ਪੁੱਡਾ ਨੇ ਅਣਅਧਿਕਾਰਤ ਕਲੋਨੀਆਂ ਦੇ ਕੰਮ ਰੁਕਵਾਏ
ਜਸਬੀਰ ਸਿੰਘ ਸੱਗੂ
ਅੰਮ੍ਰਿਤਸਰ, 18 ਜੁਲਾਈ
ਪੰਜਾਬ ਸ਼ਹਿਰੀ ਵਿਕਾਸ ਅਥਾਰਿਟੀ (ਪੁੱਡਾ) ਦੇ ਟਾਊਨ ਪਲਾਨਰ ਗੁਰਸੇਵਕ ਸਿੰਘ ਔਲਖ ਦੀ ਅਗਵਾਈ ਹੇਠ ਪਿੰਡ ਕਾਲਾ ਘਨੂੰਰ ਅਤੇ ਗੌਂਸਾਬਾਦ, ਰਾਮ ਤੀਰਥ ਰੋਡ ’ਤੇ ਬਣ ਰਹੀਆਂ ਅਣਅਧਿਕਾਰਤ ਕਲੋਨੀਆਂ ਦਾ ਕੰਮ ਰੁਕਵਾ ਦਿੱਤਾ ਗਿਆ ਹੈ। ਜ਼ਿਲ੍ਹਾ ਟਾਊਨ ਪਲਾਨਰ ਨੇ ਦੱਸਿਆ ਕਿ ਪਿੰਡ ਗੌਂਸਾਬਾਦ ਵਿੱਚ ਬਣਾਈ ਗਈ ਅਣ-ਅਧਿਕਾਰਤ ਕਲੋਨੀ ਦਾ ਕੰਮ ਰੁਕਵਾਉਣ ਦੀ ਕਾਰਵਾਈ ਕੀਤੀ ਗਈ। ਇਨ੍ਹਾਂ ਕਲੋਨੀਆਂ ਦੇ ਮਾਲਕਾਂ ਨੂੰ ਕਈ ਵਾਰੀ ਕਲੋਨੀਆਂ ਰੈਗੂਲਰ ਕਰਵਾਉਣ ਅਤੇ ਪੰਜਾਬ ਸਰਕਾਰ ਵੱਲੋਂ ਪੁੱਡਾ ਲਈ ਤੈਅ ਕੀਤੇ ਗਏ ਨਿਯਮਾਂ ਅਨੁਸਾਰ ਚੱਲਣ ਲਈ ਕਿਹਾ ਗਿਆ ਸੀ ਪਰ ਕਲੋਨੀ ਮਾਲਕਾਂ ਨੇ ਇਸ ਦੀ ਕੋਈ ਪ੍ਰਵਾਹ ਨਹੀਂ ਕੀਤੀ। ਇਸ ਲਈ ਪੰਜਾਬ ਸਰਕਾਰ ਦੇ ਨਿਰਦੇਸ਼ਾਂ ਤਹਿਤ ਇਸ ਕਲੋਨੀ ਵਿਰੁੱਧ ਐੱਫਆਈਆਰ ਦਰਜ ਕਰਨ ਲਈ ਐੱਸਐੱਸਪੀ ਦਿਹਾਤੀ ਅੰਮ੍ਰਿਤਸਰ ਨੂੰ ਲਿਖਿਆ ਜਾ ਚੁੱਕਾ ਹੈ। ਉਨ੍ਹਾਂ ਦੱਸਿਆ ਕਿ ਅੱਜ ਇਸ ਕਲੋਨੀ ਦਾ ਮੁੜ ਜਾਇਜ਼ਾ ਲੈਣ ’ਤੇ ਪਾਇਆ ਗਿਆ ਕਿ ਕਲੋਨਾਈਜ਼ਰ ਵੱਲੋਂ ਕਲੋਨੀ ਦੀ ਐਕਸਟੈਂਸ਼ਨ ਕੀਤੀ ਜਾ ਰਹੀ ਹੈ। ਜ਼ਿਲ੍ਹਾ ਟਾਊਨ ਪਲੈਨਰ ਵੱਲੋਂ ਮੁੱਖ ਥਾਣਾ ਅਫਸਰ ਕੰਬੋਅ ਨਾਲ ਫੋਨ ’ਤੇ ਰਾਬਤਾ ਕਾਇਮ ਕਰਦਿਆਂ ਇਸ ਕਲੋਨੀ ਦੇ ਮਾਲਕਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕਰਨ ਲਈ ਕਿਹਾ ਗਿਆ। ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਅਣ-ਅਧਿਕਾਰਤ ਕਲੋਨੀ ਕੱਟਣ ਵਾਲੇ ਵਿਅਕਤੀ ਵਿਰੁੱਧ 3 ਤੋਂ 7 ਸਾਲ ਦੀ ਕੈਦ ਅਤੇ 2 ਤੋਂ 5 ਲੱਖ ਦਾ ਜੁਰਮਾਨਾ ਵੀ ਕੀਤਾ ਜਾ ਸਕਦਾ ਹੈ।
ਇਸ ਤੋਂ ਇਲਾਵਾ ਜ਼ਿਲ੍ਹਾ ਟਾਊਨ ਪਲਾਨਰ ਅਤੇ ਫੀਲਡ ਸਟਾਫ ਵੱਲੋਂ ਵਾਰ-ਵਾਰ ਪਿੰਡ ਕਾਲਾ ਘਨੂੰਪੁਰ, ਰਾਮ ਤੀਰਥ ਰੋਡ ਉਪਰ ਪੈਂਦੀ ਅਣ-ਅਧਿਕਾਰਤ ਕਲੋਨੀ ਦਾ ਮੌਕਾ ਚੈੱਕ ਕਰਦੇ ਹੋਏ ਅੱਜ ਪਾਪਰਾ ਐਕਟ-1995 ਤਹਿਤ ਨੋਟਿਸ ਜਾਰੀ ਕਰਦਿਆਂ ਇਸ ਕਲੋਨੀ ਦਾ ਕੰਮ ਬੰਦ ਕਰਵਾਇਆ ਗਿਆ ਅਤੇ ਮੁੱਖ ਥਾਣਾ ਅਫਸਰ ਛੇਹਰਟਾ ਨੂੰ ਅਗਲੇਰੀ ਕਾਨੂੰਨੀ ਕਾਰਵਾਈ ਕਰਨ ਲਈ ਕਿਹਾ।
ਟਾਊਨ ਪਲੈਨਰ ਨੇ ਜਨਤਾ ਨੂੰ ਕਿਹਾ ਕਿ ਜੋ ਕਲੋਨੀਆਂ ਪੁੱਡਾ ਵਿਭਾਗ ਤੋਂ ਮਨਜ਼ੂਰਸ਼ੂ਼ੁਦਾ ਨਹੀਂ ਹਨ, ਉਹ ਉਨ੍ਹਾਂ ਗੈਰ ਕਨੂੰਨੀ ਕਲੌਨੀਆਂ ਵਿੱਚ ਆਪਣੇ ਪਲਾਟ ਨਾ ਲੈਣ ਅਤੇ ਕਿਸੇ ਵੀ ਕਲੋਨੀ ਵਿੱਚ ਪਲਾਟ ਖਰੀਦਣ ਤੋਂ ਪਹਿਲਾਂ ਵਿਭਾਗ ਪਾਸੋਂ ਪ੍ਰਾਪਤ ਮਨਜ਼ੂਰੀ/ ਐੱਨਓਸੀ ਜ਼ਰੂਰ ਮੰਗਣ।