Punjab ByPoll: ਡੇਰਾ ਬਾਬਾ ਨਾਨਕ ਦੇ ਡੀਐੱਸਪੀ ਨੂੰ ਹਟਾਉਣ ਦੇ ਹੁਕਮ
ਡਾ.ਰਜਿੰਦਰ ਸਿੰਘ
ਡੇਰਾ ਬਾਬਾ ਨਾਨਕ, 12 ਨਵੰਬਰ
ਗੁਰਦਾਸਪੁਰ ਤੋਂ ਲੋਕ ਸਭਾ ਮੈਂਬਰ ਤੇ ਸੀਨੀਅਰ ਕਾਂਗਰਸੀ ਆਗੂ ਸੁਖਜਿੰਦਰ ਰੰਧਾਵਾ ਦੀ ਸ਼ਿਕਾਇਤ ’ਤੇ ਕਾਰਵਾਈ ਕਰਦਿਆਂ ਚੋਣ ਕਮਿਸ਼ਨ ਨੇ ਡੇਰਾ ਬਾਬਾ ਨਾਨਕ ਵਿਚ ਤਾਇਨਾਤ ਡੀਐੱਸਪੀ ਨੂੰ ਹਟਾਉਣ ਦੇ ਹੁਕਮ ਦਿੱਤੇ ਹਨ। ਕਮਿਸ਼ਨ ਨੇ ਡੀਐੱਸਪੀ ਜਸਬੀਰ ਸਿੰਘ ਨੂੰ ਡਿਊਟੀ ਤੋਂ ਤੁਰੰਤ ਫ਼ਾਰਗ ਕਰਨ ਲਈ ਆਖਦਿਆਂ ਉਨ੍ਹਾਂ ਦੀ ਥਾਂ ਇਸ ਅਹੁਦੇ ਲਈ ਯੋਗ ਅਧਿਕਾਰੀਆਂ ਦਾ ਪੈਨਲ ਬਣਾਉਣ ਲਈ ਕਿਹਾ ਹੈ।
ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਨੇ ਚੋਣ ਕਮਿਸ਼ਨ ਨੂੰ ਦਿੱਤੀ ਸ਼ਿਕਾਇਤ ਵਿਚ ਡੀਐੱਸਪੀ ਉੱਤੇ ਗ਼ੈਰਜ਼ਿੰਮੇਵਾਰੀ ਨਾਲ ਡਿਊਟੀ ਕਰਨ ਦੇ ਦੋਸ਼ ਲਾਏ ਸਨ, ਜਿਸ ਪਿੱਛੋਂ ਚੋਣ ਕਮਿਸ਼ਨ ਵੱਲੋਂ ਇਹ ਕਾਰਵਾਈ ਕੀਤੀ ਗਈ ਹੈ। ਡੇਰਾ ਬਾਬਾ ਨਾਨਕ ਵਿਧਾਨ ਸਭਾ ਹਲਕੇ ਵਿਚ 20 ਨਵੰਬਰ ਨੂੰ ਜ਼ਿਮਨੀ ਚੋਣ ਹੋਣੀ ਹੈ। ਇਸ ਲਈ ਇਥੇ ਚੋਣ ਜ਼ਾਬਤਾ ਲੱਗਾ ਹੋਇਆ ਹੈ।
ਐੱਮਪੀ ਸੁਖਜਿੰਦਰ ਰੰਧਾਵਾ ਨੇ ਚੋਣ ਕਮਿਸ਼ਨ ਵਲੋਂ ਡੀਐੱਸਪੀ ਖਿਲਾਫ਼ ਕੀਤੀ ਕਾਰਵਾਈ ਦਾ ਸਵਾਗਤ ਕੀਤਾ ਹੈ, ਪਰ ਉਨ੍ਹਾਂ ਨਾਲ ਹੀ ਕਿਹਾ ਹੈ ਕਿ ਬਦਲੀ ਕਰਨਾ ਕੋਈ ਸਜ਼ਾ ਨਹੀਂ ਹੈ। ਉਨ੍ਹਾਂ ਇਸ ਮੌਕੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ’ਤੇ ਵੀ ਸਰਕਾਰ ਦੀ ਕਠਪੁਤਲੀ ਬਣ ਕੇ ਕੰਮ ਕਰਨ ਦੇ ਦੋਸ਼ ਲਾਏ ਹਨ। ਰੰਧਾਵਾ ਨੇ ਕਿਹਾ ਕਿ ਉਹ ਜ਼ਿਮਨੀ ਚੋਣ ਤੋਂ ਬਾਅਦ ਉਹ ਡਿਪਟੀ ਕਮਿਸ਼ਨਰ ਖਿਲਾਫ਼ ਹਾਈ ਕੋਰਟ ਵੀ ਜਾਣਗੇ|