ਕਿਸਾਨਾਂ ਦੇ ਹੱਕ ਖੋਹਣਾ ਚਾਹੁੰਦੀ ਹੈ ਪੰਜਾਬ ਤੇ ਕੇਂਦਰ ਸਰਕਾਰ: ਬਾਜਵਾ
ਦਰਸ਼ਨ ਸਿੰਘ ਮਿੱਠਾ
ਰਾਜਪੁਰਾ, 5 ਮਈ
ਪਿੰਡ ਸੇਹਰਾ ਵਿੱਚ ਬੀਤੇ ਦਿਨ ਭਾਜਪਾ ਉਮੀਦਵਾਰ ਪ੍ਰਨੀਤ ਕੌਰ ਦੀ ਮੀਟਿੰਗ ਦੌਰਾਨ ਭੇਤਭਰੀ ਹਾਲਤ ਵਿਚ ਫ਼ੌਤ ਹੋਏ ਕਿਸਾਨ ਸੁਰਿੰਦਰਪਾਲ ਸਿੰਘ ਆਕੜੀ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਪੁੱਜੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਪੰਜਾਬ ਅਤੇ ਕੇਂਦਰ ਸਰਕਾਰ ਮਿਲ ਕੇ ਕਿਸਾਨਾਂ ਦੇ ਹੱਕ ਖੋਹਣਾ ਚਾਹੁੰਦੀਆਂ ਹਨ। ਬਾਜਵਾ ਸਮੇਤ ਐੱਸਐੱਸਐੱਸ ਬੋਰਡ ਦੇ ਸਾਬਕਾ ਚੇਅਰਮੈਨ ਤੇਜਿੰਦਰਪਾਲ ਸਿੰਘ ਸੰਧੂ, ਹਲਕਾ ਰਾਜਪੁਰਾ ਦੀ ਵਿਧਾਇਕਾ ਨੀਨਾ ਮਿੱਤਲ, ਸਾਬਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਅਤੇ ਹਲਕਾ ਘਨੌਰ ਦੇ ਇੰਚਾਰਜ ਭੁਪਿੰਦਰ ਸ਼ੇਖ਼ੂਪੁਰਾ (ਸ਼ਿਅਦ) ਨੇ ਸਿਵਲ ਹਸਪਤਾਲ ਰਾਜਪੁਰਾ ਵਿੱਚ ਦਿੱਤੇ ਜਾ ਰਹੇ ਧਰਨੇ ’ਚ ਪੁੱਜ ਕੇ ਪੀੜਤ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਇਸ ਦੌਰਾਨ ਬਾਜਵਾ ਨੇ ਇੰਡੀਅਨ ਫਾਰਮਰਜ਼ ਐਸੋਸੀਏਸ਼ਨ ਦੇ ਕੌਮੀ ਪ੍ਰਧਾਨ ਸਤਨਾਮ ਸਿੰਘ ਬਹਿਰੂ ਅਤੇ ਸੰਯੁਕਤ ਕਿਸਾਨ ਮੋਰਚਾ (ਗੈਰ ਸਿਆਸੀ) ਦੇ ਜਗਜੀਤ ਸਿੰਘ ਡੱਲੇਵਾਲ ਨਾਲ ਮੁਲਾਕਾਤ ਕੀਤੀ।
‘ਵਿਜੀਲੈਂਸ ਦੇ ਡਰੋਂ ਪਾਰਟੀ ਛੱਡ ਰਹੇ ਹਨ ਆਗੂ’
ਲੁਧਿਆਣਾ (ਟ੍ਰਿਬਿਊਨ ਨਿਊਜ਼ ਸਰਵਿਸ): ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਕਾਂਗਰਸ ਛੱਡ ਕੇ ਭਾਜਪਾ ’ਚ ਜਾਣ ਵਾਲੇ ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ ਨੂੰ ਨਾ ਜਿੱਤਣ ਦੇਣ ਦੀ ਚੁਣੌਤੀ ਦਿੱਤੀ ਹੈ। ਸ੍ਰੀ ਬਾਜਵਾ ਨੇ ਹੁਣ ਲੁਧਿਆਣਾ ’ਚ ਡੇਰਾ ਲਾ ਲਿਆ ਹੈ। ਪ੍ਰਤਾਪ ਸਿੰਘ ਬਾਜਵਾ ਨੇ ਐਲਾਨ ਕੀਤਾ ਹੈ ਕਿ ਪੂਰੇ ਪੰਜਾਬ ਦੀ ਚੋਣ ਮੁਹਿੰਮ ਇੱਥੋਂ ਹੀ ਚਲਾਉਣਗੇ। ਉਨ੍ਹਾਂ ਕਿਹਾ ਕਿ ਵਿਜੀਲੈਂਸ ਦੇ ਡਰੋਂ ਆਗੂ ਪਾਰਟੀ ਛੱਡ ਰਹੇ ਹਨ। ਕਾਂਗਰਸ ਛੱਡ ਕੇ ਹੋਰ ਪਾਰਟੀਆਂ ’ਚ ਜਾਣ ਵਾਲੇ ਇਹ ਉਹ ਲੋਕ ਹਨ, ਜੋ ਵਿਜੀਲੈਂਸ ਦੇ ਕੇਸਾਂ ’ਚ ਫਸੇ ਹੋਏ ਹਨ। ਉਨ੍ਹਾਂ ਕਿਹਾ ਕਿ ਬਿੱਟੂ ਦੀ ਪਛਾਣ ਸਿਰਫ਼ ਸਵਰਗੀ ਬੇਅੰਤ ਸਿੰਘ ਕਾਰਨ ਸੀ। ਬਿੱਟੂ ਨੇ ਸਭ ਤੋਂ ਪਹਿਲਾਂ ਸ੍ਰੀ ਆਨੰਦਪੁਰ ਸਾਹਿਬ ਤੋਂ ਚੋਣ ਲੜੀ। ਪੰਜ ਸਾਲ ’ਚ ਉਸ ਨੇ ਕਿਸੇ ਦਾ ਉਥੇ ਵੀ ਫੋਨ ਨਹੀਂ ਚੁੱਕਿਆ। ਉਸ ਨੂੰ ਪਤਾ ਲੱਗਿਆ ਸੀ ਕਿ ਉਹ ਚੋਣ ਹਾਰ ਜਾਵੇਗਾ, ਇਸ ਲਈ ਉਸ ਨੇ ਲੁਧਿਆਣਾ ਚੁਣਿਆ। ਹੁਣ ਪਿਛਲੇ 10 ਸਾਲਾਂ ’ਚ ਇੱਥੇ ਵੀ ਉਸ ਦਾ ਉਹੀ ਹਾਲ ਰਿਹਾ ਜਿਸ ਕਾਰਨ ਉਸ ਨੇ ਇਸ ਵਾਰ ਆਪਣੀ ਪਾਰਟੀ ਬਦਲ ਲਈ।