ਸੇਰ ’ਚੋਂ ਪੂਣੀ
ਲਾਲ ਚੰਦ ਸਿਰਸੀਵਾਲਾ
ਜਦੋਂ ਵੀ ਉਸ ਬਜ਼ੁਰਗ ਦੇ ਘਰ ਜਾਣਾ, ‘ਸਤਿ ਸ੍ਰੀ ਅਕਾਲ’ ਬੁਲਾਉਣੀ, ਉਹ ਬੜੇ ਸਤਿਕਾਰ ਸ਼ਰਾਫਤ ਸਹਿਤ ‘ਸਤਿ ਸ੍ਰੀ ਅਕਾਲ’ ਦਾ ਜਵਾਬ ਦਿੰਦੇ, ਪਰਿਵਾਰ ਦੀ ਸੁੱਖਸਾਂਦ ਪੁੱਛਦੇ। ‘ਜਿਊਂਦੇ ਰਹੋ, ਵਾਹਿਗੁਰੂ ਮਿਹਰ ਕਰੇ’ ਅਸੀਸਾਂ ਦਿੰਦੇ। ਅਸੀਂ ਆਪਣੇ ਕੰਮ-ਧੰਦੇ ਲੱਗ ਜਾਂਦੇ ਤੇ ਉਹ ਗੰਭੀਰ ਹੋ ਜਾਂਦੇ। ਇੰਝ ਲੱਗਦਾ ਕਿ ਉਹ ਅਤੀਤ ਦੀਆਂ ਯਾਦਾਂ ‘ਚ ਗੁਆਚ ਗਏ ਹੋਣ। ਜਦੋਂ ਵੀ ਕੋਈ ਗੱਲ ਕਰਦੇ, ਇਨਸਾਨੀ ਕਦਰ-ਕੀਮਤਾਂ ਸੰਭਾਲਣ ਦੀ ਕਰਦੇ।
ਹੌਲੀ ਹੌਲੀ ਅਸੀਂ ਗੱਲਾਂ-ਬਾਤਾਂ ਦਾ ਸਿਲਸਿਲਾ ਵਧਾਉਣ ਦੀ ਇੱਛਾ ਨਾਲ ‘ਹੋਰ ਸੁਣਾਓ ਜੀ’ ਕਹਿਣ ਲੱਗੇ।… ਤੇ ਫਿਰ ਇੱਕ ਦਿਨ ਉਨ੍ਹਾਂ ਆਪਣਾ ਦਰਦ ਫਰੋਲਣਾ ਸ਼ੁਰੂ ਕਰ ਦਿੱਤਾ…
“… ਹੱਲਿਆਂ ਵੇਲੇ 6-7 ਸਾਲ ਦਾ ਸੀ ਮੈਂ ਪੁੱਤਰਾ। ਬਹੁਤਾ ਨਹੀਂ ਥੋੜ੍ਹਾ ਥੋੜ੍ਹਾ ਮੈਨੂੰ ਯਾਦ ਐ ਜਦੋਂ ਅਸੀਂ ਪਾਕਿਸਤਾਨੋਂ ਏਧਰ ਆਏ ਸੀ। ਬੇਸ਼ਕ ਹੁਣ ਸੌਖੇ ਹਾਂ, ਭਰਿਆ ਪਰਿਵਾਰ ਹੈ ਪਰ ਦੇਸ਼ ਦੇ ਹਾਲਾਤ ਨੇ 47 ਦੇ ਉਜਾੜੇ ਵਾਲੇ ਜ਼ਖ਼ਮ ਭਰਨ ਨਹੀਂ ਦਿੱਤੇ ਤੇ ਨਿੱਤ ਦੀਆਂ ਬੁਰੀਆਂ ਘਟਨਾਵਾਂ ਉਨ੍ਹਾਂ ਨੂੰ ਉਚੇੜ ਜਾਂਦੀਆਂ ਨੇ।” ਫਿਰ ਲੰਮਾ ਹਉਕਾ ਭਰ ਕੇ ਗੱਲ ਅੱਗੇ ਤੋਰਦਿਆਂ ਕਹਿਣ ਲੱਗਾ: “ਸਾਡੇ ਦੇਸ਼ ਦੀ ਵੱਡੀ ਆਬਾਦੀ ਇਹ ਜਾਣਦੀ ਹੈ ਕਿ ਰਾਜ ਸੱਤਾ ਦੀ ਪ੍ਰਾਪਤੀ ਲਈ ਵੋਟਰਾਂ ਦੇ ਵੱਡੇ ਵਰਗ ਨੂੰ ਆਪਣੇ ਹੱਕ ‘ਚ ਭਗਤਾਉਣ ਵਾਸਤੇ ਸਿਆਸਤਦਾਨ ਜਾਤ, ਧਰਮ ਤੇ ਇਲਕਾਈ ਮਸਲੇ ਉਠਾਉਂਦੇ ਨੇ। ‘ਪਾੜੋ ਤੇ ਰਾਜ ਕਰੋ’ ਦੀ ਅੰਗਰੇਜ਼ ਨੀਤੀ ਦੀ ਹਰ ਸਮਝਦਾਰ ਆਦਮੀ ਗੱਲ ਕਰਦੈ, ਫਿਰ ਵੱਡੀ ਬੇਵਕੂਫੀ ਉਦੋਂ ਹੁੰਦੀ ਹੈ ਜਦੋਂ ਅਸੀਂ ਇਸ ਦਾ ਸ਼ਿਕਾਰ ਹੁੰਦੇ ਹਾਂ। 70-75 ਸਾਲਾਂ ਤੋਂ ਅਸੀਂ ਨਵੇਂ ਨਵੇਂ ਰੂਪ ਵਿਚ ਚਲੀਆਂ ਚਾਲਾਂ ‘ਚ ਫਸ ਰਹੇ ਹਾਂ। ਪੰਜਾਬ ਦੀ ਹੀ ਗੱਲ ਕਰਾਂ। ਦਸਾਂ ਗੁਰੂਆਂ ਦੇ ਫਲਸਫੇ ਨੂੰ ਪ੍ਰਨਾਈ ਧਰਤ ਪੀੜ੍ਹੀ-ਦਰ-ਪੀੜ੍ਹੀ ਨਸ਼ੇ, ਪਰਵਾਸ, ਆਪਸੀ ਝਗੜਿਆਂ ਦੀ ਬਲੀ ਚੜ੍ਹ ਰਹੀ ਹੈ। ਮੈਂ ਸੋਚਦਾ ਹਾਂ ਕਿ 1947, 1984 ਦੇ ਗਵਾਹ ਅਤੇ ਇਤਿਹਾਸ ਸਾਡੇ ਸਾਹਮਣੇ ਨੇ। ਦੂਜੇ ਧਰਮ ਲਈ ਆਪਾ ਵਾਰਨ ਵਾਲੇ ਸ੍ਰੀ ਗੁਰੂ ਤੇਗ ਬਹਾਦਰ, ਹਾਅ ਦਾ ਨਾਅਰਾ ਮਾਰਨ ਵਾਲੇ ਨਵਾਬ ਸ਼ੇਰ ਮੁਹੰਮਦ ਖਾਂ ਮਲੇਰਕੋਟਲਾ ਅਤੇ ਦੀਵਾਨ ਟੋਡਰ ਮੱਲ ਦੀਆਂ ਮਿਸਾਲਾਂ ਸਾਡੀ ਹੋਂਦ ਹਨ। ਫਿਰ ਵੀ ਅਸੀਂ ਇਤਿਹਾਸ ਤੋਂ ਸਿੱਖਦੇ ਨਹੀਂ ਸਗੋਂ ਹਾਕਮਾਂ ਦੀ ਬਾਲੀ ਹੋਈ ਅੱਗ ਦਾ ਬਾਲਣ ਬਣਨ ਲਈ ਝੱਟ ਤਿਆਰ ਹੋ ਜਾਂਦੇ ਹਾਂ। ਜਬਰ ਖਿਲਾਫ ਲੜਨਾ ਸਾਡਾ ਵਿਰਸਾ ਹੈ ਪਰ ਇਤਿਹਾਸ ਤੋਂ ਸਿੱਖ ਕੇ ਗਲਤੀਆਂ ਤੋਂ ਬਚਣਾ ਸਾਡੀ ਜਿ਼ੰਮੇਵਾਰੀ ਵੀ ਤਾਂ ਹੈ। ਪਤਾ ਨਹੀਂ ਕਿਉਂ, ਕੋਸ਼ਿਸ਼ ਕਰਨ ਦੇ ਬਾਵਜੂਦ ਅਸੀਂ ਆਪਣੀ ਅਗਲੀ ਪੀੜ੍ਹੀ ਨੂੰ ਸਮਝਾ ਨਹੀਂ ਸਕੇ; ਬਸ ਇਹ ਝੋਰਾ ਹਰ ਸਮੇਂ ਅੰਦਰੋ-ਅੰਦਰੀ ਖਾ ਰਿਹਾ ਹੈ ਤੇ ਉਦਾਸੀ ਖਹਿੜਾ ਨਹੀਂ ਛੱਡਦੀ।”
ਕਈ ਦਿਨਾਂ ਬਾਅਦ ਕਿਸੇ ਕੰਮ ਫਿਰ ਅਸੀਂ ਬਜ਼ੁਰਗ ਦੇ ਘਰ ਗਏ ਤਾਂ ਦੇਖਿਆ, ਉਨ੍ਹਾਂ ਦੇ ਚਿਹਰੇ ਦਾ ਨੂਰ ਅਤੇ ਖੁਸ਼ੀ ਆਪ ਮੁਹਾਰੇ ਝਲਕਦੀ ਸੀ। ਸਾਡੀ ‘ਸਤਿ ਸ੍ਰੀ ਅਕਾਲ’ ਤੋਂ ਪਹਿਲਾਂ ਹੀ ਉਨ੍ਹਾਂ ਦੇ ਆਖੇ ਉਤਸ਼ਾਹੀ ਸ਼ਬਦ ‘ਆਓ ਉਏ ਪੁੱਤਰੋ ਰਾਜ਼ੀ ਓ… ਕਿਧਰੋਂ ਰਾਹ ਭੁੱਲ ਗਏ’ ਦਾ ਅੰਦਾਜ਼ ਦੇਖ ਕੇ ਸਾਥੋਂ ਆਪਮੁਹਾਰੇ ਕਹਿ ਹੋ ਗਿਆ: “ਬਾਪੂ ਬੜਾ ਖੁਸ਼ ਐਂ, ਕੀ ਗੱਲ ਹੋਈ।” ਲੰਮੀ ਚਿੱਟੀ ਦਾੜ੍ਹੀ ‘ਤੇ ਹੱਥ ਫੇਰਦਿਆਂ “ਸੱਚੀ ਪੁੱਤ, ਅੱਜ ਮੇਰਾ ਮਨੀ ਰਾਮ ਟਿਕਾਣੇ ਐ” ਤੇ ਫਿਰ ਉਨ੍ਹਾਂ ਆਪ ਬੀਤੀ ਸੁਣਾਉਣੀ ਸ਼ੁਰੂ ਕਰ ਦਿੱਤੀ: “ਤਿੰਨ ਕੁ ਸਾਲ ਪਹਿਲਾਂ ਅਸੀਂ ਨਾਭਾ ਸਤਿਸੰਗ ਘਰ ਵਾਲੀ ਸੜਕ ‘ਤੇ ਰੁੱਖ ਲਾਏ ਸਨ। ਟਰੈਕਟਰ ਪਿੱਛੇ ਟੈਂਕੀ ਪਾ ਕੇ ਹਫਤੇ ਦਸੀਂ ਦਿਨੀਂ ਪਾਣੀ ਪਾ ਆਉਂਦੇ, ਥੋੜ੍ਹੀ ਬਹੁਤੀ ਦੇਖ-ਰੇਖ ਕਰਦੇ ਰਹੇ। ਅਵਾਰਾ ਤੇ ਗੁੱਜਰਾਂ ਦੇ ਪਸ਼ੂਆਂ ਦੇ ਤੋੜਨ, ਲਤਾੜਨ ਦੇ ਬਾਵਜੂਦ 25 ਕੁ ਬੂਟੇ ਵਧੀਆ ਹੋ ਗਏ। ਲੰਘੇ ਨਵੰਬਰ ਨਾਭੇ ਨੂੰ ਜਾਂਦੇ ਮੈਂ ਆਪਣੀ ਕਿਰਤ ਨੂੰ ਵਧਦਿਆਂ ਦੇਖ ਰਿਹਾ ਸੀ। ਮੀਹਾਂ ਕਾਰਨ ਦੱਭ ਵੀ ਵੱਡੀ ਹੋ ਗਈ ਸੀ। ਦੇਖਿਆ ਕਿ ਨਿੰਮ ਦਾ ਇੱਕ ਬੂਟਾ ਕਿਸੇ ਪਸ਼ੂ ਨੇ ਸਿੰਗ ਨਾਲ ਮਰੋੜ ਦਿੱਤਾ ਜੋ ਪੋਰੀ ਨਾਲੋਂ ਅੱਧਾ ਫਟ ਕੇ ਧਰਤੀ ‘ਤੇ ਡਿੱਗਿਆ ਹੋਇਆ ਸੀ ਪਰ ਉੱਦਾਂ ਉਹ ਆਪਣੀਆਂ ਜੜ੍ਹਾਂ ਨਾਲ ਜੁੜਿਆ ਹੋਇਆ ਸੀ ਤੇ ਇਹ ਘਟਨਾ ਤਾਜ਼ੀ ਹੋਣ ਕਰ ਕੇ ਉਹ ਅਜੇ ਹਰਾ ਸੀ। ਮੈਂ ਰੁਕਿਆ, ਦੇਖਿਆ, ਮੈਨੂੰ ਲੱਗਾ ਕਿ ਸੰਭਾਲ ਨਾਲ ਬਚ ਸਕਦਾ ਹੈ। ਆਸੇ-ਪਾਸੇ ਨਿਗਾਹ ਮਾਰੀ, ਕੂੜੇ ਦੀ ਢੇਰੀ ‘ਚੋਂ ਪੇਟੀਆਂ ਬੰਨ੍ਹਣ ਵਾਲੀ ਬੱਧਰੀ ਜਿਹੀ ਲੱਭ ਗਈ। ਦੋ-ਸਾਂਗੜ ਡੱਕਾ ਲੱਭਿਆ, ਸਹਾਰਾ ਦੇ ਕੇ ਬੱਧਰੀ ਨਾਲ ਬੰਨ੍ਹ ਦਿੱਤਾ। ਅੱਜ ਕਈ ਮਹੀਨਿਆਂ ਬਾਅਦ ਪੋਤੇ ਨਾਲ ਨਾਭੇ ਕਿਸੇ ਕੰਮ ਗਿਆ, ਉੱਥੇ ਜਾ ਕੇ ਮੋਟਰ ਸਾਇਕਲ ਹੌਲੀ ਕਰਵਾ ਲਿਆ। ਦੇਖਦਾ ਹਾਂ ਕਿ ਉਹ ਨਿੰਮ ਆਪਣੀ ਜੜ੍ਹ ਨਾਲ ਜੁੜਿਆ, ਪੋਰੀ ਨਾਲ ਬੰਨ੍ਹਿਆ ਤੇ ਦਿੱਤੇ ਸਹਾਰੇ ਸਦਕਾ ਟਾਹਣੀਆਂ ਕੱਢ ਚੁੱਕਾ ਸੀ। ਮੇਰੀ ਖੁਸ਼ੀ ਦਾ ਟਿਕਾਣਾ ਨਹੀਂ ਰਿਹਾ। ਹਵਾ ਨਾਲ ਝੂਮ ਰਹੇ ਨਿੰਮ ਨਾਲ ਝੂਮਦਾ ਹੋਇਆ ਮੈਂ ਸੋਚ ਰਿਹਾ ਸੀ ਕਿ ਜੜ੍ਹਾਂ ਨਾਲ ਜੁੜੇ ਰੁੱਖ ਤੇ ਮਨੁੱਖ ਕਦੇ ਸੁੱਕਦੇ ਨਹੀਂ। ਜੇ ਟੁੱਟੇ ਬੂਟੇ ਨੂੰ ਸਹਾਰਾ ਫਿਰ ਹਰਿਆ-ਭਰਿਆ ਕਰ ਸਕਦਾ ਹੈ ਤਾਂ ਡਿੱਗੇ ਢਹੇ ਗਲਤ ਰਸਤੇ ਤੁਰੇ ਮਨੁੱਖਾਂ ਨੂੰ ਕਿਉਂ ਨਹੀਂ? ਅਜਿਹੇ ਟੁੱਟੇ ਰੁੱਖ ਅਤੇ ਮਨੁੱਖ ਸਾਡੇ ਸਭ ਦੇ ਸਾਹਮਣੇ ਆਉਂਦੇ ਹਨ। ਅਜਿਹੀਆਂ ਕੋਸ਼ਿਸ਼ਾਂ ਮੈਂ ਅਕਸਰ ਕਰਦਾ ਹਾਂ। ਸਭ ਨੂੰ ਪ੍ਰੇਰਦਾ ਹਾਂ। ਇਸ ਉਮੀਦ ਨਾਲ ਕਿ ਇੱਕ ਨੂੰ ਵੀ ਚੰਗੇ ਰਾਹ ਤੋਰ ਲਿਆ ਤਾਂ ਸਮਝੋ, ਆਪਣੇ ਹਿੱਸੇ ਦੇ ਸੇਰ ‘ਚੋਂ ਪੂਣੀ ਕੱਤ ਲਈ।”
ਸੰਪਰਕ: 98144-24896