ਪਲਸ ਪੋਲੀਓ ਮੁਹਿੰਮ: ਦੂਜੇ ਦਿਨ ਵੀ ਬੱਚਿਆਂ ਨੂੰ ਪਿਲਾਈਆਂ ਪੋਲੀਓ ਰੋਕੂ ਬੂੰਦਾਂ
ਪੱਤਰ ਪ੍ਰੇਰਕ
ਜਲੰਧਰ, 4 ਮਾਰਚ
ਪੋਲੀਓ ਤੋਂ ਸੁਰੱਖਿਆ ਪ੍ਰਦਾਨ ਕਰਨ ਦੇ ਮੱਦੇਨਜ਼ਰ 3 ਤੋਂ 5 ਮਾਰਚ 2024 ਤੱਕ ਸਿਹਤ ਵਿਭਾਗ ਵੱਲੋਂ ਚਲਾਏ ਜਾ ਰਹੇ ਤਿੰਨ ਦਿਨਾਂ ਪਲਸ ਪੋਲੀਓ ਰਾਊਂਡ ਦੇ ਦੂਜੇ ਦਿਨ ਟੀਮਾਂ ਵੱਲੋਂ ਘਰ-ਘਰ ਜਾ ਕੇ ਜਨਮ ਤੋਂ 5 ਸਾਲ ਤੱਕ ਦੀ ਉਮਰ ਦੇ ਬੱਚਿਆਂ ਨੂੰ ਪੋਲੀਓ ਰੋਕੂ ਬੂੰਦਾਂ ਪਿਲਾਈਆਂ ਗਈਆਂ। ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਤੋਂ ਡਿਪਟੀ ਡਾਇਰੈਕਟਰ ਡਾ. ਰਮਨ ਸ਼ਰਮਾ ਵੱਲੋਂ ਵਿਸ਼ੇਸ਼ ਤੌਰ ’ਤੇ ਜਲੰਧਰ ਦਾ ਦੌਰਾ ਕਰਦਿਆਂ ਟੀਮਾਂ ਦੇ ਕੰਮ-ਕਾਜ ਦਾ ਨਿਰੀਖਣ ਕੀਤਾ ਗਿਆ ਅਤੇ ਇਸ ਦੌਰਾਨ ਉਨ੍ਹਾਂ ਵੱਲੋਂ ਜਨਮ ਤੋਂ 5 ਸਾਲ ਤੱਕ ਦੀ ਉਮਰ ਦੇ ਬੱਚਿਆਂ ਨੂੰ ਚੈੱਕ ਵੀ ਕੀਤਾ ਗਿਆ। ਇਸ ਮੌਕੇ ਐਸ.ਐਮ.ਓ. ਡਾ. ਗੁਰਮੀਤ ਲਾਲ ਅਤੇ ਐਸ.ਐਮ.ਓ. ਡਾ. ਰਮਨ ਗੁਪਤਾ ਵੀ ਮੌਜੂਦ ਸਨ। ਸਿਵਲ ਸਰਜਨ ਡਾ. ਜਗਦੀਪ ਚਾਵਲਾ ਨੇ ਦੱਸਿਆ ਕਿ ਪੋਲਿਓ ਟੀਮਾਂ ਵੱਲੋਂ ਜ਼ਿਲ੍ਹੇ ਭਰ ਵਿੱਚ ਕੁੱਲ 304242 ਘਰਾਂ ਨੂੰ ਕਵਰ ਕਰਦਿਆਂ ਨਵਜੰਮੇ ਬੱਚਿਆਂ ਤੋਂ 5 ਸਾਲ ਤੱਕ ਦੀ ਉਮਰ ਦੇ ਪੇਂਡੂ ਖੇਤਰ ਦੇ 40642 ਬੱਚਿਆਂ ਅਤੇ ਸ਼ਹਿਰੀ ਖੇਤਰ ਦੇ 27005 ਬੱਚਿਆਂ ਨੂੰ ਪੋਲੀਓ ਰੋਕੂ ਬੂੰਦਾਂ ਪਿਲਾਈਆਂ ਗਈਆਂ। ਦੂਜੇ ਦਿਨ ਕੁੱਲ 67647 ਬੱਚਿਆਂ ਨੂੰ ਪੋਲੀਓ ਰੋਧਕ ਬੂੰਦਾਂ ਪਿਲਾਈਆਂ ਗਈਆਂ। ਉਨ੍ਹਾਂ ਦੱਸਿਆ ਕਿ ਭਲਕੇ ਮੁਹਿੰਮ ਦੇ ਤੀਜੇ ਦਿਨ ਮੰਗਲਵਾਰ ਨੂੰ ਵੀ ਘਰ-ਘਰ ਜਾ ਕੇ ਪੋਲੀਓ ਰੋਕੂ ਬੂੰਦਾਂ ਪਿਲਾਈਆਂ ਜਾਣਗੀਆਂ।