For the best experience, open
https://m.punjabitribuneonline.com
on your mobile browser.
Advertisement

ਈਥਾਨੋਲ ਕਾਰੋਬਾਰੀਆਂ ਲਈ ਪੰਜਾਬ ਪਹਿਲੀ ਪਸੰਦ ਬਣਿਆ

07:38 AM May 07, 2024 IST
ਈਥਾਨੋਲ ਕਾਰੋਬਾਰੀਆਂ ਲਈ ਪੰਜਾਬ ਪਹਿਲੀ ਪਸੰਦ ਬਣਿਆ
ਪਿੰਡ ਕੋਕੂਵਾਲ ਵਿੱਚ ਈਥਾਨੋਲ ਫੈਕਟਰੀ ਦੀ ਉਸਾਰੀ ਜਾ ਰਹੀ ਇਮਾਰਤ।
Advertisement

ਜਗਮੋਹਨ ਸਿੰਘ
ਰੂਪਨਗਰ, 6 ਮਈ
ਪੰਜਾਬ ਦੇਸ਼ ਦੇ ਈਥਾਨੋਲ ਪ੍ਰਾਜੈਕਟ ਸਥਾਪਤ ਕਰਨ ਦੇ ਚਾਹਵਾਨਾਂ ਲਈ ਪਸੰਦੀਦਾ ਸਥਾਨ ਸਾਬਤ ਹੋ ਰਿਹਾ ਹੈ। ਜਾਣਕਾਰੀ ਅਨੁਸਾਰ ਪਿਛਲੇ ਸਾਲ ਲਗਪਗ 25 ਕਾਰੋਬਾਰੀ ਘਰਾਣਿਆਂ ਨੇ ਅਜਿਹੇ ਪਲਾਂਟ ਲਗਾਉਣ ਲਈ ਸੂਬੇ ਦੇ ਕਰ ਅਤੇ ਆਬਕਾਰੀ ਵਿਭਾਗ ਕੋਲ ਪਹੁੰਚ ਕੀਤੀ ਸੀ। ਰਿਪੋਰਟਾਂ ਮੁਤਾਬਕ ਹੋਰ ਕਾਰੋਬਾਰੀ ਵੀ ਕਾਫੀ ਇਛੁੱਕ ਹਨ। ਈਥਾਨੋਲ ਈਥਾਈਲ ਅਲਕੋਹਲ ਦਾ ਇੱਕ ਰੂਪ ਹੈ, ਜਿਹੜਾ ਕਿ ਆਮ ਤੌਰ ’ਤੇ ਬੀਅਰ, ਵਾਈਨ ਅਤੇ ਬਰਾਂਡੀ ਵਰਗੇ ਪਦਾਰਥਾਂ ਵਿੱਚ ਪਾਇਆ ਜਾਂਦਾ ਹੈ। ਈਥਾਨੋਲ ਦੀ ਵਰਤੋਂ ਈਥਾਨੋਲ ਮਿਸ਼ਰਤ ਪੈਟਰੋਲ (ਈਬੀਪੀ) ਵਿੱਚ ਵੱਡੀ ਮਾਤਰਾ ਵਿੱਚ ਕੀਤੀ ਜਾਂਦੀ ਹੈ। ਵਰਤਮਾਨ ਸਮੇਂ ਅੰਦਰ ਪੂਰੇ ਭਾਰਤ ਭਰ ਵਿੱਚ ਲਗਪਗ 200 ਈਥਾਨੋਲ ਪਲਾਂਟ ਹਨ, ਜਿਨ੍ਹਾਂ ਦੀ ਉਤਪਾਦਨ ਸਮਰੱਥਾ 684 ਕਰੋੜ ਲਿਟਰ ਹੈ। ਇਨ੍ਹਾਂ ਵਿੱਚੋਂ ਚਾਰ ਪੰਜਾਬ ਦੀਆਂ ਵੱਖ-ਵੱਖ ਡਿਸਟਿਲਰੀਆਂ ਨਾਲ ਵੀ ਜੁੜੇ ਹੋਏ ਹਨ। ਸੂਬੇ ਅੰਦਰ ਅਜਿਹੇ ਹੋਰ ਪਲਾਂਟ ਸਥਾਪਤ ਹੋਣ ਨਾਲ ਦੇਸ਼ ਭਰ ਦੀ ਉਤਪਾਦਨ ਸਮਰੱਥਾ 775 ਕਰੋੜ ਲਿਟਰ ਰੋਜ਼ਾਨਾ ਤੱਕ ਪੁੱਜਣ ਦੀ ਉਮੀਦ ਹੈ, ਜਿਸ ਨਾਲ ਦੇਸ਼ ਦੀ ਲਗਪਗ 30 ਹਜ਼ਾਰ ਕਰੋੜ ਰੁਪਏ ਦੀ ਵਿਦੇਸ਼ੀ ਮੁਦਰਾ ਦੀ ਬੱਚਤ ਹੋਵੇਗੀ। ਵਰਤਮਾਨ ਸਮੇਂ ਅੰਦਰ ਦੇਸ਼ ਭਰ ਵਿੱਚ ਲਗਪਗ 8.5 ਫ਼ੀਸਦੀ ਈਥਾਨੋਲ ਪੈਟਰੋਲ ਵਿੱਚ ਮਿਲਾਇਆ ਜਾਂਦਾ ਹੈ ਤੇ ਸਾਲ 2025 ਤੱਕ ਈਥਾਨੋਲ ਦੀ ਵਰਤੋਂ 20 ਫ਼ੀਸਦੀ ਤੱਕ ਵਧਣ ਦੀ ਉਮੀਦ ਹੈ। ਪੰਜਾਬ ਵਿੱਚ ਈਥਾਨੋਲ ਪ੍ਰਾਜੈਕਟ ਸਥਾਪਤ ਕਰਨ ਲਈ ਕਾਰੋਬਾਰੀਆਂ ਦੀ ਦਿਲਚਸਪੀ ਦਾ ਮੁੱਖ ਕਾਰਨ ਪਾਣੀ ਤੇ ਅਨਾਜ ਦੀ ਭਰਪੂਰ ਸਪਲਾਈ ਹੈ। ਪੰਜਾਬ ਅੰਦਰ ਭਾਰੀ ਮਾਤਰਾ ਵਿੱਚ ਮੌਜੂਦ ਮੁੱਖ ਫ਼ਸਲਾਂ ਕਣਕ, ਝੋਨਾ, ਮੱਕੀ ਅਤੇ ਗੰਨਾ ਇਸ ਉਦਯੋਗ ਦੇ ਕੱਚੇ ਮਾਲ ਦਾ ਮੁੱਖ ਸਰੋਤ ਹਨ। ਖੇਤਾਂ ਵਿੱਚ ਬਚੇ ਗ਼ੈਰ-ਖਾਣਯੋਗ ਖੇਤੀ ਰਹਿੰਦ-ਖੂੰਹਦ, ਮੱਕੀ ਦੇ ਛਿਲਕੇ, ਪਰਾਲੀ, ਕਣਕ ਦੇ ਨਾੜ ਦੀ ਵੀ ਵਰਤੋਂ ਹੁੰਦੀ ਹੈ।

Advertisement

ਲੋਕਾਂ ਵੱਲੋਂ ਈਥਾਨੋਲ ਫੈਕਟਰੀਆਂ ਦਾ ਹੋ ਰਿਹੈ ਵਿਰੋਧ

ਈਥਾਨੋਲ ਤੇ ਸ਼ਰਾਬ ਤਿਆਰ ਕਰਨ ਵਾਲੀਆਂ ਫੈਕਟਰੀਆਂ ਨੂੰ ਆਪਣੇ ਉਤਪਾਦ ਤਿਆਰ ਕਰਨ ਲਈ ਵੱਡੇ ਪੱਧਰ ’ਤੇ ਪਾਣੀ ਦੀ ਜ਼ਰੂਰਤ ਪੈਂਦੀ ਹੈ, ਜੋ ਆਮ ਤੌਰ ’ਤੇ ਪ੍ਰਦੂਸ਼਼ਣ ਫੈਲਾਉਣ ਦਾ ਸਬੱਬ ਬਣਦਾ ਹੈ। ਇਸੇ ਕਾਰਨ ਅਜਿਹੀਆਂ ਫੈਕਟਰੀਆਂ ਦਾ ਲੋਕਾਂ ਵੱਲੋਂ ਵਿਰੋਧ ਵੀ ਕੀਤਾ ਜਾ ਰਿਹਾ ਹੈ। ਰੂਪਨਗਰ ਜ਼ਿਲ੍ਹੇ ਅੰਦਰ ਲੋਕਾਂ ਦੇ ਵਿਰੋਧ ਕਾਰਨ ਉਸਾਰੀ ਅਧੀਨ ਈਥਾਨੋਲ ਫੈਕਟਰੀ ਦੀ ਉਸਾਰੀ ’ਤੇ ਪ੍ਰਸ਼ਾਸਨ ਅਤੇ ਪ੍ਰਦੂਸ਼ਣ ਵਿਭਾਗ ਵੱਲੋਂ ਹਾਲ ਦੀ ਘੜੀ ਰੋਕ ਲਗਾ ਦਿੱਤੀ ਗਈ ਹੈ। ਪਾਣੀ ਦੇ ਪ੍ਰਦੂਸ਼ਣ ਸਬੰਧੀ ਪੁੱਛੇ ਜਾਣ ਤੇ ਵਾਤਾਵਰਨ ਵਿਭਾਗ ਰੂਪਨਗਰ ਦੇ ਐੱਸਡੀਓ ਚਰਨਜੀਤ ਸਿੰਘ ਰਾਏ ਨੇ ਕਿਹਾ ਕਿ ਉਨ੍ਹਾਂ ਦੇ ਵਿਭਾਗ ਵੱਲੋਂ ਨਿਰਧਾਰਿਤ ਮਾਪਦੰਡਾਂ ਅਨੁਸਾਰ ਸਮੇਂ-ਸਮੇਂ ’ਤੇ ਚੈਕਿੰਗ ਕੀਤੀ ਜਾਂਦੀ ਹੈ ਤੇ ਮਾਪਦੰਡਾਂ ਦੀ ਉਲੰਘਣਾ ਕਰਨ ਵਾਲੇ ਅਦਾਰਿਆਂ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਂਦੀ ਹੈ।

Advertisement
Author Image

joginder kumar

View all posts

Advertisement
Advertisement
×