ਪੁਲਵਾਮਾ: ਮੁਕਾਬਲੇ ’ਚ ਲਸ਼ਕਰ ਕਮਾਂਡਰ ਸਮੇਤ ਦੋ ਹਲਾਕ
ਸ੍ਰੀਨਗਰ, 3 ਜੂਨ
ਜੰਮੂ ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਵਿੱਚ ਅੱਜ ਸੁਰੱਖਿਆ ਬਲਾਂ ਨਾਲ ਹੋਏ ਮੁਕਾਬਲੇ ਵਿੱਚ ਲਸ਼ਕਰ-ਏ-ਤੋਇਬਾ ਦੇ ਇੱਕ ਸਥਾਨਕ ਕਮਾਂਡਰ ਸਮੇਤ ਦੋ ਦਹਿਸ਼ਤਗਰਦ ਮਾਰੇ ਗਏ ਹਨ। ਕਸ਼ਮੀਰ ਪੁਲੀਸ ਦੇ ਆਈਜੀ ਵੀਕੇ ਬਿਰਧੀ ਨੇ ਦੱਸਿਆ ਕਿ ਮਾਰੇ ਗਏ ਦਹਿਸ਼ਤਗਰਦਾਂ ਦੀ ਪਛਾਣ ਰਿਆਜ਼ ਡਾਰ ਅਤੇ ਰਈਅਸ ਡਾਰ ਵਜੋਂ ਹੋਈ ਹੈ। ਰਿਆਜ਼ ਡਾਰ, ਪਾਬੰਦੀਸ਼ੁਦਾ ਜਥੇਬੰਦੀ ਲਸ਼ਕਰ-ਏ-ਤੋਇਬਾ ਦਾ ਸਥਾਨਕ ਕਮਾਂਡਰ ਸੀ ਤੇ ਕਈ ਕੇਸਾਂ ਵਿੱਚ ਲੋੜੀਂਦਾ ਸੀ। ਉਹ ਕਈ ਸਾਲਾਂ ਤੋਂ ਸੁਰੱਖਿਆ ਬਲਾਂ ਤੋਂ ਲੁਕਦਾ ਆ ਰਿਹਾ ਸੀ। ਪੁਲੀਸ ਮੁਤਾਬਕ ਸੁਰੱਖਿਆ ਬਲਾਂ ਨੇ ਇਲਾਕੇ ਵਿੱਚ ਦਹਿਸ਼ਤਗਰਦਾਂ ਦੀ ਮੌਜੂਦਗੀ ਬਾਰੇ ਸੂਚਨਾ ਮਿਲਣ ’ਤੇ ਦੱਖਣੀ ਕਸ਼ਮੀਰ ਜ਼ਿਲ੍ਹੇ ਦੇ ਨਿਹਾਮਾ ਇਲਾਕੇ ਵਿੱਚ ਤਲਾਸ਼ੀ ਮੁਹਿੰਮ ਚਲਾਈ ਸੀ। ਇਹ ਤਲਾਸ਼ੀ ਮੁਹਿੰਮ ਐਤਵਾਰ ਰਾਤ 11.45 ਵਜੇ ਸ਼ੁਰੂ ਹੋਈ, ਜਿਸ ਦੌਰਾਨ ਜੰਮੂ ਕਸ਼ਮੀਰ ਪੁਲੀਸ ਤੇ ਨੀਮ ਫ਼ੌਜੀ ਬਲਾਂ ਨੇ ਨਿਹਾਮਾ ਇਲਾਕੇ ਦੇ ਇੱਕ ਘਰ ਨੇੜੇ ਜਾਂਚ ਸ਼ੁਰੂ ਕੀਤੀ। ਡੀਆਈਜੀ (ਦੱਖਣੀ ਕਸ਼ਮੀਰ) ਅਤਲਾਫ ਖਾਨ ਦੀ ਨਿਗਰਾਨੀ ਹੇਠ ਚੱਲੀ ਮੁਹਿੰਮ ਦੌਰਾਨ ਇਸ ਗੱਲ ਦਾ ਖਿਆਲ ਰੱਖਿਆ ਗਿਆ ਕਿ ਇਸ ਦੌਰਾਨ ਕਿਸੇ ਸਿਵਲ ਨਾਗਰਿਕ ਨੂੰ ਨੁਕਸਾਨ ਨਾ ਪੁੱਜੇ। ਦੁਪਹਿਰ ਸਮੇਂ ਗੋਲੀਬਾਰੀ ਤੇਜ਼ ਹੋ ਗਈ।
ਇਸ ਦੌਰਾਨ ਦਹਿਸ਼ਤਗਰਦਾਂ ਵੱਲੋਂ ਸੁਰੱਖਿਆ ਬਲਾਂ ’ਤੇ ਗੋਲੀਆਂ ਚਲਾਈਆਂ ਗਈਆਂ ਜਿਸ ਦੌਰਾਨ ਸੁਰੱਖਿਆ ਬਲਾਂ ਨੇ ਵੀ ਜੁਆਬੀ ਫਾਇਰਿੰਗ ਕੀਤੀ। ਸੁਰੱਖਿਆ ਬਲਾਂ ਵੱਲੋਂ ਇਸ ਦੌਰਾਨ ਰਿਆਜ਼ ਡਾਰ ਦੇ ਪਰਿਵਾਰ ਨੂੰ ਮੌਕੇ ’ਤੇ ਲਿਆ ਕੇ ਉਸ ਨੂੰ ਆਤਮ-ਸਮਰਪਣ ਕਰਨ ਦਾ ਮੌਕਾ ਵੀ ਦਿੱਤਾ, ਪਰ ਉਸ ਵੱਲੋਂ ਫਾਇਰਿੰਗ ਜਾਰੀ ਰੱਖੀ ਗਈ। ਇਸ ਮੁਕਾਬਲੇ ਦੌਰਾਨ ਦੋਵੇਂ ਦਹਿਸ਼ਤਗਰਦ ਮਾਰੇ ਗਏ। ਇਹ ਮੁਕਾਬਲਾ ਸ਼ਾਮ 4 ਵਜੇ ਸਮਾਪਤ ਹੋ ਗਿਆ, ਜਿਸ ਦੌਰਾਨ ਦੋਵਾਂ ਦਹਿਸ਼ਤਗਰਦਾਂ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ।
ਜ਼ਿਕਰਯੋਗ ਹੈ ਕਿ ਰਿਆਜ਼ ਡਾਰ ਨੇ ਸਾਲ 2014 ਵਿੱਚ ਲਸ਼ਕਰ-ਏ-ਤੋਇਬਾ ਵਿੱਚ ਸ਼ਾਮਲ ਹੋਇਆ ਸੀ ਤੇ ਪਾਕਿਸਤਾਨੀ ਦਹਿਸ਼ਤਗਰਦਾਂ- ਅਬੂ ਦੁਜਾਨਾ ਤੇ ਅਬੂ ਇਸਮਾਇਲ ਨਾਲ ਕੰਮ ਕਰਦਾ ਰਿਹਾ ਸੀ। ਰਿਆਜ਼ ਡਾਰ ਦੇ ਸਿਰ ’ਤੇ 10 ਲੱਖ ਰੁਪਏ ਦਾ ਇਨਾਮ ਸੀ ਜਦਕਿ ਰਈਅਸ ਡਾਰ ਦੇ ਸਿਰ ’ਤੇ ਪੰਜ ਲੱਖ ਰੁਪਏ ਦਾ ਇਨਾਮ ਸੀ। ਪਿਛਲੇ ਚਾਰ ਹਫ਼ਤਿਆਂ ਵਿੱਚ ਦੱਖਣੀ ਕਸ਼ਮੀਰ ਵਿੱਚ ਦਹਿਸ਼ਤਗਰਦਾਂ ਖ਼ਿਲਾਫ਼ ਇਹ ਦੂਜੀ ਮੁਹਿੰਮ ਸੀ। -ਪੀਟੀਆਈ