ਦਿੱਲੀ ਵਿੱਚ ‘ਪੁਜਾਰੀ-ਗ੍ਰੰਥੀ ਸਨਮਾਨ ਯੋਜਨਾ’ ਸ਼ੁਰੂ
ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 31 ਦਸੰਬਰ
ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਅੱਜ ਕਸ਼ਮੀਰੀ ਗੇਟ ਆਈਐੱਸਬੀਟੀ ਨੇੜੇ ਸਥਿਤ ਮਰਘਟ ਵਾਲੇ ਬਾਬਾ ਮੰਦਰ ਦੇ ਪੁਜਾਰੀ ਦੀ ਰਜਿਸਟ੍ਰੇਸ਼ਨ ਕਰ ਕੇ ਦਿੱਲੀ ਸਰਕਾਰ ਦੀ ਪੁਜਾਰੀ-ਗ੍ਰੰਥੀ ਸਨਮਾਨ ਯੋਜਨਾ ਦੀ ਸ਼ੁਰੂਆਤ ਕੀਤੀ। ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਅਗਾਮੀ ਵਿਧਾਨ ਸਭਾ ਚੋਣਾਂ ਦੌਰਾਨ ਜੇਕਰ ਆਮ ਆਦਮੀ ਪਾਰਟੀ ਦਿੱਲੀ ਦੀ ਸੱਤਾ ’ਤੇ ਮੁੜ ਕਾਬਜ਼ ਹੁੰਦੀ ਹੈ ਤਾਂ ਮੰਦਰਾਂ ਦੇ ਪੁਜਾਰੀਆਂ ਤੇ ਗੁਰਦੁਆਰਿਆਂ ਦੇ ਗ੍ਰੰਥੀਆਂ ਨੂੰ 18 ਹਜ਼ਾਰ ਪ੍ਰਤੀ ਮਹੀਨਾ ਮਾਣ-ਭੱਤਾ ਮਿਲੇਗਾ। ਜ਼ਿਕਰਯੋਗ ਹੈ ਕਿ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਅਰਵਿੰਦ ਕੇਜਰੀਵਾਲ ਨੇ ਕੱਲ੍ਹ ਪੁਜਾਰੀ-ਗ੍ਰੰਥੀ ਸਨਮਾਨ ਯੋਜਨਾ ਦਾ ਐਲਾਨ ਕੀਤਾ ਸੀ। ਅੱਜ ਯੋਜਨਾ ਦੀ ਸ਼ੁਰੂਆਤ ਕਰਦਿਆਂ ਕੇਜਰੀਵਾਲ ਨੇ ਦੋਸ਼ ਲਾਇਆ ਕਿ ਭਾਜਪਾ ਨੇ ਇਸ ਯੋਜਨਾ ਦੀ ਰਜਿਟ੍ਰੇਸ਼ਨ ਰੋਕਣ ਲਈ ਪੂਰੀ ਕੋਸ਼ਿਸ਼ ਕੀਤੀ, ਪਰ ਭਗਤ ਨੂੰ ਭਗਵਾਨ ਨਾਲ ਮਿਲਣ ਤੋਂ ਕੋਈ ਨਹੀਂ ਰੋਕ ਸਕਦਾ। ‘ਆਪ’ ਸੁਪਰੀਮੋ ਨੇ ਇਸ ਸਬੰਧੀ ਸੋਸ਼ਲ ਮੀਡੀਆ ਪਲੈਟਫਾਰਮ ਐਕਸ ’ਤੇ ਪਾਈ ਇੱਕ ਪੋਸਟ ਵਿੱਚ ਕਿਹਾ, ‘‘ਅੱਜ ਮੈਂ ਮਰਘਟ ਵਾਲੇ ਬਾਬਾ ਦੇ ਮੰਦਰ ਦਾ ਦੌਰਾ ਕੀਤਾ ਅਤੇ ਪੁਜਾਰੀ ਗ੍ਰੰਥੀ ਸਨਮਾਨ ਯੋਜਨਾ ਦੀ ਸ਼ੁਰੂਆਤ ਕੀਤੀ। ਅੱਜ ਇੱਥੋਂ ਦੇ ਮਹੰਤ ਜੀ ਦਾ ਜਨਮ ਦਿਨ ਹੈ। ਮੈਂ ਉਨ੍ਹਾਂ ਨਾਲ ਉਨ੍ਹਾਂ ਦਾ ਜਨਮ ਦਿਨ ਵੀ ਮਨਾਇਆ।’’ ਉਨ੍ਹਾਂ ਕਿਹਾ ਕਿ ਰਾਸ਼ਟਰੀ ਰਾਜਧਾਨੀ ਵਿੱਚ ਆਉਣ ਵਾਲੀਆਂ ਚੋਣਾਂ ਵਿੱਚ ‘ਆਪ’ ਦੀ ਜਿੱਤ ਤੋਂ ਬਾਅਦ ਇਹ ਯੋਜਨਾ ਲਾਗੂ ਕੀਤੀ ਜਾਵੇਗੀ। ਕੇਜਰੀਵਾਲ ਨੇ ਕਿਹਾ ਸੀ ਕਿ ਇਸ ਯੋਜਨਾ ਦਾ ਨਾਮ ਹੈ ‘ਪੁਜਾਰੀ-ਗ੍ਰੰਥੀ ਸਨਮਾਨ ਯੋਜਨਾ’, ਜਿਸ ਤਹਿਤ ਮੰਦਰਾਂ ਦੇ ਪੁਜਾਰੀਆਂ ਅਤੇ ਗੁਰਦੁਆਰਿਆਂ ਦੇ ਗ੍ਰੰਥੀਆਂ ਨੂੰ ਮਾਣ-ਭੱਤਾ ਦੇਣ ਦੀ ਤਜਵੀਜ਼ ਹੈ। ਮਸਜਿਦਾਂ ਦੇ ਮੌਲਵੀਆਂ ਨੂੰ 18,000 ਰੁਪਏ ਪ੍ਰਤੀ ਮਹੀਨਾ ਮਾਣ ਭੱਤਾ ਪਹਿਲਾਂ ਹੀ ਦਿੱਤਾ ਜਾ ਰਿਹਾ ਹੈ। ਦੂਜੇ ਪਾਸੇ ਦਿੱਲੀ ਭਾਜਪਾ ਦੇ ਪ੍ਰਧਾਨ ਵਰਿੰਦਰਾ ਸਚਦੇਵਾ ਨੇ ‘ਪੁਜਾਰੀ ਗ੍ਰੰਥੀ ਸਨਮਾਨ ਯੋਜਨਾ’ ਦਾ ਐਲਾਨ ਕਰਨ ਤੋਂ ਬਾਅਦ ‘ਆਪ’ ਸਰਕਾਰ ’ਤੇ ਹਮਲਾ ਕਰਦਿਆਂ ਕਿਹਾ ਕਿ ਅਰਵਿੰਦ ਕੇਜਰੀਵਾਲ ਹੁਣ ਇਕ ਹਾਰਿਆ ਹੋਇਆ ਅਤੇ ਨਿਰਾਸ਼ ਨੇਤਾ ਹੈ ਜੋ ‘ਸੱਤਾ ’ਚ ਬਣੇ ਰਹਿਣ ਲਈ ਅਜਿਹੇ ਐਲਾਨ ਕਰ ਰਹੇ ਹਨ। ਇੱਥੇ ਮੀਡੀਆ ਨੂੰ ਸੰਬੋਧਨ ਕਰਦਿਆਂ ਦਿੱਲੀ ਭਾਜਪਾ ਦੇ ਪ੍ਰਧਾਨ ਨੇ ਕਿਹਾ ਕਿ ‘ਆਪ’ ਨੂੰ ਪਤਾ ਹੈ ਕਿ ਉਹ ਦਿੱਲੀ ਚੋਣਾਂ ਹਾਰਨ ਜਾ ਰਹੇ ਹਨ, ਇਸ ਲਈ ਉਹ ‘ਭਗਵਾਨ ਰਾਮ’ ਨੂੰ ਯਾਦ ਕਰ ਰਹੇ ਹਨ। ‘ਅਰਵਿੰਦ ਕੇਜਰੀਵਾਲ ਹੁਣ ਇੱਕ ਹਾਰੇ ਹੋਏ ਅਤੇ ਨਿਰਾਸ਼ ਨੇਤਾ ਹਨ ਜੋ ਸੱਤਾ ਵਿੱਚ ਬਣੇ ਰਹਿਣ ਲਈ ਰੋਜ਼ਾਨਾ ਲੋਕ-ਲੁਭਾਊ ਐਲਾਨ ਕਰ ਰਹੇ ਹਨ।
ਦਿੱਲੀ ਦੇ ਮੁੱਖ ਮੰਤਰੀ ਆਤਿਸ਼ੀ ਨੇ ਅਰਵਿੰਦ ਕੇਜਰੀਵਾਲ ਬਾਰੇ ‘ਅਸਥਾਈ ਮੁੱਖ ਮੰਤਰੀ’ ਟਿੱਪਣੀ ਕਰਨ ’ਤੇ ਉਪ ਰਾਜਪਾਲ ਵੀਕੇ ਸਕਸੈਨਾ ’ਤੇ ਪਲਟਵਾਰ ਕੀਤਾ। ਉਨ੍ਹਾਂ ਕਿਹਾ ਕਿ ਦਿੱਲੀ ਭਾਜਪਾ ਅਤੇ ਇਸ ਦੇ ਪੁਜਾਰੀ ਪ੍ਰਚਾਰਕ ਵੱਲੋਂ ਪਿਛਲੇ ਦੋ ਸਾਲਾਂ ਤੋਂ ਚੱਲ ਰਹੇ ਅੰਦੋਲਨ ਦੇ ਦਬਾਅ ਕਾਰਨ ਅਰਵਿੰਦ ਕੇਜਰੀਵਾਲ ਨੂੰ ਪੁਜਾਰੀ, ਗ੍ਰੰਥੀ ਸਨਮਾਨ ਯੋਜਨਾ ਦਾ ਐਲਾਨ ਕਰਨ ਲਈ ਮਜਬੂਰ ਹੋਣਾ ਪਿਆ।
ਮੁੱਖ ਮੰਤਰੀ ਆਤਿਸ਼ੀ ਵੱਲੋਂ ਗ੍ਰੰਥੀਆਂ ਦੀ ਰਜਿਸਟ੍ਰੇਸ਼ਨ
ਦਿੱਲੀ ਦੀ ਮੁੱਖ ਮੰਤਰੀ ਆਤਿਸ਼ੀ ਨੇ ਕਰੋਲ ਬਾਗ ਖੇਤਰ ਸਥਿਤ ਇਕ ਗੁਰਦੁਆਰੇ ਦੇ ਗ੍ਰੰਥੀਆਂ ਦੀ ਰਜਿਸਟ੍ਰੇਸ਼ਨ ਕੀਤੀ। ਜਾਣਕਾਰੀ ਅਨੁਸਾਰ ਆਤਿਸ਼ੀ ਨੇ ਆਪਣੇ ਦੌਰੇ ਦੌਰਾਨ ਮੱਧ ਦਿੱਲੀ ਦੇ ਸੰਤ ਸੁਜਾਨ ਸਿੰਘ ਮਹਾਰਾਜ ਗੁਰਦੁਆਰੇ ਵਿੱਚ ਮੱਥਾ ਟੇਕਿਆ। ਇਸ ਮਗਰੋਂ ਉਨ੍ਹਾਂ ਗ੍ਰੰਥੀਆਂ ਦੀ ਰਜਿਸਟ੍ਰੇਸ਼ਨ ਕੀਤੀ। ਉਨ੍ਹਾਂ ਕਿਹਾ ਕਿ ਦਿੱਲੀ ਵਿੱਚ ਪੁਜਾਰੀਆਂ ਤੇ ਗ੍ਰੰਥੀਆਂ ਨੂੰ ਹਰ ਮਹੀਨੇ 18 ਹਜ਼ਾਰ ਰੁਪਏ ਮਾਣ-ਭੱਤਾ ਮਿਲੇਗਾ। -ਪੀਟੀਆਈ