ਗੁਜਰਾਤ ’ਚ ਮੁਸਲਮਾਨਾਂ ਨੂੰ ਕੁੱਟਣ ਵਾਲੇ ਪੁਲੀਸ ਅਧਿਕਾਰੀਆਂ ਨੂੰ ਤਾੜਨਾ
ਨਵੀਂ ਦਿੱਲੀ, 23 ਜਨਵਰੀ
ਗੁਜਰਾਤ ਦੇ ਖੇੜਾ ਜ਼ਿਲ੍ਹੇ ਦੇ ਇਕ ਪਿੰਡ ’ਚ 2022 ਵਿਚ ਮੁਸਲਿਮ ਭਾਈਚਾਰੇ ਦੇ ਪੰਜ ਮੈਂਬਰਾਂ ਨੂੰ ਪੁਲੀਸ ਅਧਿਕਾਰੀਆਂ ਵੱਲੋਂ ਜਨਤਕ ਤੌਰ ’ਤੇ ਕੋਰੜੇ ਮਾਰਨ ਦੇ ਮਾਮਲੇ ’ਚ ਸੁਪਰੀਮ ਕੋਰਟ ਨੇ ਸੂਬਾ ਪੁਲੀਸ ਨੂੰ ਤਾੜਨਾ ਕੀਤੀ ਹੈ। ਪੁਲੀਸ ਅਧਿਕਾਰੀਆਂ ਨੇ ਇਨ੍ਹਾਂ ਨੂੰ ਖੰਭੇ ਨਾਲ ਬੰਨ੍ਹ ਕੇ ਕੁੱਟਿਆ ਸੀ। ਸੁਪਰੀਮ ਕੋਰਟ ਦੇ ਬੈਂਚ ਵਿਚ ਸ਼ਾਮਲ ਜੱਜਾਂ ਜਸਟਿਸ ਬੀਆਰ ਗਵਈ ਤੇ ਸੰਦੀਪ ਮਹਿਤਾ ਨੇ ਪੁਲੀਸ ਨੂੰ ਗੁੱਸੇ ਨਾਲ ਪੁੱਛਿਆ ਕਿ ਲੋਕਾਂ ਨੂੰ ਖੰਭਿਆਂ ਨਾਲ ਬੰਨ੍ਹ ਕੇ ਕੁੱਟਣ ਦਾ ਹੱਕ ਉਨ੍ਹਾਂ ਨੂੰ ਕਿਸ ਨੇ ਦਿੱਤਾ ਹੈ। ਅਦਾਲਤ ਅੱਜ ਚਾਰ ਪੁਲੀਸ ਕਰਮੀਆਂ- ਇੰਸਪੈਕਟਰ ਏਵੀ ਪਰਮਾਰ, ਸਬ-ਇੰਸਪੈਕਟਰ ਡੀਬੀ ਕੁਮਾਵਤ, ਹੈੱਡ ਕਾਂਸਟੇਬਲ ਕੇਐੱਲ ਡਾਭੀ ਤੇ ਕਾਂਸਟੇਬਲ ਆਰਆਰ ਡਾਭੀ ਦੀ ਅਪੀਲ ਉਤੇ ਸੁਣਵਾਈ ਕਰ ਰਹੀ ਸੀ। ਉਨ੍ਹਾਂ ਗੁਜਰਾਤ ਹਾਈ ਕੋਰਟ ਦੇ 19 ਅਕਤੂਬਰ ਦੇ ਉਸ ਹੁਕਮ ਵਿਰੁੱਧ ਸੁਪਰੀਮ ਕੋਰਟ ’ਚ ਅਪੀਲ ਦਾਖਲ ਕੀਤੀ ਸੀ ਜਿਸ ਵਿਚ ਉਨ੍ਹਾਂ ਨੂੰ 14 ਦਿਨਾਂ ਦੀ ਕੈਦ ਦੀ ਸਜ਼ਾ ਸੁਣਾਈ ਗਈ ਸੀ। ਪੁਲੀਸ ਅਧਿਕਾਰੀਆਂ ਨੂੰ ਸੁਪਰੀਮ ਕੋਰਟ ਦੀਆਂ ਉਨ੍ਹਾਂ ਹਦਾਇਤਾਂ ਦੀ ਉਲੰਘਣਾ ਦਾ ਦੋਸ਼ੀ ਠਹਿਰਾਇਆ ਗਿਆ ਸੀ ਜੋ ਕਿ ਸ਼ੱਕੀਆਂ ਨੂੰ ਹਿਰਾਸਤ ’ਚ ਲੈਣ ਤੇ ਪੁੱਛ-ਪੜਤਾਲ ਕਰਨ ਬਾਰੇ ਹਨ। ਜਸਟਿਸ ਗਵਈ ਨੇ ਗੁੱਸੇ ਵਾਲੇ ਲਹਿਜ਼ੇ ਵਿਚ ਕਿਹਾ, ‘ਕੀ ਤੁਹਾਨੂੰ ਕਾਨੂੰਨ ਤਹਿਤ ਕਿਸੇ ਨੂੰ ਖੰਭੇ ਨਾਲ ਬੰਨ੍ਹ ਕੇ ਕੁੱਟਣ ਦਾ ਹੱਕ ਹੈ? ਜਾਓ ਜੇਲ੍ਹ ਦਾ ਮਜ਼ਾ ਲਓ।’ -ਪੀਟੀਆਈ