Punjab Bandh: ਕਿਸਾਨਾਂ ਦੇ ‘ਪੰਜਾਬ ਬੰਦ’ ਦੇ ਸੱਦੇ ਨੂੰ ਭਰਵਾਂ ਹੁੰਗਾਰਾ
* ਐੱਮਐੱਸਪੀ ਦੀ ਕਾਨੂੰਨੀ ਗਾਰੰਟੀ ਤੇ ਹੋਰ ਮੰਗਾਂ ਮੰਨੇ ਜਾਣ ਤੱਕ ਸੰਘਰਸ਼ ਜਾਰੀ ਰੱਖਣ ਦਾ ਐਲਾਨ
* ਪੰਜਾਬ ਭਰ ’ਚ 170 ਰੇਲ ਗੱਡੀਆਂ ਤੇ 550 ਬੱਸਾਂ ਰੱਦ ਹੋਈਆਂ
* ਦਿਨ ਭਰ ਖੱਜਲ-ਖੁਆਰ ਹੋਏ ਲੋਕ
ਆਤਿਸ਼ ਗੁਪਤਾ
ਚੰਡੀਗੜ੍ਹ, 30 ਦਸੰਬਰ
ਸੰਯੁਕਤ ਕਿਸਾਨ ਮੋਰਚਾ (ਗੈਰ-ਸਿਆਸੀ) ਅਤੇ ਕਿਸਾਨ ਮਜ਼ਦੂਰ ਮੋਰਚਾ ਵੱਲੋਂ ਸਾਰੀਆਂ ਫ਼ਸਲਾਂ ਦੀ ਐੱਮਐੱਸਪੀ ’ਤੇ ਕਾਨੂੰਨੀ ਗਾਰੰਟੀ ਤੇ ਕਿਸਾਨਾਂ-ਮਜ਼ਦੂਰਾਂ ਦੀਆਂ ਹੋਰ ਮੰਗਾਂ ਦੇ ਹੱਕ ’ਚ ਦਿੱਤੇ ‘ਪੰਜਾਬ ਬੰਦ’ ਦੇ ਸੱਦੇ ਨੂੰ ਅੱਜ ਭਰਵਾਂ ਹੁੰਗਾਰਾ ਮਿਲਿਆ ਹੈ। ਕਿਸਾਨਾਂ ਨੇ ਸਵੇਰੇ 7 ਵਜੇ ਹੀ ਸੂਬੇ ਵਿੱਚ 200 ਤੋਂ ਵੱਧ ਥਾਵਾਂ ’ਤੇ ਡੇਰੇ ਲਾ ਕੇ ਸੜਕਾਂ ਅਤੇ ਰੇਲ ਆਵਾਜਾਈ ਮੁਕੰਮਲ ਤੌਰ ’ਤੇ ਠੱਪ ਕਰ ਦਿੱਤੀ, ਜੋ 9 ਘੰਟੇ ਬਾਅਦ ਸ਼ਾਮ 4 ਵਜੇ ਤੋਂ ਬਾਅਦ ਹੀ ਬਹਾਲ ਕੀਤੀ ਗਈ। ਇਸ ਦੌਰਾਨ ਪੰਜਾਬ ਦੇ ਸਾਰੇ ਬਾਜ਼ਾਰ, ਮੰਡੀਆਂ ਤੇ ਨਿੱਜੀ ਖੇਤਰ ਨਾਲ ਜੁੜੇ ਦਫ਼ਤਰ ਬੰਦ ਰਹੇ ਹਨ। ਕਿਸਾਨ ਆਗੂਆਂ ਨੇ ਸੂਬੇ ਦੇ ਵੱਖ-ਵੱਖ ਇਲਾਕਿਆਂ ਵਿੱਚ ਪਹੁੰਚ ਕੇ ਖੁੱਲ੍ਹੀਆਂ ਦੁਕਾਨਾਂ, ਸਰਕਾਰੀ ਤੇ ਨਿੱਜੀ ਦਫ਼ਤਰਾਂ ਨੂੰ ਵੀ ਬੰਦ ਕਰਵਾਇਆ ਗਿਆ। ਹਾਲਾਂਕਿ ਇਸ ਦੌਰਾਨ ਐਮਰਜੈਂਸੀ ਸੇਵਾਵਾਂ ਨੂੰ ਨਹੀਂ ਰੋਕਿਆ ਗਿਆ। ‘ਪੰਜਾਬ ਬੰਦ’ ਵਿੱਚ ਸੂਬੇ ਦੇ ਵੱਡੀ ਗਿਣਤੀ ਵਪਾਰੀ, ਧਾਰਮਿਕ ਸੰਸਥਾਵਾਂ, ਮੁਲਾਜ਼ਮ, ਵਿਦਿਆਰਥੀ, ਟਰਾਂਸਪੋਰਟਰ ਅਤੇ ਹੋਰਨਾਂ ਜਥੇਬੰਦੀਆਂ ਸ਼ਾਮਲ ਸਨ, ਜਿਨ੍ਹਾਂ ਬੰਦ ਲਈ ਭਰਵਾਂ ਸਹਿਯੋਗ ਦਿੱਤਾ। ਇਸ ਦੌਰਾਨ ਵੱਡੀ ਗਿਣਤੀ ਵਿੱਚ ਨੌਜਵਾਨ, ਕਿਸਾਨ, ਮਜ਼ਦੂਰ, ਬਜ਼ੁਰਗ ਤੇ ਔਰਤਾਂ ਨੇ ਵੀ ਸ਼ਮੂਲੀਅਤ ਕੀਤੀ। ਕਿਸਾਨਾਂ ਨੇ ਐੱਮਐੱਸਪੀ ਦੀ ਕਾਨੂੰਨੀ ਗਾਰੰਟੀ ਤੇ ਹੋਰਨਾਂ ਕਿਸਾਨਾਂ ਤੇ ਮਜ਼ਦੂਰਾਂ ਦੀਆਂ ਮੰਗਾਂ ਮੰਨੇ ਜਾਣ ਤੱਕ ਸੰਘਰਸ਼ ਜਾਰੀ ਰੱਖਣ ਦਾ ਐਲਾਨ ਕੀਤਾ ਹੈ।
ਸੰਯੁਕਤ ਕਿਸਾਨ ਮੋਰਚਾ (ਗੈਰ-ਸਿਆਸੀ) ਅਤੇ ਕਿਸਾਨ ਮਜ਼ਦੂਰ ਮੋਰਚਾ ਦੇ ਸੱਦੇ ’ਤੇ ਅੱਜ ਸਵੇਰੇ 7 ਵਜੇ ਹੀ ਵੱਡੀ ਗਿਣਤੀ ਵਿੱਚ ਕਿਸਾਨ ਆਗੂਆਂ ਨੇ ਸੜਕ ਤੇ ਰੇਲ ਆਵਾਜਾਈ ਠੱਪ ਕਰ ਦਿੱਤੀ। ਇਸ ਦੌਰਾਨ ਸੂਬੇ ਵਿੱਚ 170 ਦੇ ਕਰੀਬ ਰੇਲ ਗੱਡੀਆਂ ਅਤੇ 550 ਦੇ ਕਰੀਬ ਬੱਸਾਂ ਰੱਦ ਹੋ ਗਈਆਂ ਹਨ। ‘ਪੰਜਾਬ ਬੰਦ’ ਕਾਰਨ ਸਵੇਰੇ ਤੋਂ ਸ਼ਾਮ ਤੱਕ ਸੂਬੇ ਵਿੱਚ ਨਾ ਤਾਂ ਕੋਈ ਬੱਸ ਦਾਖਲ ਹੋ ਸਕੀ ਅਤੇ ਨਾ ਹੀ ਬਾਹਰ ਗਈ। ਇਸ ਦੌਰਾਨ ਪੈਟਰੋਲ ਪੰਪ ਅਤੇ ਸਮੁੱਚੇ ਬਾਜ਼ਾਰ ਵੀ ਬੰਦ ਰਹੇ। ਹਾਲਾਂਕਿ, ਕਿਸਾਨਾਂ ਵੱਲੋਂ ਬਾਜ਼ਾਰ ਬੰਦ ਕਰਵਾਉਣ ਸਮੇਂ ਪਟਿਆਲਾ, ਲੁਧਿਆਣਾ, ਜਲੰਧਰ, ਫ਼ਰੀਦਕੋਟ ਤੇ ਹੋਰਨਾਂ ਕਈ ਥਾਵਾਂ ’ਤੇ ਕਿਸਾਨਾਂ ਅਤੇ ਵਪਾਰੀਆਂ ਵਿੱਚ ਤਕਰਾਰ ਦੀਆਂ ਘਟਨਾਵਾਂ ਵੀ ਸਾਹਮਣੇ ਆਈਆਂ ਹਨ। ਇਸ ਦੌਰਾਨ ਵੱਡੀ ਗਿਣਤੀ ਵਿੱਚ ਲੋਕਾਂ ਨੂੰ ਵੀ ‘ਪੰਜਾਬ ਬੰਦ’ ਦੌਰਾਨ ਖੱਜਲ-ਖੁਆਰੀ ਦਾ ਸਾਹਮਣਾ ਕਰਨਾ ਪਿਆ। ਉਧਰ ਸੰਯੁਕਤ ਕਿਸਾਨ ਮੋਰਚਾ (ਗੈਰ-ਸਿਆਸੀ) ਅਤੇ ਕਿਸਾਨ ਮਜ਼ਦੂਰ ਮੋਰਚਾ ਦੇ ਸੱਦੇ ’ਤੇ ਪੰਜਾਬ ਵਿੱਚ ਅੱਜ ਸਵੇਰ ਤੋਂ ਹੀ ਸੜਕੀ ਤੇ ਰੇਲ ਆਵਾਜਾਈ ਠੱਪ ਕਰ ਦਿੱਤੀ ਗਈ ਜਿਸ ਕਾਰਨ ਆਮ ਲੋਕਾਂ ਨੂੰ ਖੱਜਲ-ਖੁਆਰ ਹੋਣਾ ਪਿਆ। ਇਸ ਦੌਰਾਨ ਵੱਡੀ ਗਿਣਤੀ ਵਿੱਚ ਲੋਕ ਇੱਕ ਥਾਂ ਤੋਂ ਦੂਜੀ ਥਾਂ ’ਤੇ ਜਾਣ ਵਿੱਚ ਨਾਕਾਮ ਰਹੇ ਜਿਨ੍ਹਾਂ ਨੂੰ ਕਈ-ਕਈ ਘੰਟੇ ਬੱਸ ਸਟੈਂਡਾਂ ਅਤੇ ਰੇਲਵੇ ਸਟੇਸ਼ਨਾਂ ’ਤੇ ਬੈਠਣਾ ਪਿਆ ਜਦਕਿ ਕਈਆਂ ਨੂੰ ਸੜਕਾਂ ’ਤੇ ਰੁਲਣਾ ਪਿਆ। ਵੱਖ-ਵੱਖ ਖੇਤਰਾਂ ਵਿੱਚ ਵਪਾਰੀਆਂ ਦਾ ਕਾਰੋਬਾਰ ਸਾਰਾ ਦਿਨ ਠੱਪ ਰਿਹਾ।
ਡੱਲੇਵਾਲ ਵੱਲੋਂ ਸਾਰੇ ਵਰਗਾਂ ਦਾ ਧੰਨਵਾਦ
ਪਟਿਆਲਾ (ਸਰਬਜੀਤ ਸਿੰਘ ਭੰਗੂ):
ਕਿਸਾਨੀ ਸੰਘਰਸ਼ ਦੀ ਕੜੀ ਵਜੋਂ ਸੰਯੁਕਤ ਕਿਸਾਨ ਮੋਰਚਾ ਗੈਰ-ਸਿਆਸੀ ਅਤੇ ਕਿਸਾਨ ਮਜ਼ਦੂਰ ਮੋਰਚਾ ਵੱਲੋਂ 30 ਦਸੰਬਰ ਨੂੰ ਬੰਦ ਦੇ ਦਿੱਤੇ ਗਏ ਪੰਜਾਬ ਬੰਦ ਦੇ ਸੱਦੇ ਨੂੰ ਭਰਵਾਂ ਹੁੰਗਾਰਾ ਦੇਣ ਲਈ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਸਾਰੇ ਸਹਿਯੋਗੀ ਵਰਗਾਂ ਦਾ ਧੰਨਵਾਦ ਕੀਤਾ ਹੈ। ਇੱਕ ਵੀਡੀਓ ਸੁਨੇਹਾ ਜਾਰੀ ਕਰ ਕੇ ਉਨ੍ਹਾਂ ਕਿਹਾ ਕਿ ‘‘ਉਨ੍ਹਾਂ ਕੋਲ ਸ਼ਬਦ ਨਹੀਂ ਹਨ, ਜਿਨ੍ਹਾਂ ਨਾਲ ਉਹ ਸਭ ਦਾ ਧੰਨਵਾਦ ਕਰ ਸਕਣ।’
ਕਿਸਾਨਾਂ ਨਾਲ ਗੱਲਬਾਤ ਕਰ ਕੇ ਮੰਗਾਂ ਪੂਰੀਆਂ ਕਰੇ ਸਰਕਾਰ: ਪੰਧੇਰ
ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਪੰਜਾਬ ਦੇ ਕਿਸਾਨ 13 ਫਰਵਰੀ ਤੋਂ ਆਪਣੀਆਂ ਹੱਕੀ ਮੰਗਾਂ ਲਾਗੂ ਕਰਵਾਉਣ ਲਈ ਪੰਜਾਬ ਤੇ ਹਰਿਆਣਾ ਦੇ ਬਾਰਡਰਾਂ ’ਤੇ ਸੰਘਰਸ਼ ਕਰ ਰਹੇ ਹਨ, ਪਰ ਕੇਂਦਰ ਸਰਕਾਰ ਕਿਸਾਨਾਂ ਦੀ ਗੱਲ ਸੁਣਨ ਲਈ ਤਿਆਰ ਨਹੀਂ ਹੈ। ਉਨ੍ਹਾਂ ਕਿਹਾ ਕਿ ਖਨੌਰੀ ਬਾਰਡਰ ’ਤੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ 35 ਦਿਨਾਂ ਤੋਂ ਭੁੱਖ ਹੜਤਾਲ ’ਤੇ ਬੈਠੇ ਹਨ, ਜਿਨ੍ਹਾਂ ਦੀ ਸਿਹਤ ਲਗਾਤਾਰ ਵਿਗੜ ਰਹੀ ਹੈ। ਇਸ ਦੇ ਬਾਵਜੂਦ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਦੀ ਸਾਰ ਨਹੀਂ ਲਈ ਜਾ ਰਹੀ ਹੈ। ਉਨ੍ਹਾਂ ਮੰਗ ਕੀਤੀ ਕਿ ਫ਼ਸਲਾਂ ਦੀ ਖ਼ਰੀਦ ’ਤੇ ਐੱਮਐੱਸਪੀ ਦੀ ਕਾਨੂੰਨੀ ਗਾਰੰਟੀ ਅਤੇ ਫ਼ਸਲਾਂ ਦੇ ਭਾਅ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਅਨੁਸਾਰ ਲਾਗੂ ਕੀਤੇ ਜਾਣ। ਇਸ ਤੋਂ ਇਲਾਵਾ ਮਨਰੇਗਾ ਵਿੱਚ 200 ਦਿਨ ਰੁਜ਼ਗਾਰ ਅਤੇ ਦਿਹਾੜੀ 700 ਰੁਪਏ ਕਰਨ, ਕਿਸਾਨਾਂ-ਮਜ਼ਦੂਰਾਂ ਦਾ ਸਮੁੱਚਾ ਕਰਜ਼ਾ ਖਤਮ ਕਰਨ, ਆਦਿਵਾਸੀਆਂ ਦੇ ਅਧਿਕਾਰਾਂ ਦੀ ਰਾਖੀ ਲਈ ਸੰਵਿਧਾਨ ਦੀ 5ਵੀਂ ਸੂਚੀ ਲਾਗੂ ਕਰਨ ਸਮੇਤ ਸਾਰੀਆਂ ਮੰਗਾਂ ਦੇ ਠੋਸ ਹੱਲ ਤੱਕ ਇਹ ਸੰਘਰਸ਼ ਜਾਰੀ ਰਹੇਗਾ। ਉਨ੍ਹਾਂ ਕੇਂਦਰ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਉਹ ਖਨੌਰੀ ਬਾਰਡਰ ’ਤੇ ਕੋਈ ਕਾਰਵਾਈ ਕਰਨ ਦੀ ਥਾਂ ਕਿਸਾਨਾਂ ਨਾਲ ਗੱਲਬਾਤ ਕਰ ਕੇ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਕਰੇ। ਸ੍ਰੀ ਪੰਧੇਰ ਨੇ ‘ਪੰਜਾਬ ਬੰਦ’ ਨੂੰ ਸਫ਼ਲ ਬਣਾਉਣ ਵਿੱਚ ਸਾਥ ਦੇਣ ਵਾਲੇ ਸਮੂਹ ਪੰਜਾਬੀਆਂ ਸਮੇਤ ਸਾਰੀਆਂ ਜਨਤਕ ਤੇ ਟਰੇਡ ਯੂਨੀਅਨਾਂ ਦਾ ਧੰਨਵਾਦ ਕੀਤਾ।
ਪੁਲੀਸ ਕੋਈ ਕਾਰਵਾਈ ਨਹੀਂ ਕਰ ਰਹੀ: ਜਸਕਰਨ ਸਿੰਘ
ਪਟਿਆਲਾ:
ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਜਬਰੀ ਚੁੱਕ ਕੇ ਹਸਪਤਾਲ ਲਿਜਾਣ ਦੀਆਂ ਚਰਚਾਵਾਂ ਸਬੰਧੀ ਸੇਵਾਮੁਕਤ ਏਡੀਜੀਪੀ ਜਸਕਰਨ ਸਿੰਘ ਨੇ ਕਿਹਾ ਕਿ ਪੁਲੀਸ ਅਜਿਹੀ ਕੋਈ ਕਾਰਵਾਈ ਨਹੀਂ ਕਰ ਰਹੀ, ਇਹ ਸਭ ਅਫ਼ਵਾਹਾਂ ਹਨ। ਉਹ ਕਿਸਾਨਾਂ ਅਤੇ ਸਰਕਾਰ ਦਰਮਿਆਨ ਵਿਚੋਲਗਿਰੀ ਕਰ ਰਹੇ ਹਨ ਤੇ ਕਿਸਾਨਾਂ ਅਤੇ ਸਰਕਾਰ ਦੇ ਸੰਪਰਕ ’ਚ ਹਨ। ਉਨ੍ਹਾਂ ਦਾ ਕਹਿਣਾ ਸੀ ਕਿ ਡੱਲੇਵਾਲ ਇਲਾਜ ਨਾ ਸਹੀ, ਭਾਵੇਂ ਹਲਕੀ ਜਿਹੀ ਮੈਡੀਕਲ ਡੋਜ਼ ਹੀ ਲੈ ਲੈਣ ਤਾਂ ਜੋ ਇਸ ਦੇ ਸਹਾਰੇ ਉਨ੍ਹਾਂ ਦੀ ਜਾਨ ਸੁਰੱਖਿਅਤ ਰਹੇ, ਪਰ ਡੱਲੇਵਾਲ ਨਹੀਂ ਮੰਨ ਰਹੇ। -ਖੇਤਰੀ ਪ੍ਰਤੀਨਿਧ
ਪੁਲੀਸ ਨੇ ਡੱਲੇਵਾਲ ਨੂੰ ਚੁੱਕਣ ਦੀ ਕਾਰਵਾਈ ਤੋਂ ਟਾਲਾ ਵੱਟਿਆ
ਪਟਿਆਲਾ/ਪਾਤੜਾਂ (ਸਰਬਜੀਤ ਸਿੰਘ ਭੰਗੂ/ਗੁਰਨਾਮ ਸਿੰਘ ਚੌਹਾਨ):
ਕਿਸਾਨੀ ਮੰਗਾਂ ਦੀ ਪੂਰਤੀ ਲਈ ਖਨੌਰੀ ਨੇੜੇ ਸਥਿਤ ਢਾਬੀ ਗੁੱਜਰਾਂ ਬਾਰਡਰ ’ਤੇ 35 ਦਿਨਾਂ ਤੋਂ ਮਰਨ ਵਰਤ ’ਤੇ ਬੈਠੇ ਕਿਸਾਨ ਯੂਨੀਅਨ ਸਿੱਧੂਪੁਰ ਦੇ ਸੂਬਾਈ ਪ੍ਰਧਾਨ ਜਗਜੀਤ ਡੱਲੇਵਾਲ ਨੂੰ ਇਲਾਜ ਮੁਹੱਈਆ ਕਰਵਾਉਣ ਸਬੰਧੀ ਸੁਪਰੀਮ ਕੋਰਟ ਵੱਲੋਂ ਪੰਜਾਬ ਸਰਕਾਰ ਨੂੰ 31 ਦਸੰਬਰ ਤੱਕ ਦੀ ਮੋਹਲਤ ਦਿੱਤੀ ਹੋਣ ਕਾਰਨ ਉਨ੍ਹਾਂ ਨੂੰ ਜਬਰੀ ਚੁੱਕ ਕੇ ਹਸਪਤਾਲ ਦਾਖ਼ਲ ਕਰਵਾਉਣ ਦੀ ਸੰਭਾਵੀ ਕਾਰਵਾਈ ਵਜੋਂ ਅੱਜ ਕਾਫ਼ੀ ਹਲਚਲ ਨਜ਼ਰ ਆਈ। ਸੂਤਰਾਂ ਅਨੁਸਾਰ ਕਾਫ਼ੀ ਸਲਾਹ-ਮਸ਼ਵਰੇ ਮਗਰੋਂ ਪੁਲੀਸ ਅੱਜ ਕੋਈ ਕਾਰਵਾਈ ਕਰਨ ਤੋਂ ਟਾਲਾ ਵੱਟ ਗਈ। ਇਸ ਤਹਿਤ ਢਾਬੀ ਗੁੱਜਰਾਂ ਬਾਰਡਰ ਤੋਂ ਕੁਝ ਦੂਰੀ ’ਤੇ ਪਾਤੜਾਂ ਵਿੱਚ ਕਈ ਜਲ ਤੋਪਾਂ, ਦੰਗਾ ਰੋਕੂ ਗੱਡੀਆਂ, ਫਾਇਰ ਬ੍ਰਿਗੇਡ ਅਤੇ ਐਂਬੂਲੈਂਸਾਂ ਖੜ੍ਹਾਈਆਂ ਨਜ਼ਰ ਆਈਆਂ। ਚਰਚਾ ਰਹੀ ਕਿ ਪੰਜ ਹਜ਼ਾਰ ਦੇ ਕਰੀਬ ਪੁਲੀਸ ਮੁਲਾਜ਼ਮਾਂ ਨੂੰ ਵੀ ਅਲਰਟ ਕੀਤਾ ਗਿਆ ਹੈ। ਅੱਜ ਰਾਤ ਨੂੰ ਧਾਵਾ ਬੋਲਣ ਦੀ ਚਰਚਾ ਜ਼ੋਰਾਂ ’ਤੇ ਰਹੀ। ਸੂਤਰਾਂ ਮੁਤਾਬਕ ਸਰਕਾਰ ਵੱਲੋਂ ਅਜਿਹੀਆਂ ਤਿਆਰੀਆਂ ਕਿਸਾਨਾਂ ਦਾ ਦਮ-ਖਮ ਪਰਖਣ ਲਈ ਕੀਤੀਆਂ ਗਈਆਂ ਸਨ। ਉੱਧਰ, ਪੁਲੀਸ ਅਧਿਕਾਰੀ ਅੱਜ ਦਿਨ ਭਰ ਢਾਬੀ ਗੁੱਜਰਾਂ ਬਾਰਡਰ ’ਤੇ ਸਰਗਰਮ ਰਹੇ। ਖ਼ਾਸ ਕਰਕੇ ਸੇਵਾ ਮੁਕਤ ਏਡੀਜੀਪੀ ਜਸਕਰਨ ਸਿੰਘ ਨੇ ਡੱਲੇਵਾਲ ਨੂੰ ਮਨਾਉਣ ਲਈ ਕਾਫ਼ੀ ਜ਼ੋਰ ਲਾਇਆ, ਪਰ ਉਹ ਨਾ ਮੰਨੇ। ਇਸ ਅਧਿਕਾਰੀ ਵੱਲੋਂ ਕਿਸਾਨ ਆਗੂਆਂ ਨਾਲ ਕੀਤੀਆਂ ਮੀਟਿੰਗਾਂ ਵੀ ਰਾਸ ਨਾ ਆਈਆਂ, ਪਰ ਰਾਤ ਤੱਕ ਵੀ ਉਨ੍ਹਾਂ ਨੇ ਯਤਨ ਜਾਰੀ ਰੱਖੇ ਹੋਏ ਸਨ। ਡੀਆਈਜੀ ਮਨਦੀਪ ਸਿੱਧੂ ਅਤੇ ਐੱਸਐੱਸਪੀ ਡਾ. ਨਾਨਕ ਸਿੰਘ ਵੱਲੋਂ ਵੀ ਅਜਿਹੇ ਹੀ ਯਤਨ ਕੀਤੇ ਜਾ ਰਹੇ ਹਨ। ਬਾਰਡਰ ’ਤੇ ਪਹੁੰਚਣ ਲਈ ਹੁਣ ਵਾਹਨ ਪਿੱਛੇ ਹੀ ਰੁਕਵਾ ਲਏ ਜਾਂਦੇ ਹਨ ਤੇ ਕਾਫ਼ੀ ਪੈਂਡਾ ਤੁਰ ਕੇ ਜਾਣਾ ਪੈਂਦਾ ਹੈ। ਕਿਸਾਨਾਂ ਵੱਲੋਂ ਵਾਹਨਾਂ ’ਤੇ ਸਪੀਕਰ ਬੰਨ੍ਹ ਕੇ ਨੇੜਲੇ ਪਿੰਡਾਂ ’ਚ ਪਹੁੰਚ ਕੇ ਵੱਧ ਤੋਂ ਵੱਧ ਕਿਸਾਨਾਂ ਨੂੰ ਢਾਬੀ ਗੁੱਜਰਾਂ ਬਾਰਡਰ ’ਤੇ ਪਹੁੰਚਣ ਦਾ ਹੋਕਾ ਦਿੱਤਾ ਜਾਂਦਾ ਰਿਹਾ ਕਿ ਅੱਜ ਰਾਤ ਪੁਲੀਸ ਡੱਲੇਵਾਲ ਨੂੰ ਜਬਰੀ ਚੁੱਕਣ ਦੀ ਤਿਆਰੀ ’ਚ ਹੈ। ਉੱਧਰ, ਕਾਕਾ ਸਿੰਘ ਕੋਟੜਾ, ਸੁਰਜੀਤ ਫੂਲ, ਸੁਖਜੀਤ ਸਿੰੰਘ ਹਰਦੋਝੰਡੇ, ਅਭਿਮਨਿਯੂੰ ਕੋਹਾੜ ਅਤੇ ਜਸਵਿੰਦਰ ਲੌਂਗੋਵਾਲ ਸਮੇਤ ਹੋਰ ਕਿਸਾਨ ਆਗੂ ਪਹਿਲਾਂ ਹੀ ਆਖ ਚੁੱਕੇ ਹਨ ਕਿ ਪੁਲੀਸ ਦੀ ਅਜਿਹੀ ਕਾਰਵਾਈ ਦਾ ਉਹ ਡਟ ਕੇ ਵਿਰੋਧ ਕਰਨਗੇ। ਉਨ੍ਹਾਂ ਦਾ ਕਹਿਣਾ ਹੈ ਕਿ ਪੁਲੀਸ ਉਨ੍ਹਾਂ ਦੀਆਂ ਲਾਸ਼ਾਂ ਦੇ ਉਪਰੋਂ ਲੰਘ ਕੇ ਹੀ ਡੱਲੇਵਾਲ ਨੂੰ ਚੁੱਕ ਕੇ ਲਿਜਾ ਸਕਦੀ ਹੈ। ਕਿਸਾਨ ਆਗੂਆਂ ਨੇ ਅੱਜ ਬਾਰਡਰ ’ਤੇ ਪ੍ਰੈੱਸ ਕਾਨਫਰੰਸ ਕਰ ਕੇ ਮੁੜ ਆਗਾਹ ਕੀਤਾ ਕਿ ਪੁਲੀਸ ਭੁੱਲ ਕੇ ਵੀ ਅਜਿਹੀ ਗਲਤੀ ਨਾ ਕਰ ਲਵੇ। ਉਨ੍ਹਾਂ ਕਿਹਾ ਕਿ ਇਸ ਦੌਰਾਨ ਜਿੱਥੇ ਦੋਵੇਂ ਪਾਸਿਓਂ ਭਾਰੀ ਨੁਕਸਾਨ ਹੋਵੇਗਾ, ਉੱਥੇ ਹੀ ਪੰਜਾਬ ਪੁਲੀਸ ਦੇ ਮੱਥੇ ’ਤੇ ਵੱਡਾ ਕਲੰਕ ਲੱਗ ਜਾਵੇਗਾ ਕਿਉਂਕਿ ਪੁਲੀਸ ’ਚ ਵੀ ਵਧੇਰੇ ਕਿਸਾਨਾਂ ਦੇ ਹੀ ਧੀ-ਪੁੱਤ ਹਨ।
ਕਿਸਾਨਾਂ ਵੱਲੋਂ ਪਹਿਰਾ ਸਖ਼ਤ
ਦੂਜੇ ਬੰਨ੍ਹੇ ਕਿਸਾਨ ਵੀ ਤਿਆਰੀ ’ਚ ਸਨ। ਉਨ੍ਹਾਂ ਸੁਨੇਹੇ ਦੇ ਕੇ ਬਾਰਡਰ ’ਤੇ ਕਿਸਾਨਾਂ ਦਾ ਇਕੱਠ ਹੋਰ ਵਧਾ ਲਿਆ ਹੈ। ਡੱਲੇਵਾਲ ਦੁਆਲੇ ਪਹਿਰਾ ਹੋਰ ਵੀ ਸਖ਼ਤ ਕਰ ਦਿੱਤਾ ਗਿਆ ਹੈ। ਕਿਸਾਨ ਰਾਤ ਭਰ ਜਿੱਥੇ ਢਾਬੀ ਗੁੱਜਰਾਂ ਦੇ ਇਰਦ-ਗਿਰਦ ਮਜ਼ਬੂਤ ਨਾਕੇ ਲਾ ਕੇ ਰੱਖਦੇ ਹਨ, ਉੱਥੇ ਹੀ ਰਾਤ ਭਰ ਗਸ਼ਤ ਵੀ ਚੱਲਦੀ ਰਹਿੰਦੀ ਹੈ। ਕਿਸਾਨ ਡਾਂਗਾਂ, ਸੋਟਿਆਂ, ਤੰਗਲੀਆਂ ਅਤੇ ਗੰਧਾਲਿਆਂ ਆਦਿ ਨਾਲ ਲੈਸ ਹਨ। ਨੌਜਵਾਨ ਕਿਸਾਨ ਵਧੇਰੇ ਉਤਸ਼ਾਹਿਤ ਹਨ। ਉਨ੍ਹਾਂ ਦਾ ਆਖਣਾ ਹੈ,‘ਉਹ ਮਰ ਜਾਣਗੇ, ਪਰ ਡੱਲੇਵਾਲ ਨੂੰ ਨਹੀਂ ਚੁੱਕਣ ਦੇਣਗੇ।’ ਕਿਸਾਨਾਂ ਦੇ ਨਾਕੇ ਤਾਂ ਪੁਲੀਸ ਨਾਲੋਂ ਵੀ ਸਖ਼ਤ ਹਨ।
ਡੱਲੇਵਾਲ ਮਾਮਲਾ: ਸੁਪਰੀਮ ਕੋਰਟ ਵਿੱਚ ਸੁਣਵਾਈ ਅੱਜ
ਨਵੀਂ ਦਿੱਲੀ:
ਪੰਜਾਬ ਦੇ ਪਟਿਆਲਾ ਜ਼ਿਲ੍ਹੇ ਵਿੱਚ ਪੈਂਦੇ ਢਾਬੀ ਗੁੱਜਰਾਂ ਬਾਰਡਰ ’ਤੇ ਕਿਸਾਨੀ ਮੰਗਾਂ ਨੂੰ ਲੈ ਕੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਵੱਲੋਂ ਅਣਮਿੱਥੇ ਸਮੇਂ ਲਈ ਸ਼ੁਰੂ ਕੀਤਾ ਮਰਨ ਵਰਤ ਅੱਜ 35ਵੇਂ ਦਿਨ ਵੀ ਜਾਰੀ ਰਿਹਾ। ਇਸ ਵਿਚਾਲੇ, ਸੁਪਰੀਮ ਕੋਰਟ 31 ਦਸੰਬਰ ਨੂੰ ਬਿਮਾਰ ਕਿਸਾਨ ਆਗੂ ਨੂੰ ਇਲਾਜ ਮੁਹੱਈਆ ਕਰਵਾਉਣ ਲਈ ਪੰਜਾਬ ਸਰਕਾਰ ਵੱਲੋਂ ਉਠਾਏ ਗਏ ਕਦਮਾਂ ਦੀ ਸਮੀਖਿਆ ਕਰੇਗਾ। ਸੁਪਰੀਮ ਕੋਰਟ ਨੇ ਸੂਬਾ ਸਰਕਾਰ ਨੂੰ ਡੱਲੇਵਾਲ ਨੂੰ ਹਸਪਤਾਲ ਲਿਜਾਣ ਵਾਸਤੇ ਮਨਾਉਣ ਲਈ 31 ਦਸੰਬਰ ਤੱਕ ਦਾ ਸਮਾਂ ਦਿੱਤਾ ਹੈ। ਨਾਲ ਹੀ, ਹਾਲਾਤ ਮੁਤਾਬਕ ਕੇਂਦਰ ਤੋਂ ਸਹਾਇਤਾ ਮੰਗਣ ਦੀ ਛੋਟ ਵੀ ਦਿੱਤੀ ਹੈ।ਪੰਜਾਬ ਸਰਕਾਰ ਦੇ ਅਧਿਕਾਰੀਆਂ ਦੀ ਇਕ ਟੀਮ ਨੇ 29 ਦਸੰਬਰ ਨੂੰ 70 ਸਾਲਾ ਕਿਸਾਨ ਆਗੂ ਨੂੰ ਇਲਾਜ ਕਰਵਾਉਣ ਲਈ ਮਨਾਉਣ ਦੀ ਕੋਸ਼ਿਸ਼ ਕੀਤੀ ਸੀ ਪਰ ਡੱਲੇਵਾਲ ਨੇ ਇਸ ਤੋਂ ਇਨਕਾਰ ਕਰ ਦਿੱਤਾ ਕਿਉਂਕਿ ਉਨ੍ਹਾਂ ਨੂੰ ਡਰ ਸੀ ਕਿ ਉਨ੍ਹਾਂ ਨੂੰ ਪ੍ਰਦਰਸ਼ਨ ਵਾਲੀ ਥਾਂ ਤੋਂ ਹਟਾਉਣ ਵਾਸਤੇ ਬਲ ਪ੍ਰਯੋਗ ਕੀਤਾ ਜਾਵੇਗਾ। ਕਿਸਾਨ ਫ਼ਸਲਾਂ ਲਈ ਘੱਟੋ-ਘੱਟ ਸਮਰਥਨ ਮੁੱਲ ਦੀ ਕਾਨੂੰਨੀ ਗਾਰੰਟੀ ਸਣੇ ਕਈ ਮੰਗਾਂ ਨੂੰ ਲੈ ਕੇ ਕੇਂਦਰ ’ਤੇ ਦਬਾਅ ਬਣਾਉਣ ਵਾਸਤੇ ਪੰਜਾਬ-ਹਰਿਆਣਾ ਸਰਹੱਦ ਢਾਬੀ ਗੁੱਜਰਾਂ ’ਤੇ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ। ਪੰਜਾਬ ਸਰਕਾਰ ਦੇ ਅਧਿਕਾਰੀਆਂ ਦੀ ਇਕ ਉੱਚ ਪੱਧਰੀ ਟੀਮ ਨੇ ਡੱਲੇਵਾਲ ਨਾਲ ਮੁਲਾਕਾਤ ਕੀਤੀ ਸੀ ਅਤੇ ਉਨ੍ਹਾਂ ਨੂੰ ਅਪੀਲ ਕੀਤੀ ਸੀ ਕਿ ਉਹ ਭੁੱਖ ਹੜਤਾਲ ਜਾਰੀ ਰਹਿਣ ਦੇ ਬਾਵਜੂਦ ਇਲਾਜ ਕਰਵਾਉਣ ਲਈ ਮੰਨ ਜਾਣ। ਜਸਟਿਸ ਸੂਰਿਆਕਾਂਤ ਅਤੇ ਜਸਟਿਸ ਸੁਧਾਂਸ਼ੂ ਧੁਲੀਆ ਦਾ ਛੁੱਟੀਆਂ ਵਾਲਾ ਬੈਂਚ 31 ਦਸੰਬਰ ਨੂੰ ਸਵੇਰੇ ਕਰੀਬ 11 ਵਜੇ ਮਾਮਲੇ ਦੀ ਵਰਚੁਅਲੀ ਸੁਣਵਾਈ ਕਰੇਗਾ। ਸਿਖਰਲੀ ਅਦਾਲਤ ਵਿੱਚ 21 ਦਸੰਬਰ ਤੋਂ ਸਰਦੀਆਂ ਦੀਆਂ ਛੁੱਟੀਆਂ ਚੱਲ ਰਹੀਆਂ ਹਨ ਅਤੇ 2 ਜਨਵਰੀ 2025 ਨੂੰ ਸੁਣਵਾਈ ਮੁੜ ਤੋਂ ਸ਼ੁਰੂ ਹੋਵੇਗੀ। ਸਿਖ਼ਰਲੀ ਅਦਾਲਤ ਨੇ 28 ਦਸੰਬਰ ਨੂੰ ਡੱਲੇਵਾਲ ਨੂੰ ਹਸਪਤਾਲ ਨਾ ਲਿਜਾਣ ਵਾਸਤੇ ਪੰਜਾਬ ਸਰਕਾਰ ਦੀ ਕਾਫੀ ਝਾੜ-ਝੰਬ ਕੀਤੀ ਸੀ। -ਪੀਟੀਆਈ