ਸਿਹਤ ਵਿਭਾਗ ਵੱਲੋਂ ਪਲਸ ਪੋਲੀਓ ਮੁਹਿੰਮ ਸ਼ੁਰੂ
ਜਸਬੀਰ ਸਿੰਘ ਸੱਗੂ
ਅੰਮ੍ਰਿਤਸਰ, 8 ਦਸੰਬਰ
ਵਿਸ਼ਵ ਸਿਹਤ ਸੰਗਠਨ ਵੱਲੋਂ ਪਲਸ ਪੋਲੀਓ ਰਾਊਂਡ ਤਹਿਤ ਆਮ ਲੋਕਾਂ ਨੂੰ ਪੋਲੀਓ ਤੋਂ ਸੁਰੱਖਿਅਤ ਕਰਨ ਅਤੇ ਘਰ-ਘਰ ਵਿੱਚ ਪਲਸ ਪੋਲੀਓ ਮੁਹਿੰਮ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਲਈ ਸਿਵਲ ਸਰਜਨ ਡਾ. ਕਿਰਨਦੀਪ ਕੌਰ ਵਲੋਂ ਸਿਵਲ ਹਸਪਤਾਲ ਅੰਮ੍ਰਿਤਸਰ ਤੋਂ ਇਕ ਆਟੋ ਰਿਕਸ਼ਾ ਰੈਲੀ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ ਅਤੇ ਇੱਕ ਛੋਟੇ ਬੱਚੇ ਨੂੰ ਪੋਲੀਓ ਰੋਕੂ ਬੂੰਦਾਂ ਪਿਲਾ ਕੇ ਇਸ ਮੁਹਿੰਮ ਸ਼ੁਰੂ ਕਰਵਾਈ ਗਈ।
ਡਾ. ਕਿਰਨਦੀਪ ਕੌਰ ਨੇ ਕਿਹਾ ਕਿ ਇਸ ਮੁਹਿੰਮ ਦੌਰਾਨ ਮਿਤੀ 8, 9 ਅਤੇ 10 ਦਸੰਬਰ ਨੂੰ ਸਿਹਤ ਵਿਭਾਗ ਦੀਆਂ ਟੀਮਾਂ ਵਲੋਂ ਪਹਿਲੇ ਦਿਨ ਬੂਥ ਲਗਾ ਕੇ ਅਤੇ ਬਾਕੀ ਦੇ ਦੋ ਦਿਨ ਘਰ-ਘਰ ਜਾ ਕੇ ਪੋਲੀਓ ਦੀਆਂ ਬੂੰਦਾਂ ਪਿਲਾਉਣਗੀਆਂ, ਇਸ ਲਈ ਉਨ੍ਹਾਂ ਆਮ ਜਨਤਾ ਨੂੰ ਅਪੀਲ ਕੀਤੀ ਕਿ ਉਹ ਆਪਣੇ 0 ਤੋਂ ਲੈ ਕੇ 5 ਸਾਲ ਤੱਕ ਦੇ ਸਾਰੇ ਬੱਚਿਆਂ ਨੂੰ ਜੀਵਨ ਰੂਪੀ ਪੋਲੀਓ ਰੋਕੂ ਬੂੰਦਾਂ ਜ਼ਰੂਰ ਪਿਲਾਉਣ।
ਉਨ੍ਹਾਂ ਕਿਹਾ ਕਿ ਬੇਸ਼ਕ ਭਾਰਤ ਪੋਲਿਓ ਮੁਕਤ ਦੇਸ਼ਾਂ ਦੀ ਗਿਣਤੀ ਵਿੱਚ ਆ ਚੁੱਕਾ ਹੈ, ਪਰ ਫਿਰ ਵੀ ਇਸ ਮੁਕਾਮ ਨੂੰ ਬਰਕਰਾਰ ਰੱਖਣ ਲਈ ਵਿਸ਼ਵ ਸਿਹਤ ਸੰਗਠਨ ਵਲੋਂ ਇਹ ਰਾਊਂਡ ਚਲਾਏ ਜਾ ਰਹੇ ਹਨ। ਪਾਕਿਸਤਾਨ ਅਤੇ ਅਫਗਾਨਿਸਤਾਨ ਗੁਆਢੀ ਦੇਸ਼ਾਂ ਵਿੱਚ ਵਾਇਰਲ ਪੋਲਿਓ ਵਾਇਰਸ ਹੋਣ ਕਾਰਕੇ ਇਹ ਖਤਰਾ ਬਣਿਆ ਰਹਿੰਦਾ ਹੈ। ਇਸ ਲਈ ਸਮੇਂ-ਸਮੇਂ ’ਤੇ ਇਹ ਰਾਊਂਡ ਚਲਾਏ ਜਾ ਰਹੇ ਹਨ।
ਜ਼ਿਲ੍ਹਾ ਟੀਕਾਕਰਨ ਅਫਸਰ. ਡਾ ਭਾਰਤੀ ਧਵਨ ਨੇ ਕਿਹਾ ਇਸ ਰਾਊਂਡ ਦੌਰਾਨ 2782768 ਆਬਾਦੀ ਦੇ 549027 ਘਰਾਂ ਵਿੱਚ ਰਹਿੰਦੇ 0 ਤੋਂ 5 ਸਾਲ ਦੇ 192487 ਬੱਚਿਆਂ ਨੂੰ 1474 ਬੂਥਾਂ ਅਤੇ 2856 ਟੀਮਾਂ ਵਲੋਂ ਪੋਲੀਓ ਦੀਆਂ 2 ਬੂੰਦਾਂ ਪਿਲਾਈਆਂ ਜਾਣਗੀਆਂ ਅਤੇ 279 ਸੁਪਰਵਾਈਜ਼ਰਾਂ ਵੱਲੋਂ ਇਨ੍ਹਾਂ ਟੀਮਾਂ ਦਾ ਨਿਰੀਖਣ ਕੀਤਾ ਜਾਵੇਗਾ।