ਪੰਜਾਬ ਅਤੇ ਰਾਜਸਥਾਨ ਪੁਲੀਸ ਨੇ ਸ਼ਰਾਬ ਮਾਫੀਆ ਖ਼ਿਲਾਫ਼ ਚਲਾਈ ਮੁਹਿੰਮ
ਪੱਤਰ ਪ੍ਰੇਰਕ
ਅਬੋਹਰ, 12 ਜੁਲਾਈ
ਰਾਜਸਥਾਨ ਪੁਲੀਸ, ਪੰਜਾਬ ਪੁਲੀਸ ਅਤੇ ਆਬਕਾਰੀ ਵਿਭਾਗ ਦੀ ਟੀਮ ਵੱਲੋਂ ਸ਼ਰਾਬ ਮਾਫੀਆ ਖ਼ਿਲਾਫ਼ ਵਿੱਢੀ ਮੁਹਿੰਮ ਤਹਿਤ ਥਾਣਾ ਹਿੰਦੂਮਲਕੋਟ ਅਤੇ ਥਾਣਾ ਖੂਈਆਂ ਸਰਵਰ ਦੇ ਮੁਖੀ ਰਮਨ ਕੁਮਾਰ ਅਤੇ ਹੋਰ ਪੁਲੀਸ ਪਾਰਟੀਆਂ ਨੇ ਇਲਾਕੇ ਅੰਦਰ ਸ਼ਰਾਬ ਮਾਫੀਆ ਖਿਲਾਫ਼ ਕਾਰਵਾਈ ਕੀਤੀ। ਇਸ ਦੌਰਾਨ ਗੰਗ ਕੈਨਾਲ ਨਹਿਰ ਦੇ ਆਲੇ ਦੁਆਲੇ ਤਲਾਸ਼ੀ ਮੁਹਿੰਮ ਚਲਾਈ ਗਈ ਤਾਂ ਜਿਥੇ ਉਨ੍ਹਾਂ ਨੂੰ ਵੱਡੀ ਸਫ਼ਲਤਾ ਮਿਲੀ। ਇਸ ਦੌਰਾਨ ਪੁਲੀਸ ਨੇ 1 ਲੱਖ 26 ਹਜ਼ਾਰ ਲੀਟਰ ਲਾਹਣ ਬਰਾਮਦ ਕੀਤਾ। ਲਾਹਣ ਨੂੰ ਮੌਕੇ ’ਤੇ ਹੀ ਨਸ਼ਟ ਕਰ ਦਿੱਤਾ ਗਿਆ। ਥਾਣਾ ਹਿੰਦੂਮਲ ਕੋਟ ਵਿੱਚ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਇਸ ਤੋਂ ਪਹਿਲਾਂ ਵੀ ਪੰਜਾਬ ਅਤੇ ਰਾਜਸਥਾਨ ਪੁਲੀਸ ਵੱਲੋਂ ਕਈ ਵਾਰ ਸਾਂਝੇ ਆਪ੍ਰੇਸ਼ਨ ਕੀਤੇ ਜਾ ਚੁੱਕੇ ਹਨ। ਹਿੰਦੂਮਲ ਕੋਟ ਥਾਣੇ ਦੇ ਇੰਚਾਰਜ ਨੇ ਦੱਸਿਆ ਕਿ ਮੁਲਜ਼ਮਾਂ ਨੂੰ ਜਲਦੀ ਹੀ ਕਾਬੂ ਕਰ ਲਿਆ ਜਾਵੇਗਾ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਜਾਣਕਾਰੀ ਅਨੁਸਾਰ ਹਿੰਦੂਮਲਕੋਟ ਦਾ ਇਲਾਕਾ ਪੰਜਾਬ ਅਤੇ ਰਾਜਸਥਾਨ ਦੀ ਸਰਹੱਦ ਨਾਲ ਲੱਗਦਾ ਹੋਣ ਕਾਰਨ ਨਸ਼ਾ ਤਸਕਰ ਅਕਸਰ ਇੱਥੇ ਨਾਜਾਇਜ਼ ਸ਼ਰਾਬ ਨੂੰ ਲੁਕੋ ਕੇ ਰੱਖਦੇ ਹਨ।