਣੇ ਬਹੁਤ ਸਾਰੀਆਂ ਸੁਧਾਰੀ ਤਕਨੀਕਾਂ ਵਿਕਸਿਤ ਕੀਤੀਆਂ ਹਨ। ਯੂਨੀਵਰਸਿਟੀ ਪਹਿਲਾਂ ਹੀ ਲੰਬੇ ਸਮੇਂ ਵਿਚ ਪੱਕਣ ਵਾਲੇ ਹਾਈਬ੍ਰਿਡ (100-105 ਦਿਨਾਂ ਦੀ ਪਰਿਪੱਕਤਾ ਮਿਆਦ ਜੋ ਮੱਕੀ-ਕਣਕ ਦੀ ਫ਼ਸਲ ਪ੍ਰਣਾਲੀ ਵਿੱਚ ਚੰਗੀ ਤਰ੍ਹਾਂ ਢੁੱਕਵੀਂ ਹੁੰਦੀ ਹੈ) ਦੇ ਵਿਕਾਸ ’ਤੇ ਕੰਮ ਕਰ ਰਹੀ ਹੈ, ਜਿਨ੍ਹਾਂ ਵਿੱਚ ਦਾਣਿਆਂ ਦੇ ਤੇਜ਼ੀ ਨਾਲ ਸੁੱਕਣ, ਬਿਮਾਰੀ ਪ੍ਰਤੀਰੋਧ, ਉੱਚ ਸਟਾਰਚ ਮਾਤਰਾ, ਉੱਚ ਪੱਧਰੀ ਇਥਾਨੋਲ ਰਿਕਵਰੀ ਅਤੇ ਸਾਉਣੀ ਮੌਸਮ ਰੁੱਤ ਲਈ ਖ਼ਾਸ ਅਨੁਕੂਲਤਾ ਦੇ ਨਾਲ ਸਥਿਰ ਉਤਪਾਦਕਤਾ ਕਰਨ ਦੀ ਸਮਰੱਥਾ ਹੋਵੇ। ਹਾਈਬ੍ਰਿਡਾਂ ਦੀ ਸੰਭਾਵੀ ਉਤਪਾਦਕਤਾ ਨੂੰ ਹਾਸਲ ਕਰਨ ਲਈ ਇਨ੍ਹਾਂ ਖੋਜ ਯਤਨਾਂ ਨੂੰ ਮਜ਼ਬੂਤ ਕਰਨ ਦੀ ਲੋੜ ਹੈ।
ਪੰਜਾਬ ਨੇ ਹਰੀ ਕ੍ਰਾਂਤੀ ਵਿੱਚ ਆਪਣਾ ਵਡਮੁੱਲਾ ਹਿੱਸਾ ਪਾਇਆ ਹੈ। ਆਉ ਹੁਣ ਇਸ ਊਰਜਾ ਕ੍ਰਾਂਤੀ ਵਿੱਚ ਆਪਣਾ ਯੋਗਦਾਨ ਪਾਇਆ ਤੇ ਸਾਉਣੀ ਰੁੱਤ ਦੀ ਮੱਕੀ ਨੂੰ ਫਿਰ ਤੋਂ ਇਕ ਚੰਗੇ ਪੱਧਰ ’ਤੇ ਲਾ ਕੇ ਆਪਣੇ ਗੁਰੂਆਂ ਦੀ ਇਸ ਪਵਿੱਤਰ ਧਰਤੀ ਨੂੰ ਖ਼ੁਸ਼ਹਾਲ ਬਣਾਈਏ।
*ਪ੍ਰਿੰਸੀਪਲ ਮੱਕੀ ਬਰੀਡਰ, ਪਲਾਂਟ ਬਰੀਡਿੰਗ ਅਤੇ ਜੈਨੇਟਿਕਸ ਵਿਭਾਗ, ਪੀਏਯੂ ਲੁਧਿਆਣਾ।
ਸੰਪਰਕ: 81462-38432