ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਪੁਣੇ ਪੌਸ਼ ਹਾਦਸਾ

06:13 AM May 22, 2024 IST

ਮਹਾਰਾਸ਼ਟਰ ਦੇ ਪੁਣੇ ਸ਼ਹਿਰ ਵਿੱਚ ਲਗਜ਼ਰੀ ਕਾਰ ਪੌਸ਼/ਪੌਰਸ਼ ਨਾਲ ਘਾਤਕ ਹਾਦਸੇ ਦੇ ਕਈ ਅਹਿਮ ਸਬਕ ਸਾਹਮਣੇ ਆ ਰਹੇ ਹਨ। ਇਹ ਕਾਰ 200 ਕਿਲੋਮੀਟਰ ਫ਼ੀ ਘੰਟੇ ਦੀ ਰਫ਼ਤਾਰ ਨਾਲ ਜਾ ਰਹੀ ਸੀ ਜਿਸ ਦੀ ਮੋਟਰਸਾਈਕਲ ਨਾਲ ਟੱਕਰ ਹੋ ਗਈ; ਮੋਟਰਸਾਈਕਲ ਸਵਾਰ ਦੋਵੇਂ ਆਈਟੀ ਇੰਜਨੀਅਰਾਂ ਦੀ ਮੌਤ ਵਾਕਿਆ ਹੋ ਗਈ। ਕਾਰ 17 ਸਾਲ ਦਾ ਨਾਬਾਲਗ ਲੜਕਾ ਚਲਾ ਰਿਹਾ ਸੀ। ਉਂਝ ਗਨੀਮਤ ਹੈ ਕਿ ਪੁਲੀਸ ਨੇ ਝਟਪਟ ਕਾਰਵਾਈ ਅਮਲ ਵਿੱਚ ਲਿਆਂਦੀ ਅਤੇ ਨਾਬਾਲਗ ਲੜਕੇ ਨੂੰ ਸ਼ਰਾਬ ਪਿਲਾਉਣ ਵਾਲੇ ਬਾਰ ਮਾਲਕ ਅਤੇ ਉਸ ਦੇ ਕਰਮਚਾਰੀਆਂ ਤੇ ਲੜਕੇ ਦੇ ਪਿਤਾ ਖਿ਼ਲਾਫ਼ ਕੇਸ ਦਰਜ ਕਰ ਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਸ ਤੋਂ ਸੰਕੇਤ ਗਿਆ ਹੈ ਕਿ ਇਸ ਤਰ੍ਹਾਂ ਦੇ ਗ਼ੈਰ-ਜਿ਼ੰਮਵਾਰਾਨਾ ਵਿਹਾਰ ਨੂੰ ਬਿਲਕੁੱਲ ਸਹਿਣ ਨਹੀਂ ਕੀਤਾ ਜਾ ਸਕਦਾ।
ਪੁਣੇ ਪੁਲੀਸ ਨੇ ਇਸ ਕੇਸ ਵਿੱਚ ਕ੍ਰਾਈਮ ਬ੍ਰਾਂਚ ਨੂੰ ਸ਼ਾਮਿਲ ਕੀਤਾ ਹੈ ਜਿਸ ਤੋਂ ਪਤਾ ਲੱਗਦਾ ਹੈ ਕਿ ਇਸ ਮਸਲੇ ਨੂੰ ਕਿੰਨੀ ਗੰਭੀਰਤਾ ਨਾਲ ਲਿਆ ਜਾ ਰਿਹਾ ਹੈ। ਕਾਰ ਚਲਾਉਣ ਵਾਲੇ ਲੜਕੇ ਦੇ ਪਿਤਾ ਅਤੇ ਬਾਰ ਮਾਲਕ ਦੀ ਗ੍ਰਿਫ਼ਤਾਰੀ ਇਹ ਨਿਸ਼ਾਨਦੇਹੀ ਕਰਦੀ ਹੈ ਕਿ ਇਸ ਤਰ੍ਹਾਂ ਦੇ ਗੰਭੀਰ ਹਾਦਸਿਆਂ ਦੀ ਰੋਕਥਾਮ ਵਿੱਚ ਵਡੇਰੀ ਜਿ਼ੰਮੇਵਾਰੀ ਨੂੰ ਅਣਡਿੱਠ ਨਹੀਂ ਕੀਤਾ ਜਾਣਾ ਚਾਹੀਦਾ। ਲੜਕੇ ਦੇ ਪਿਤਾ ਖਿ਼ਲਾਫ਼ ਬਾਲ ਅਪਰਾਧ ਨਿਆਂ ਐਕਟ ਦੀ ਧਾਰਾ ਤਹਿਤ ਖ਼ਤਰਨਾਕ ਸਰਗਰਮੀਆਂ ਤੋਂ ਬਚਾਓ ਲਈ ਮਾਪਿਆਂ ਦੀ ਬਣਦੀ ਜਿ਼ੰਮੇਵਾਰੀ ਨਾ ਨਿਭਾਉਣ ਬਦਲੇ ਦੋਸ਼ ਆਇਦ ਕੀਤੇ ਗਏ ਹਨ। ਉਂਝ ਬਾਲ ਅਪਰਾਧ ਬੋਰਡ ਵੱਲੋਂ ਨਾਬਾਲਗ ਲੜਕੇ ਦੀ ਜ਼ਮਾਨਤ ਮਨਜ਼ੂਰ ਕਰਨਾ, ਸੜਕ ਸੁਰੱਖਿਆ ਬਾਰੇ ਲੇਖ ਲਿਖ ਕੇ ਲਿਆਉਣ ਅਤੇ ਜ਼ਰੂਰੀ ਕੌਂਸਲਿੰਗ ਲੈਣ ਦੀ ਤਾਕੀਦ ਨੂੰ ਲੈ ਕੇ ਕਈ ਲੋਕਾਂ ਵੱਲੋਂ ਹੈਰਾਨੀ ਜ਼ਾਹਿਰ ਕੀਤੀ ਜਾ ਰਹੀ ਹੈ ਕਿ ਇਸ ਤਰ੍ਹਾਂ ਦੀ ਢਿੱਲ ਦਾ ਕੀ ਸੰਦੇਸ਼ ਜਾਵੇਗਾ, ਉਹ ਵੀ ਅਜਿਹੇ ਕੇਸ ਵਿੱਚ ਜਿਸ ਵਿੱਚ ਦੋ ਵਿਅਕਤੀਆਂ ਦੀ ਜਾਨ ਜਾ ਚੁੱਕੀ ਹੈ। ਇਸ ਦੇ ਨਾਲ ਹੀ 18 ਸਾਲ ਦੀ ਉਮਰ ਵਿੱਚ ਵੋਟ ਪਾਉਣ ਜਾਂ ਵਿਆਹ ਕਰਨ ਦੇ ਅਧਿਕਾਰ ਤੋਂ ਇਲਾਵਾ ਕੁਝ ਰਾਜਾਂ ਵਿੱਚ ਜਨਤਕ ਤੌਰ ’ਤੇ ਸ਼ਰਾਬ ਪੀਣ ਲਈ 25 ਸਾਲ ਦੀ ਉਮਰ ਹੱਦ ਮਿਥਣ ਦੇ ਤਰਕ ਮੁਤੱਲਕ ਸਵਾਲ ਵੀ ਉਠਾਏ ਗਏ ਹਨ।
ਹਾਲ ਹੀ ਵਿੱਚ ਪਟਿਆਲਾ ਜਿੱਥੇ ਤੇਜ਼ ਰਫ਼ਤਾਰ ਵਿਦਿਆਰਥੀ ਕਈ ਮੌਤਾਂ ਦਾ ਕਾਰਨ ਬਣੇ ਹਨ, ਵਿੱਚ ਹੋਇਆ ਹਾਦਸਾ ਨੌਜਵਾਨਾਂ ’ਚ ਖ਼ਤਰਨਾਕ ਡਰਾਈਵਿੰਗ ਦੇ ਚਿੰਤਾਜਨਕ ਰੁਝਾਨ ਵੱਲ ਸੰਕੇਤ ਕਰਦਾ ਹੈ। ਅਜਿਹੇ ਹਾਦਸਿਆਂ ਕਾਰਨ ਜਿਨ੍ਹਾਂ ਪਰਿਵਾਰਾਂ ਦੇ ਜੀਅ ਵਿਛੜ ਜਾਂਦੇ ਹਨ, ਉਹ ਭਰਪਾਈ ਤਾਂ ਕਦੀ ਵੀ ਨਹੀਂ ਹੋ ਸਕਦੀ ਪਰ ਅਜਿਹੇ ਹਾਦਸਿਆਂ ਦਾ ਸਭ ਤੋਂ ਪਹਿਲਾ ਸਬਕ ਇਹ ਹੋਣਾ ਚਾਹੀਦਾ ਹੈ ਕਿ ਇਨ੍ਹਾਂ ਨੂੰ ਕਿਸ ਢੰਗ-ਤਰੀਕੇ ਨਾਲ ਰੋਕਿਆ ਜਾਵੇ। ਇਸ ਤਰ੍ਹਾਂ ਦੀਆਂ ਘਟਨਾਵਾਂ ਟਰੈਫਿਕ ਕਾਨੂੰਨਾਂ ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਉਣ ਅਤੇ ਨਾਬਾਲਗ ਮੁਲਜ਼ਮਾਂ ਲਈ ਕਾਨੂੰਨੀ ਢਾਂਚੇ ਦੀ ਸਮੀਖਿਆ ਦੀ ਲੋੜ ਉੱਤੇ ਜ਼ੋਰ ਦਿੰਦੀਆਂ ਹਨ। ਪੁਣੇ ਪੁਲੀਸ ਵੱਲੋਂ ਨਾਬਾਲਗ ਉੱਤੇ ਬਾਲਗ ਵਜੋਂ ਮੁਕੱਦਮਾ ਚਲਾਉਣ ਦੀ ਅਪੀਲ ਇਸ ਪਾਸੇ ਚੁੱਕਿਆ ਅਹਿਮ ਕਦਮ ਹੈ। ਨਿਆਂਇਕ ਤੰਤਰ ਨੂੰ ਇਸ ਸਬੰਧੀ ਮਿਸਾਲ ਕਾਇਮ ਕਰਨੀ ਚਾਹੀਦੀ ਹੈ ਕਿ ਇਸ ਤਰ੍ਹਾਂ ਦਾ ਖ਼ਤਰਨਾਕ ਵਿਹਾਰ ਕਰਨ ਦੇ ਗੰਭੀਰ ਸਿੱਟੇ ਨਿਕਲਣਗੇ, ਭਾਵੇਂ ਅਪਰਾਧੀ ਦੀ ਉਮਰ ਕੋਈ ਵੀ ਹੋਵੇ। ਇਸ ਨਾਲ ਲੋਕਾਂ ਦਾ ਭਰੋਸਾ ਬਹਾਲ ਹੋਵੇਗਾ ਅਤੇ ਸੜਕਾਂ ’ਤੇ ਲਾਪਰਵਾਹੀ ਵਰਤਣ ਤੋਂ ਲੋਕ ਡਰਨਗੇ।

Advertisement

Advertisement