ਪਟਿਆਲਾ ਅਤੇ ਸੰਗਰੂਰ ਜ਼ਿਲ੍ਹੇ ਵਿੱਚ ਪੰਜਾਬ ਬੰਦ ਨੂੰ ਭਰਵਾਂ ਹੁੰਗਾਰਾ
ਸਰਬਜੀਤ ਸਿੰਘ ਭੰਗੂ
ਪਟਿਆਲਾ, 30 ਦਸੰਬਰ
ਕਿਸਾਨਾਂ ਦੇ ਪੰਜਾਬ ਬੰਦ ਦੇ ਸੱਦੇ ਨੂੰ ਪਟਿਆਲਾ ਜ਼ਿਲ੍ਹੇ ’ਚ ਭਰਵਾਂ ਹੁੰਗਾਰਾ ਮਿਲਿਆ। ਗਿਆਰਾਂ ਮਹੀਨਿਆਂ ਤੋਂ ਜਾਰੀ ਧਰਨਿਆਂ ਵਾਲੇ ਬਾਰਡਰ ਸ਼ੰਭੂ ਅਤੇ ਢਾਬੀਗੁੱਜਰਾਂ ਪਟਿਆਲਾ ਜ਼ਿਲ੍ਹੇ ’ਚ ਹਨ, ਜਿਸ ਕਰਕੇ ਇੱਥੇ ਬੰਦ ਦਾ ਹੋਰ ਵੀ ਵਧੇਰੇ ਅਸਰ ਰਿਹਾ। ਉਕਤ ਦੋਵੇਂ ਬਾਰਡਰਾਂ ’ਤੇ ਜਾਰੀ ਮੋਰਚਿਆਂ ਵਾਲੇ ਕਿਸਾਨਾਂ ਨੇ ਵੀ ਸ਼ੰਭੂ ਸਟੇੇਸ਼ਨ ਅਤੇ ਪਾਤੜਾਂ ਖੇਤਰ ’ਚ ਕਈ ਥਾਈਂ ਧਰਨੇ ਦਿੱਤੇ, ਜਿਨ੍ਹਾਂ ਨੂੰ ਬਿਜਲੀ ਮੁਲਾਜ਼ਮਾਂ ਸਮੇਤ ਹੋਰ ਕਈ ਵਰਗਾਂ ਦਾ ਸਮਰਥਨ ਮਿਲਿਆ। ਇਸ ਦੌਰਾਨ ਕਿਸਾਨਾਂ ਵੱਲੋਂ ਰੇਲਵੇ ਲਾਈਨਾਂ ਸਮੇਤ ਸੜਕੀ ਆਵਾਜਾਈ ਠੱਪ ਕੀਤੀ ਗਈ ਪਰ ਐਮਰਜੈਂਸੀ ਸੇਵਾਵਾਂ ਵਾਲੇ ਵਾਹਨਾਂ ਲੰਘਣ ਦਿੱਤਾ ਗਿਆ। ਧਰੇੜੀ ਜੱਟਾਂ ਅਤੇ ਕਲਿਆਣ ਸਥਿਤ ਟੌਲ ਪਲਾਜ਼ਿਆਂ ਸਮੇਤ ਸ਼ੰਭੂ, ਮਹਿਮਦਪੁਰ, ਹਰਦਾਸਪੁਰ, ਜੌੜੀਆਂ ਸੜਕਾਂ, ਸਿੱਧੂਵਾਲ, ਫੱਗਣਮਾਜਰਾ ਅਤੇ ਚੱਪੜ ਆਦਿ ਥਾਵਾਂ ’ਤੇੇ ਸੜਕੀ ਅਤੇ ਰੇਲਵੇ ਆਵਾਜਾਈ ਰੋਕ ਕੇ ਰੱਖੀ ਗਈ। ਇਨ੍ਹਾਂ ਵੱਖ ਵੱਖ ਧਰਨਿਆਂ ’ਤੇ ਕਿਸਾਨ ਯੂਨੀਅਨ ਕ੍ਰਾਂਤੀਕਾਰੀ, ਕਿਸਾਨ ਯੂਨੀਅਨ ਆਜ਼ਾਦ, ਕਿਸਾਨ ਯੂਨੀਅਨ ਭਟੇੜੀ, ਕਿਸਾਨ ਮਜ਼ਦੂਰ ਯੂਨੀਅਨ ਅਤੇ ਕਿਸਾਨ ਯੂਨੀਅਨ ਸਿੱਧੂਪੁਰ ਦੇ ਆਗੂਆਂ ਨੇ ਸੰਬੋਧਨ ਕੀਤਾ। ਜਿਨ੍ਹਾਂ ਵਿੱਚ ਮਨਜੀਤ ਨਿਆਲ਼, ਰਣਜੀਤ ਸਵਾਜਪੁਰ, ਗੁਰਧਿਆਨ ਸਿਓਣਾ, ਅਜਾਇਬ ਟਿਵਾਣਾ, ਸਤਵੰਤ ਵਜੀਦਪੁਰ, ਜਰਨੈਲ ਕਾਲੇਕੇ, ਬਲਕਾਰ ਬੈਂਸ, ਯਾਦਵਿੰਦਰ ਬੁਰੜ, ਇੰਦਰਮੋਹਨ ਘੁਮਾਣਾ, ਗੁਰਨਾਮ ਢੈਂਠਲ, ਜਗਜੀਤ ਨੱਥੂਮਾਜਰਾ, ਦੇਵਿੰਦਰ ਕੌਰ ਹਰਦਾਸਪੁਰ ਤੇ ਜੰਗ ਸਿੰਘ ਭਟੇੜੀ ਆਦਿ ਦੇ ਨਾਮ ਸ਼ਾਮਲ ਹਨ। ਐੱਸਕੇਐੱਮ ਨਾਲ ਸਬੰਧਤ ਕਿਸਾਨ ਯੂਨੀਅਨ ਉਗਰਾਹਾਂ, ਕਿਸਾਨ ਯੂਨੀਅਨ ਡਕੌਂਦਾ ਤੇ ਕ੍ਰਾਂਤਕਾਰੀ ਕਿਸਾਨ ਯੂਨੀਅਨ ਨੇ ਵੀ ਸਹਿਯੋਗ ਦਿੱਤਾ। ਇਨ੍ਹਾਂ ਵੱਲੋਂ ਜਸਵਿੰਦਰ ਬਰਾਸ, ਗੁਰਮੀਤ ਦਿੱਤੂਪੁਰ, ਬਲਰਾਜ ਜੋਸ਼ੀ, ਗੁਰਮੇਲ ਢਕੜੱਬਾ ਅਤੇ ਅਵਤਾਰ ਕੌਰਜੀਵਾਲਾ ਆਦਿ ਨੇ ਸੰਬੋਧਨ ਕੀਤਾ। ਹੋ ਜਥੇਬੰਦੀਆਂ ਤੋਂ ਪ੍ਰਗਟ ਕਾਲਾਝਾੜ, ਡਾ. ਹਾਕਮ ਸਿੰਘ, ਪਰਵਿੰਦਰ ਬਾਬਰਪੁਰ, ਬਲਕਾਰ ਸਿੱਧੂਵਾਲ ਅਤੇ ਯਾਦਵਿੰਦਰ ਕੂਕਾ ਆਦਿ ਨੇ ਸੰਬੋਧਨ ਕੀਤਾ। ਬੁਲਾਰਿਆਂ ਨੇ ਕੇਂਦਰ ਸਰਕਾਰ ਦੇ ਅੜੀਅਲ ਵਤੀਰੇ ਦੀ ਨਿੰਦਾ ਕਰਦਿਆਂ ਸੁਪਰੀਮ ਕੋਰਟ ਤੋਂ ਕੇਂਦਰ ਨੂੰ ਹਦਾਇਤ ਜਾਰੀ ਕਰਨ ਦੀ ਮੰਗ ਕੀਤੀ। ਉਗਰਾਹਾਂ ਗਰੁੱਪ ਨੇ ਕੇਂਦਰ ਦੇ ਪੁਤਲੇ ਵੀ ਫੂਕੇ।
ਸੰਗਰੂਰ (ਗੁਰਦੀਪ ਸਿੰਘ ਲਾਲੀ):
ਸੰਯੁਕਤ ਕਿਸਾਨ ਮੋਰਚਾ ਗੈਰ-ਰਾਜਨੀਤਕ ਅਤੇ ਕਿਸਾਨ ਮਜ਼ਦੂਰ ਮੋਰਚਾ ਵਲੋਂ ਪੰਜਾਬ ਬੰਦ ਦੇ ਦਿੱਤੇ ਸੱਦੇ ਤਹਿਤ ਅੱਜ ਸੰਗਰੂਰ ਸ਼ਹਿਰ ਮੁਕੰਮਲ ਰੂਪ ਵਿਚ ਬੰਦ ਰਿਹਾ। ਸ਼ਹਿਰ ਦੇ ਸਮੁੱਚੇ ਬਜ਼ਾਰ ਬੰਦ ਰਹੇ। ਬੱਸ ਸਟੈਂਡ ਬੰਦ ਰਿਹਾ ਅਤੇ ਰੋਡਵੇਜ਼ ਦੀਆਂ ਲਾਰੀਆਂ ਦਾ ਚੱਕਾ ਜਾਮ ਰਿਹਾ ਅਤੇ ਪ੍ਰਾਈਵੇਟ ਬੱਸ ਸਰਵਿਸ ਵੀ ਬੰਦ ਰਹੀ। ਸ਼ਹਿਰ ਵਿਚ ਹਰ ਕਿੱਤੇ ਨਾਲ ਸਬੰਧਤ ਵਪਾਰੀ ਵਰਗ ਵਲੋਂ ਆਪਣੀਆਂ ਦੁਕਾਨਾਂ ਬੰਦ ਰੱਖੀਆਂ। ਸ਼ਹਿਰ ਦੀ ਪ੍ਰਮੁੱਖ ਕਿਲਾ ਮਾਰਕੀਟ ਅਤੇ ਕੌਲਾ ਪਾਰਕ ਮਾਰਕੀਟ ਵੀ ਮੁਕੰਮਲ ਬੰਦ ਰਹੀ। ਤਹਿਸੀਲ ਕੰਪਲੈਕਸ ਵਿਚ ਅਰਜ਼ੀ ਨਵੀਸਾਂ ਅਤੇ ਟਾਈਪਿਸਟਾਂ ਵਲੋਂ ਵੀ ਮੁਕੰਮਲ ਬੰਦ ਰੱਖਿਆ। ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਵੱਖ-ਵੱਖ ਵਿਭਾਗਾਂ ਦੇ ਦਫ਼ਤਰ ਭਾਵੇਂ ਖੁੱਲ੍ਹੇ ਰਹੇ ਪਰ ਦਫ਼ਤਰਾਂ ਵਿਚ ਸੁੰਨਸਾਨ ਪੱਸਰੀ ਹੋਈ ਸੀ।
ਇਸ ਤੋਂ ਇਲਾਵਾ ਸ਼ਹਿਰ ’ਚੋਂ ਲੰਘਦੇ ਕੌਮੀ ਹਾਈਵੇਅ-7 ਅਤੇ ਸਟੇਟ ਹਾਈਵੇਅ-11 ਸਮੇਤ ਹੋਰ ਵੱਖ-ਵੱਖ ਮਾਰਗਾਂ ਉਪਰ ਆਵਾਜਾਈ ਲਗਭਗ ਠੱਪ ਰਹੀ। ਪਿੰਡ ਬਡਰੁੱਖਾਂ ’ਚ ਡਰੇਨ ਦੇ ਪੁਲ ਉਪਰ ਜ਼ੀਰਕਪੁਰ-ਬਠਿੰਡਾ ਕੌਮੀ ਹਾਈਵੇਅ ’ਤੇ ਕਿਸਾਨਾਂ ਵਲੋਂ ਆਵਾਜਾਈ ਠੱਪ ਕਰਕੇ ਰੋਸ ਧਰਨਾ ਦਿੱਤਾ ਗਿਆ ਜਦੋਂ ਕਿ ਸ਼ਹਿਰ ਵਿਚ ਨਾਨਕਿਆਣਾ ਚੌਂਕ ’ਚ ਵੀ ਕਿਸਾਨ ਆਵਾਜਾਈ ਠੱਪ ਕਰਕੇ ਰੋਸ ਧਰਨੇ ਉਪਰ ਡਟੇ ਰਹੇ। ਇਨ੍ਹਾਂ ਰੋਸ ਧਰਨਿਆਂ ’ਤੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਭਾਕਿਯੂ ਏਕਤਾ ਆਜ਼ਾਦ ਦੇ ਜ਼ਿਲ੍ਹਾ ਪ੍ਰਧਾਨ ਕੁਲਵਿੰਦਰ ਸਿੰਘ ਸੋਨੀ ਨੇ ਦੱਸਿਆ ਕਿ ਅੱਜ ਜ਼ਿਲ੍ਹੇ ਵਿਚ 11 ਥਾਵਾਂ ਉਪਰ ਆਵਾਜਾਈ ਠੱਪ ਕਰਕੇ ਰੋਸ ਧਰਨੇ ਦਿੱਤੇ ਗਏ ਹਨ।
ਸੁਨਾਮ ਊਧਮ ਸਿੰਘ ਵਾਲਾ (ਬੀਰਇੰਦਰ ਸਿੰਘ ਬਨਭੌਰੀ):
ਪੰਜਾਬ ਬੰਦ ਦੇ ਸੱਦੇ ਨੂੰ ਸੁਨਾਮ ਵਿੱਚ ਵੀ ਭਰਵਾਂ ਹੁੰਗਾਰਾ ਮਿਲਿਆ। ਇਸ ਦੌਰਾਨ ਸ਼ਹਿਰ ਦੇ ਬਾਜ਼ਾਰ, ਅਨਾਜ ਅਤੇ ਸਬਜ਼ੀ ਮੰਡੀ ਦੇ ਨਾਲ-ਨਾਲ ਰੇਲ ਅਤੇ ਬੱਸ ਸੇਵਾ ਵੀ ਮੁਕੰਮਲ ਤੌਰ ’ਤੇ ਬੰਦ ਰਹੀ। ਇੱਥੋਂ ਤੱਕ ਕਿ ਸਬਜ਼ੀ ਦੀਆਂ ਰੇਹੜੀਆਂ, ਚਾਹ ਦੀਆਂ ਦੁਕਾਨਾਂ ਅਤੇ ਢਾਬੇ ਵੀ ਬੰਦ ਨਜ਼ਰ ਆਏ। ਇਸ ਦੌਰਾਨ ਭਾਰਤੀ ਕਿਸਾਨ ਯੂਨੀਅਨ ਏਕਤਾ ਆਜ਼ਾਦ ਦੀ ਅਗਵਾਈ ਹੇਠ ਕਿਸਾਨਾਂ ਵਲੋਂ ਸੁਨਾਮ-ਸੰਗਰੂਰ ਸੜਕ ’ਤੇ ਪਿੰਡ ਕੁਲਾਰ ਖੁਰਦ ਦੇ ਬੱਸ ਸਟੈਂਡ ਤੇ ਧਰਨਾ ਦੇਕੇ ਕੇਂਦਰ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਜਥੇਬੰਦੀ ਦੇ ਜ਼ਿਲ੍ਹਾ ਆਗੂ ਹਰਦੇਵ ਸਿੰਘ ਕੁਲਾਰ ਤੇ ਗੁਰਪ੍ਰੀਤ ਸਿੰਘ ਨੇ ਸੰਬੋਧਨ ਕੀਤਾ।
ਸਮਾਣਾ (ਅਸ਼ਵਨੀ ਗਰਗ/ਸੁਭਾਸ਼ ਚੰਦਰ):
ਸਮਾਣਾ ਵਿੱਚ ਬੰਦ ਨੂੰ ਭਰਵਾਂ ਹੁੰਗਾਰਾਂ ਮਿਲਿਆ ਤੇ ਬਾਜ਼ਾਰ ਬੰਦ ਰਹੇ। ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਪ੍ਰਧਾਨ ਗੁਰਨਾਮ ਸਿੰਘ ਢੈਂਠਲ ਦੀ ਅਗਵਾਈ ਹੇਠ ਸਥਾਨਕ ਬਾਬਾ ਬੰਦਾ ਸਿੰਘ ਬਹਾਦਰ ਚੌਕ ਵਿਚ ਧਰਨਾ ਲਗਾਇਆ ਗਿਆ ਤੇ ਆਵਾਜਾਈ ਬੰਦ ਕੀਤੀ ਗਈ।
ਦੇਵੀਗੜ੍ਹ (ਮੁਖਤਿਆਰ ਸਿੰਘ ਨੌਗਾਵਾਂ):
ਕਸਬਾ ਦੇਵੀਗੜ੍ਹ ਅਤੇ ਨਾਲ ਲੱਗਦੇ ਕਸਬੇ ਭੁਨਰਹੇੜੀ, ਦੁੱਧਨਸਾਧਾਂ, ਮਸੀਂਗਣ ਅਤੇ ਰੌਹੜ ਜਾਗੀਰ ਬੰਦ ਰਹੇ। ਦੇਵੀਗੜ੍ਹ ਘੱਗਰ ਪੁਲ ’ਤੇ ਧਰਨੇ ਦੀ ਅਗਵਾਈ ਕਿਸਾਨ ਆਗੂ ਸਤਨਾਮ ਸਿੰਘ ਬਹਿਰੂ ਦੀ ਟੀਮ ਵੱਲੋਂ ਕੀਤੀ ਗਈ ਜਿਨ੍ਹਾਂ ਨੇ ਸਵੇਰੇ 7 ਵਜੇ ਤੋਂ ਸ਼ਾਮ 4 ਵਜੇ ਤੱਕ ਪਟਿਆਲਾ-ਪਿਹੋਵਾ ਵਾਇਆ ਦੇਵੀਗੜ੍ਹ ਰਾਜ ਮਾਰਗ ਜਾਮ ਰੱਖਿਆ। ਇਸ ਦੌਰਾਨ ਸੜਕਾਂ ’ਤੇ ਆਾਵਾਜਾਈ ਬੰਦ ਰਹੀ।
ਲਹਿਰਾਗਾਗਾ (ਰਮੇਸ਼ ਭਾਰਦਵਾਜ):
ਭਾਰਤੀ ਕਿਸਾਨ ਯੂਨੀਅਨ ਏਕਤਾ ਆਜ਼ਾਦ ਬਲਾਕ ਲਹਿਰਾਗਾਗਾ ਵੱਲੋਂ ਬਲਾਕ ਪ੍ਰਧਾਨ ਮੱਖਣ ਸਿੰਘ ਪਾਪੜਾ ਦੀ ਅਗਵਾਈ ਹੇਠ ਲਹਿਰਾਗਾਗਾ ਨਹਿਰ ਦੇ ਪੁਲ ’ਤੇ ਆਵਾਜਾਈ ਰੋਕੀ ਗਈ। ਇਸ ਤੋਂ ਇਲਾਵਾ ਸੀਨੀਅਰ ਆਗੂ ਲੀਲਾ ਸਿੰਘ ਚੋਟੀਆਂ ਦੀ ਅਗਵਾਈ ਹੇਠ ਗੁਰਨੇ ਸਟੇਸ਼ਨ ’ਤੇ ਧਰਨਾ ਦਿੱਤਾ ਗਿਆ। ਇਸੇ ਦੌਰਾਨ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਅਨਾਜ ਮੰਡੀ ਲਹਿਰਾਗਾਗਾ ਇੱਕਠੇ ਹੋਕੇ ਕੇਦਰ ਸਰਕਾਰ ਦਾ ਮੇਨ ਬਾਜ਼ਾਰ ਲਹਿਰਾਗਾਗਾ ਵਿੱਚ ਅਰਥੀ ਫੂਕ ਮੁਜ਼ਾਹਰਾ ਕੀਤਾ ਗਿਆ।
ਸੰਦੌੜ (ਮੁਕੰਦ ਸਿੰਘ ਚੀਮਾ):
ਕਸਬਾ ਸੰਦੌੜ ਦੇ ਮੁੱਖ ਚੌਕ ਵਿਚ ਭਾਰਤੀ ਕਿਸਾਨ ਯੂਨੀਅਨ ਏਕਤਾ (ਆਜ਼ਾਦ) ਦੇ ਜ਼ਿਲ੍ਹਾ ਪ੍ਰਧਾਨ ਸ਼ੇਰ ਸਿੰਘ ਮਹੋਲੀ ਦੀ ਅਗਵਾਈ ਹੇਠ ਕਿਸਾਨਾਂ ਨੇ ਇਕੱਠੇ ਹੋ ਕੇ ਪ੍ਰਦਰਸ਼ਨ ਕੀਤਾ। ਇਸ ਮੌਕੇ ਮਨਜੀਤ ਸਿੰਘ ਫਰਵਾਲੀ, ਜਰਨੈਲ ਸਿੰਘ ਬਈਏਵਾਲ ਤੇ ਅਮਰਜੀਤ ਸਿੰਘ ਮਹੇਰਨਾ ਆਦਿ ਨੇ ਸੰਬੋਧਨ ਕੀਤਾ।
ਡਕਾਲਾ (ਮਾਨਵਜੋਤ ਭਿੰਡਰ):
ਡਕਾਲਾ ਖੇਤਰ ’ਚ ਕਿਸਾਨ ਜਥੇਬੰਦੀਆਂ ਦੇ ਬੰਦ ਦੇ ਸੱਦੇ ਨੂੰ ਭਰਵਾਂ ਹੁੰਗਾਰਾ ਮਿਲਿਆ| ਸਥਾਨਕ ਕਸਬੇ ਦੇ ਬਾਜ਼ਾਰ ਮੁਕੰਮਲ ਤੌਰ ’ਤੇ ਬੰਦ ਰਹੇ| ਕਸਬਾ ਬਲਬੇੜਾ ਵਿਖੇ ਵੀ ਬੰਦ ਨੂੰ ਭਰਵਾਂ ਸਮਰਥਨ ਮਿਲਿਆ| ਸਵੇਰ ਤੋਂ ਸ਼ਾਮ ਚਾਰ ਵਜੇ ਤੱਕ ਬਾਜ਼ਾਰ ਤੇ ਆਵਾਜਾਈ ਪੂਰੀ ਤਰ੍ਹਾਂ ਬੰਦ ਰਹੀ| ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਸਨੌਰ ਬਲਾਕ ਦੇ ਯੂਥ ਪ੍ਰਧਾਨ ਤੇ ਕਿਸਾਨ ਆਗੂ ਰਣਧੀਰ ਸਿੰਘ ਭੋਲਾ ਦੀ ਅਗਵਾਈ ਹੇਠ ਬਲਬੇੜਾ ਵਿਖੇ ਪ੍ਰਦਰਸ਼ਨ ਕੀਤਾ ਗਿਆ।
ਸ਼ੇਰਪੁਰ (ਬੀਰਬਲ ਰਿਸ਼ੀ):
ਸ਼ੇਰਪੁਰ ਵਿੱਚ ਧਰਨੇ ਨੂੰ ਨਸ਼ਾ ਰੋਕੂ ਕਮੇਟੀ ਸ਼ੇਰਪੁਰ ਦੇ ਆਗੂ ਬਲਵਿੰਦਰ ਸਿੰਘ ਬਿੰਦਾ ਖੇੜੀ, ਅਕਾਲੀ ਦਲ ਅੰਮ੍ਰਿਤਸਰ ਦੇ ਆਗੂ ਨਰਿੰਦਰ ਸਿੰਘ ਕਾਲਾਬੂਲਾ, ਸਰਪੰਚ ਰਣਜੀਤ ਸਿੰਘ ਕਾਲਾਬੂਲਾ, ਜਸਵੀਰ ਸਿੰਘ ਖੇੜੀ ਤੇ ਸਾਬਕਾ ਸਰਪੰਚ ਰਣਜੀਤ ਸਿੰਘ ਸ਼ੇਰਪੁਰ ਆਦਿ ਨੇ ਸੰਬੋਧਨ ਕੀਤਾ।
ਪਾਤੜਾਂ (ਗੁਰਨਾਮ ਸਿੰਘ ਚੌਹਾਨ):
ਪਾਤੜਾਂ ਸ਼ਹਿਰ, ਨਿਆਲ ਅਤੇ ਆਸ ਪਾਸ ਦੇ ਪਿੰਡਾਂ ਤੇ ਕਸਬਿਆਂ ’ਚ ਬੰਦ ਨੂੰ ਭਰਵਾਂ ਹੁੰਗਾਰਾ ਮਿਲਿਆ। ਦਿੱਲੀ-ਸੰਗਰੂਰ ਕੌਮੀ ਮੁੱਖ ਮਾਰਗ ’ਤੇ ਸ਼ਹਿਰ ਦੇ ਸ਼ਹੀਦ ਭਗਤ ਸਿੰਘ ਚੌਕ ਪਾਤੜਾਂ ਵਿੱਚ ਕਿਸਾਨਾਂ ਵੱਲੋਂ ਧਰਨਾ ਦਿੱਤਾ ਗਿਆ।