ਬੇਕਸੂਰ ਨੂੰ ਸਜ਼ਾ
ਮਨਦੀਪ ਕੌਰ ਬਰਾੜ
ਬੇਕਸੂਰ ਹੋਣ ਦੇ ਬਾਵਜੂਦ ਸਜ਼ਾ ਭੁਗਤਣ ਦੀ ਪੀੜਾ ਸਭ ਤੋਂ ਵੱਧ ਹੁੰਦੀ ਹੈ। ਜਦੋਂ ਜ਼ਖਮ ਵੀ ਉਮਰ ਭਰ ਲਈ ਮਿਲ ਜਾਵਣ ਤਾਂ ਇਹ ਹੋਰ ਵੀ ਦੁਖਦਾਇਕ ਹੁੰਦਾ।
ਹਸਪਤਾਲ ਵਿੱਚ ਆਮ ਵਾਂਗ ਡਿਊਟੀ ਉਤੇ ਪਹੁੰਚੀ ਤਾਂ ਮੇਰੇ ਵਾਰਡ ਵਿੱਚ ਇਕ ਜਵਾਨ ਮਹਿਲਾ ਦੀ ਅੱਖ ਉਤੇ ਪੱਟੀ ਬੰਨ੍ਹੀ ਹੋਈ ਸੀ। ਉਸ ਦੀ ਦੂਜੀ ਅੱਖ ਸਲਾਮਤ ਤਾਂ ਸੀ ਪਰ ਉਸ ਵਿੱਚੋਂ ਵੀ ਹੰਝੂ ਕਿਰ ਰਹੇ ਸਨ ਕਿਉਂਕਿ ਉਹ ਇਕੱਲੀ ਪੀੜਤ ਨਹੀਂ ਸੀ ਸਗੋਂ ਕਹਿਰ ਉਸ ਦੇ ਚਾਰ ਕੁ ਸਾਲ ਦੇ ਮਾਸੂਮ ਬੱਚੇ ਉਤੇ ਵੀ ਵਾਪਰਿਆ ਸੀ।
ਚੰਡੀਗੜ੍ਹ ਵਿੱਚ ਇੱਕ ਵੱਡੇ ਹਸਪਤਾਲ ਵਿੱਚ ਨੌਕਰੀ ਕਰਦੀ ਹਾਂ ਜਿੱਥੇ ਬਹੁਤੀ ਵਾਰ ਮਰੀਜ਼ ਵੀ ਇਲਾਜ ਲਈ ਉਦੋਂ ਆਉਂਦੇ ਹਨ ਜਦੋਂ ਬਾਕੀ ਹਸਪਤਾਲ ਇਲਾਜ ਤੋਂ ਹੱਥ ਖੜ੍ਹੇ ਕਰ ਦਿੰਦੇ ਹਨ। ਨਰਸ ਹੋਣ ਦੇ ਨਾਤੇ ਮੈਂ ਅਕਸਰ ਡਾਕਟਰ ਦੀਆਂ ਦੱਸੀਆਂ ਦਵਾਈਆਂ ਦੇਣ ਤੋਂ ਇਲਾਵਾ ਮਰੀਜ਼ ਦੇ ਦੁੱਖ ਸੁਣ ਕੇ ਉਸ ਨੂੰ ਹੌਸਲਾ ਦੇਣ ਦਾ ਫਰਜ਼ ਵੀ ਨਿਭਾਉਂਦੀ ਹਾਂ।
ਮੈਂ ਉਸ ਔਰਤ ਨੂੰ ਦਵਾਈ ਦੇਣ ਲੱਗੀ ਤਾਂ ਸਰਸਰੀ ਹਾਲਚਾਲ ਪੁੱਛ ਲਿਆ। ਜਦੋਂ ਉਸ ਨੇ ਆਪਣੀ ਵਿਥਿਆ ਸੁਣਾਉਣੀ ਸ਼ੁਰੂ ਕੀਤੀ ਤਾਂ ਮੈਨੂੰ ਬਹੁਤ ਦੁੱਖ ਹੋਇਆ। ਉਹ ਕਹਿੰਦੀ, “ਮੈਡਮ, ਮੈਂ ਆਪਣੇ ਜਿਗਰ ਦੇ ਟੋਟੇ ਨਾਲ ਕਿਤੇ ਜਾ ਰਹੀ ਸੀ ਤਾਂ ਅਵਾਰਾ ਕੁੱਤੇ ਮੇਰੇ ਬੱਚੇ ਉਤੇ ਟੁੱਟ ਕੇ ਪੈ ਗਏ। ਉਸ ਦੀ ਪਿੱਠ ਖੂਨੋ-ਖੂਨ ਕਰ ਦਿੱਤੀ ਅਤੇ ਜਦੋਂ ਮੈਂ ਆਪਣੇ ਬੱਚੇ ਨੂੰ ਬਚਾਉਣ ਲਈ ਅੱਗੇ ਹੋਈ ਤਾਂ ਇਕ ਕੁੱਤੇ ਨੇ ਮੇਰੀ ਅੱਖ ਉਤੇ ਬੁਰਕ ਭਰ ਲਿਆ। ਮੇਰੀ ਅੱਖ ਦਾ ਕਿਤੇ ਸਹੀ ਇਲਾਜ ਨਾ ਹੋਣ ਕਾਰਨ ਮੈਨੂੰ ਇੱਥੇ ਆਉਣਾ ਪਿਆ। ਹੁਣ ਅਸੀਂ ਦੋਵੇਂ ਮਾਂ-ਪੁੱਤ ਬੇਕਸੂਰ ਹੋਣ ਦੇ ਬਾਵਜੂਦ ਸਜ਼ਾ ਭੁਗਤ ਰਹੇ ਹਾਂ।”
ਉਸ ਦੀ ਇਸ ਕਹਾਣੀ ਨਾਲ ਮੇਰਾ ਦਿਲ ਪਸੀਜ ਗਿਆ। ਉਸ ਦੇ ਬੈੱਡ ਕੋਲ ਖੇਡਦਾ ਬੱਚਾ ਭਾਵੇਂ ਹੁਣ ਠੀਕ ਸੀ ਪਰ ਪਿੱਠ ਉਤੇ ਪਏ ਨਿਸ਼ਾਨ ਦੱਸਦੇ ਸਨ ਕਿ ਇਸ ਸਦਮੇ ਵਿੱਚੋਂ ਨਿਕਲਣ ਲਈ ਉਸ ਨੂੰ ਅਜੇ ਬਹੁਤ ਵਕਤ ਲੱਗੇਗਾ। ਮੈਨੂੰ ਇਸ ਗੱਲ ਦੀ ਤਸੱਲੀ ਹੋਈ ਕਿ ਉਹ ਔਰਤ ਭਾਵੇਂ ਲੰਮਾ ਸਮਾਂ ਦਾਖਲ ਰਹੀ ਅਤੇ ਆਪਣਾ ਇਲਾਜ ਕਰਵਾ ਕੇ ਚਲੀ ਗਈ।
ਅਕਸਰ ਸੋਚਦੀ ਹਾਂ ਕਿ ਅਵਾਰਾ ਕੁੱਤਿਆਂ ਨੇ ਪਤਾ ਨਹੀਂ ਕਿੰਨੇ ਘਰਾਂ ਦੀਆਂ ਖੁਸ਼ੀਆਂ ਨੂੰ ਮਾਤਮ ਵਿੱਚ ਬਦਲਿਆ ਹੈ। ਸਭ ਤੋਂ ਵੱਧ ਚਿੰਤਾਜਨਕ ਪਹਿਲੂ ਇਹ ਹੈ ਕਿ ਅਵਾਰਾ ਕੁੱਤੇ ਕਿਸੇ ਇਕ ਮਨੁੱਖ ਨੂੰ ਸ਼ਿਕਾਰ ਬਣਾਉਣ ਤੋਂ ਬਾਅਦ ਦੂਜੇ ਸ਼ਿਕਾਰ ਦੀ ਉਡੀਕ ਵਿੱਚ ਰਹਿੰਦੇ ਹਨ। ਪੀੜਤ ਸ਼ਖ਼ਸ ਸਾਰੀ ਜ਼ਿੰਦਗੀ ਸਦਮੇ ਵਿੱਚੋਂ ਨਹੀਂ ਉਭਰਦਾ। ਉਹ ਔਰਤ ਅਤੇ ਉਸ ਦਾ ਬੱਚਾ ਇਸ ਸਜ਼ਾ ਲਈ ਉਮਰ ਭਰ ਆਪਣਾ ਕਸੂਰ ਪੁੱਛਦੇ ਰਹਿਣਗੇ। ਸੋਚਦੀ ਹਾਂ, ਇਸ ਸਜ਼ਾ ਦੇ ਅਸਲ ਜਿ਼ੰਮੇਵਾਰ ਕੌਣ ਹਨ?
ਸੰਪਰਕ: 94561-88506