For the best experience, open
https://m.punjabitribuneonline.com
on your mobile browser.
Advertisement

ਫੁੱਲ ਤੋੜਨ ਦੀ ਸਜ਼ਾ

08:12 AM Aug 10, 2024 IST
ਫੁੱਲ ਤੋੜਨ ਦੀ ਸਜ਼ਾ
Advertisement

ਬਾਲ ਕਹਾਣੀ

ਜਤਿੰਦਰ ਮੋਹਨ

ਅਪਰੈਲ ਦਾ ਮਹੀਨਾ ਚੱਲ ਰਿਹਾ ਸੀ। ਸਰਦੀ ਦੀ ਰੁੱਤ ਖ਼ਤਮ ਹੋਣ ਤੋਂ ਬਾਅਦ ਬਸੰਤ ਰੁੱਤ ਦਾ ਅਸਰ ਸਪੱਸ਼ਟ ਦਿਖਾਈ ਦੇ ਰਿਹਾ ਸੀ ਕਿਉਂਕਿ ਚਾਰੇ ਪਾਸੇ ਹਰਿਆਵਲ ਹੀ ਹਰਿਆਵਲ ਸੀ ਜਿਵੇਂ ਕੁਦਰਤ ਨੇ ਆਪਣੀ ਪੂਰੀ ਮਿਹਰਬਾਨੀ ਕਰ ਦਿੱਤੀ ਹੋਵੇ। ਸਕੂਲ ਦੇ ਬੱਚੇ ਵੀ ਉਸੇ ਬਸੰਤ ਰੁੱਤ ਵਰਗੇ ਲੱਗ ਰਹੇ ਸਨ ਕਿਉਂਕਿ ਸਾਰਾ ਸਕੂਲ ਬੱਚਿਆਂ ਦੀ ਆਮਦ ਨਾਲ ਇੱਕ ਮੇਲੇ ਵਿੱਚ ਬਦਲ ਚੁੱਕਾ ਸੀ। ਪੇਪਰਾਂ ਤੋਂ ਬਾਅਦ ਬੱਚੇ ਸਕੂਲ ਆਉਣੋਂ ਘਟ ਜਾਂਦੇ ਹਨ ਅਤੇ ਸਕੂਲ ਸੁੰਨਾ ਸੁੰਨਾ ਲੱਗਦਾ ਹੈ। ਸਕੂਲ ਦੀਆਂ ਦੋ ਅਧਿਆਪਕਾਵਾਂ ਆਪਣੇ ਖਾਲੀ ਪੀਰੀਅਡ ਵਿੱਚ ਬੈਠੀਆਂ ਕਾਪੀਆਂ ਦੇਖ ਰਹੀਆਂ ਸਨ ਅਤੇ ਨਾਲ ਨਾਲ ਆਪਸ ਵਿੱਚ ਗੱਲਬਾਤ ਵੀ ਕਰ ਲੈਂਦੀਆਂ ਸਨ। ਬੱਚਿਆਂ ਦਾ ਸਕੂਲ ਵਿੱਚ ਆਉਣਾ ਉਨ੍ਹਾਂ ਨੂੰ ਵੀ ਬਹੁਤ ਵਧੀਆ ਲੱਗ ਰਿਹਾ ਸੀ।
‘‘ਮੈਡਮ ਸਕੂਲ ਵੀ ਬੱਚਿਆਂ ਨਾਲ ਹੀ ਹੈ।’’ ਸੁਰਿੰਦਰ ਮੈਡਮ ਨੇ ਸੁਮਨ ਮੈਡਮ ਨੂੰ ਕਿਹਾ।
‘‘ਹੋਰ ਬੱਚਿਆਂ ਦੇ ਨਾਲ ਤਾਂ ਰੌਣਕ ਹੀ ਨਹੀਂ। ਮੇਰਾ ਤਾਂ ਦਿਲ ਹੀ ਬੱਚਿਆਂ ਨਾਲ ਲੱਗਦੈ।’’ ਸੁਮਨ ਮੈਡਮ ਬੋਲੀ।
‘‘ਦੇਖੋ ਕਿੰਨੀ ਰੌਣਕ ਹੈ ਬੱਚਿਆਂ ਨਾਲ।’’
‘‘ਹਾਂ ਜੀ।’’ ਕਹਿ ਕੇ ਉਹ ਫਿਰ ਕੰਮ ਲੱਗ ਗਈਆਂ।
ਸੁਮਨ ਮੈਡਮ ਸੱਤਵੀਂ ਕਲਾਸ ਦੇ ਇੰਚਾਰਜ ਸਨ ਪ੍ਰੰਤੂ ਸੁਰਿੰਦਰ ਮੈਡਮ ਕੋਲ ਹੋਰ ਵਾਧੂ ਚਾਰਜ ਹੋਣ ਕਾਰਨ ਉਨ੍ਹਾਂ ਨੂੰ ਕਿਸੇ ਕਲਾਸ ਦਾ ਇੰਚਾਰਜ ਨਹੀਂ ਬਣਾਇਆ ਗਿਆ। ਦੋਵੇਂ ਮੈਡਮਾਂ ਅਜੇ ਕੰਮ ਕਰ ਹੀ ਰਹੀਆਂ ਸਨ ਕਿ ਸੱਤਵੀਂ ਜਮਾਤ ਦੀਆਂ ਕੁਝ ਲੜਕੀਆਂ ਆਈਆਂ ਤੇ ਆਉਂਦਿਆਂ ਹੀ ਪੁੱਛਿਆ, ‘‘ਮੇ ਆਈ ਕਮ ਇਨ ਮੈਡਮ?’’
‘‘ਹਾਂ... ਹਾਂ, ਦੱਸੋ?’’
‘‘ਮੈਡਮ, ਅਸੀਂ ਨਿਸ਼ਾ ਦੀ ਸ਼ਿਕਾਇਤ ਕਰਨ ਆਏ ਆਂ।’’
‘‘ਕੀ ਗੱਲ ਹੋਈ?’’ ਮੈਡਮ ਨੇ ਕਾਪੀ ਦੇਖਣੀ ਬੰਦ ਕਰ ਦਿੱਤੀ ਅਤੇ ਉਨ੍ਹਾਂ ਦੀ ਸ਼ਿਕਾਇਤ ਵੱਲ ਧਿਆਨ ਦਿੰਦੇ ਹੋਏ ਪੁੱਛਿਆ।
‘‘ਮੈਡਮ ਜੀ ਨਿਸ਼ਾ ਗੁਲਾਬ ਦੇ ਫੁੱਲ ਤੋੜ ਕੇ ਖ਼ਰਾਬ ਕਰ ਰਹੀ ਹੈ।’’
‘‘ਕਿਉਂ? ਆਪਾਂ ਤਾਂ ਲਿਖ ਕੇ ਲਾਇਆ ਹੋਇਐ, ਬਈ ਗੁਲਾਬ ਦੇ ਫੁੱਲ ਨਾ ਤੋੜੋ।’’
‘‘ਪਤਾ ਨਹੀਂ ਜੀ।’’
‘‘ਕੀ ਕਰਦੀ ਐ, ਫੁੱਲਾਂ ਦਾ?’’
‘‘ਜੀ ਨਹੁੰ ਪਾਲਸ਼ ਵਾਂਗ ਨਹੁੰਆਂ ’ਤੇ ਲਾਉਂਦੀ ਐ।’’
‘‘ਜਾਓ ਨਿਸ਼ਾ ਨੂੰ ਬੁਲਾ ਕੇ ਲਿਆਓ।’’
‘‘ਲਿਆਉਨੇ ਆਂ ਜੀ, ਬੁਲਾ ਕੇ।’’ ਕਹਿ ਕੇ ਬੱਚੇ ਚਲੇ ਗਏ। ਅਧਿਆਪਕਾਵਾਂ ਨੇ ਕੰਮ ਬੰਦ ਕਰ ਦਿੱਤਾ। ਸੁਰਿੰਦਰ ਮੈਡਮ ਨੇ ਸੁਮਨ ਮੈਡਮ ਨੂੰ ਕਿਹਾ, ‘‘ਬੜੀ ਮੁਸ਼ਕਿਲ ਨਾਲ ਬਹਾਰ ਆਈ ਹੈ, ਬੱਚੇ ਕਦਰ ਹੀ ਨਹੀਂ ਕਰਦੇ।’’
‘‘ਕੀ ਕਰੀਏ ਜੀ, ਇਹ ਬੇਸਮਝ ਨੇ।’’ ਸੁਮਨ ਮੈਡਮ ਨੇ ਕਿਹਾ।
ਇੰਨੇ ਨੂੰ ਸਾਰੀਆਂ ਲੜਕੀਆਂ ਸਮੇਤ ਨਿਸ਼ਾ ਆ ਰਹੀਆਂ ਸਨ। ਨਿਸ਼ਾ ਨੇ ਨੀਵੀਂ ਪਾਈ ਹੋਈ ਸੀ ਜਿਵੇਂ ਉਸ ਨੇ ਕੋਈ ਬਹੁਤ ਵੱਡਾ ਅਪਰਾਧ ਕਰ ਦਿੱਤਾ ਹੋਵੇ। ਉਨ੍ਹਾਂ ਦੇ ਕੋਲ ਆਉਂਦਿਆਂ ਹੀ ਸੁਮਨ ਮੈਡਮ ਨੇ ਪੁੱਛਿਆ, ‘‘ਨਿਸ਼ਾ ਤੂੰ ਗੁਲਾਬ ਦੇ ਫੁੱਲ ਕਿਉਂ ਤੋੜੇ ਨੇ?’’
‘‘ਜੀ, ਜੀ... ਨਹੀਂ।’’
‘‘ਬੇਟੇ, ਝੂਠ ਨਾ ਬੋਲ।’’
‘‘ਜੀ..ਜੀ ਬਸ ਇੱਕ ਹੀ ਤੋੜਿਆ ਸੀ।’’
‘‘ਇੱਕ ਨਹੀਂ ਜੀ ਕਈ ਖ਼ਰਾਬ ਕੀਤੇ ਨੇ।’’ ਕੋਲ ਖੜ੍ਹੀਆਂ ਬਾਕੀ ਲੜਕੀਆਂ ਨੇ ਕਿਹਾ ਪਰ ਨਿਸ਼ਾ ਚੁੱਪ ਸੀ।
‘‘ਬੇਟੇ ਨਿਸ਼ਾ, ਤੂੰ ਇਹ ਕੰਮ ਚੰਗਾ ਨਹੀਂ ਕੀਤਾ। ਬੜੀ ਮੁਸ਼ਕਿਲ ਨਾਲ ਆਪਣੇ ਸਕੂਲ ਵਿੱਚ ਆਪਾਂ ਸੁੰਦਰਤਾ ਬਣਾਈ ਹੈ ਤੇ ਤੁਸੀਂ ਇਸ ਨੂੰ ਖ਼ਤਮ ਕਰ ਰਹੇ ਹੋ।’’
‘‘ਬੇਟੇ ਨਿਸ਼ਾ, ਫੁੱਲ ਤੋੜਨੇ ਤਾਂ ਵੈਸੇ ਵੀ ਪਾਪ ਨੇ ਤੇ ਮੈਂ ਤੁਹਾਨੂੰ ਕਵਿਤਾ ਵੀ ਪੜ੍ਹਾਈ ਐ। ਜਿਸ ਵਿੱਚ ਕਵੀ ਨੇ ਗੁਲਾਬ ਦੇ ਫੁੱਲ ਵੱਲੋਂ ਫੁੱਲ ਤੋੜਨ ਵਾਲੇ ਨੂੰ ਕੀ ਕਿਹਾ ਐ?’’
‘‘ਹਾਂ ਜੀ।’’ ਦੂਜੀਆਂ ਲੜਕੀਆਂ ਬੋਲੀਆਂ।
‘‘ਕਿਉਂ ਯਾਦ ਹੈ ਕਵਿਤਾ?’’ ਸੁਰਿੰਦਰ ਮੈਡਮ ਨੇ ਪੁੱਛਿਆ।
ਇੰਨੇ ਨੂੰ ਇੱਕ ਕੁੜੀ ਕਵਿਤਾ ਸੁਣਾਉਣ ਲੱਗੀ:
ਡਾਲੀ ਨਾਲੋਂ ਤੋੜ ਨਾ ਸਾਨੂੰ
ਅਸਾਂ ਹੱਟ ਮਹਿਕ ਦੀ ਲਾਈ।
ਲੱਖ ਗਾਹਕ ਜੇ ਆ ਕੇ ਸੁੰਘੇ
ਖਾਲੀ ਇੱਕ ਨਾ ਜਾਈ।
ਜੇ ਤੂੰ ਤੋੜ ਕੇ ਲੈ ਗਿਓਂ
ਇੱਕ ਜੋਗਾ ਰਹਿ ਜਾਸਾਂ।
ਉਹ ਵੀ ਪਲਕ ਝਲਕ ਦਾ ਮੇਲਾ
ਰੂਪ ਮਹਿਕ ਨੱਸ ਜਾਈ।
‘‘ਕਿਉਂ ਬੇਟਾ ਆਇਆ ਸਮਝ?’’
‘‘ਫਿਰ ਫੁੱਲ ਤੋੜ ਕੇ ਕੀ ਕੀਤਾ ਉਸ ਦਾ?’’ ਸੁਮਨ ਨੇ ਨਿਸ਼ਾ ਨੂੰ ਪੁੱਛਿਆ ਤਾਂ ਨਿਸ਼ਾ ਕੁਝ ਨਾ ਬੋਲੀ ਪਰ ਦੂਜੀਆਂ ਲੜਕੀਆਂ ਨੇ ਉਸ ਦੇ ਨਹੁੰ ਦਿਖਾਉਣ ਲਈ ਉਸ ਦੇ ਹੱਥ ਫੜ ਕੇ ਮੈਡਮ ਅੱਗੇ ਕਰ ਦਿੱਤੇ ਜਿਨ੍ਹਾਂ ਉੱਤੇ ਗੁਲਾਬ ਦੇ ਫੁੱਲਾਂ ਦੀਆਂ ਪੱਤੀਆਂ ਨੂੰ ਪਾਲਸ਼ ਦੇ ਰੂਪ ਵਿੱਚ ਚੜ੍ਹਾਇਆ ਹੋਇਆ ਸੀ। ਨਿਸ਼ਾ ਦੀਆਂ ਨਜ਼ਰਾਂ ਝੁਕੀਆਂ ਹੋਈਆਂ ਸਨ।
‘‘ਕਿਉਂ ਬੇਟੇ ਗ਼ਲਤੀ ਮਹਿਸੂਸ ਹੁੰਦੀ ਐ?’’ ਸੁਰਿੰਦਰ ਮੈਡਮ ਨੇ ਉੱਠ ਕੇ ਜਾਂਦੇ ਹੋਏ ਨਿਸ਼ਾ ਨੂੰ ਪੁੱਛਿਆ ਪਰ ਸੁਮਨ ਮੈਡਮ ਚੁੱਪ ਸਨ ਪਤਾ ਨਹੀਂ ਕੀ ਸੋਚ ਰਹੇ ਸਨ।
‘‘ਬੇਟੇ ਨਿਸ਼ਾ ਹੁਣ ਤੂੰ ਹੀ ਦੱਸ ਕਿ ਕੀ ਕੀਤਾ ਜਾਵੇ?’’ ਸੁਮਨ ਮੈਡਮ ਨੇ ਪੁੱਛਿਆ। ਨਿਸ਼ਾ ਤਾਂ ਚੁੱਪ ਸੀ ਪਰ ਦੂਜੀਆਂ ਲੜਕੀਆਂ ਨੇ ਉਸ ਦੇ ਕੁੱਟ ਪਵਾਉਣ ਦੇ ਇਰਾਦੇ ਨਾਲ ਕਿਹਾ, ‘‘ਮੈਡਮ ਜੀ ਇਸ ਦਾ ਮਾਨ ਤਾਨ ਕਰੋ ਨਹੀਂ ਤਾਂ ਸਾਰਾ ਬਗੀਚਾ ਉੱਜੜ ਜਾਊਗਾ।’’
‘‘ਕਿਉਂ ਨਿਸ਼ਾ?’’ ਮੈਡਮ ਦੇ ਚਿਹਰੇ ’ਤੇ ਗੁੱਸੇ ਦੀ ਥਾਂ ਹਲਕੀ ਮੁਸਕਰਾਹਟ ਸੀ।
‘‘ਸੌਰੀ ਮੈਡਮ ਜੀ, ਮੈਂ ਅੱਗੇ ਤੋਂ ਅਜਿਹਾ ਨਹੀਂ ਕਰਦੀ।’’ ਨਿਸ਼ਾ ਨੇ ਬਿਨਾਂ ਮੂੰਹ ਉੱਤੇ ਕੀਤਿਆਂ ਉੱਤਰ ਦਿੱਤਾ।
‘‘ਥੋੜ੍ਹੀ ਬਹੁਤ ਸਜ਼ਾ ਤਾਂ ਬਣਦੀ ਹੀ ਹੈ?’’ ਮੈਡਮ ਬੋਲੇ
‘‘ਹਾਂ ਜੀ।’’ ਸਾਰੀਆਂ ਲੜਕੀਆਂ ਨੇ ਕਿਹਾ ਤੇ ਨਿਸ਼ਾ ਨੇ ਵੀ ਹਾਂ ਵਿੱਚ ਸਿਰ ਹਿਲਾਇਆ।
‘‘ਬੇਟਾ ਨਿਸ਼ਾ ਤੇਰੇ ਲਈ ਇਹੀ ਸਜ਼ਾ ਹੈ ਕਿ ਸਕੂਲ ਵਿੱਚ ਗੁਲਾਬ ਦੀਆਂ ਕਲਮਾਂ ਲੱਗੀਆਂ ਹੋਈਆਂ ਹਨ ਜਿਨ੍ਹਾਂ ਵਿੱਚੋਂ ਇੱਕ ਕਲਮ ਤੂੰ ਆਪਣੇ ਜਨਮ ਦਿਨ ’ਤੇ ਸਕੂਲ ਦੇ ਬਗੀਚੇ ਵਿੱਚ ਲਾਏਂਗੀ ਅਤੇ ਜਿੰਨਾ ਸਮਾਂ ਸਕੂਲ ਵਿੱਚ ਪੜ੍ਹੇਂਗੀ ਉਸ ਦੀ ਸੰਭਾਲ ਕਰੇਂਗੀ।’’
‘‘ਠੀਕ ਹੈ ਜੀ।’’ ਨਿਸ਼ਾ ਨੇ ਕਿਹਾ।
ਮੈਡਮ ਵੱਲੋਂ ਦਿੱਤੀ ਸਜ਼ਾ ਨਾਲ ਨਿਸ਼ਾ ਤਾਂ ਖ਼ੁਸ਼ ਹੋ ਹੀ ਗਈ ਪ੍ਰੰਤੂ ਦੂਜੀਆਂ ਕੁੜੀਆਂ ਨੂੰ ਵੀ ਤਸੱਲੀ ਹੋ ਗਈ। ਘੰਟੀ ਵੱਜੀ ਤੇ ਅੱਧੀ ਛੁੱਟੀ ਸ਼ੁਰੂ ਹੋ ਗਈ। ਬੱਚੇ ਦੁਪਹਿਰ ਦਾ ਭੋਜਨ ਖਾਣ ਲਈ ਜਾਣ ਲੱਗੇ। ਸਾਰੀਆਂ ਕੁੜੀਆਂ ਮੈਡਮ ਵੱਲੋਂ ਮਿਲੀ ਫੁੱਲ ਤੋੜਨ ਦੀ ਸਜ਼ਾ ਨੂੰ ਫੁੱਲਾਂ ਦੀ ਮਹਿਕ ਵਰਗੀ ਸਜ਼ਾ ਮਹਿਸੂਸ ਕਰ ਰਹੀਆਂ ਸਨ।

Advertisement

ਸੰਪਰਕ: 94630-20766

Advertisement

Advertisement
Author Image

sukhwinder singh

View all posts

Advertisement