For the best experience, open
https://m.punjabitribuneonline.com
on your mobile browser.
Advertisement

ਗਲਤ ਢੰਗ ਨਾਲ ਹਾਊਸਿੰਗ ਪ੍ਰਾਜੈਕਟ ਪਾਸ ਕਰਨ ਦੇ ਦੋਸ਼ ਹੇਠ ਪੁੱਡਾ ਅਧਿਕਾਰੀ ਗ੍ਰਿਫ਼ਤਾਰ

08:22 AM Feb 25, 2024 IST
ਗਲਤ ਢੰਗ ਨਾਲ ਹਾਊਸਿੰਗ ਪ੍ਰਾਜੈਕਟ ਪਾਸ ਕਰਨ ਦੇ ਦੋਸ਼ ਹੇਠ ਪੁੱਡਾ ਅਧਿਕਾਰੀ ਗ੍ਰਿਫ਼ਤਾਰ
Advertisement

ਦਰਸ਼ਨ ਸਿੰਘ ਸੋਢੀ
ਐਸ.ਏ.ਐਸ. ਨਗਰ (ਮੁਹਾਲੀ), 24 ਫਰਵਰੀ
ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਪੁੱਡਾ ਦੇ ਚੀਫ਼ ਟਾਊਨ ਪਲਾਨਰ ਪੰਕਜ ਬਾਵਾ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁੱਡਾ ਅਧਿਕਾਰੀ ’ਤੇ ਗਲਤ ਤਰੀਕੇ ਨਾਲ ਹਾਊਸਿੰਗ ਪ੍ਰਾਜੈਕਟ ਪਾਸ ਕਰਨ ਦਾ ਦੋਸ਼ ਹੈ। ਇਸ ਮਾਮਲੇ ਵਿੱਚ ਸੰਨੀ ਐਨਕਲੇਵ ਦੇ ਮਾਲਕ ਜਰਨੈਲ ਸਿੰਘ ਬਾਜਵਾ ਵਾਸੀ ਸੈਕਟਰ-71 ਅਤੇ ਮਾਲ ਪਟਵਾਰੀ (ਸੇਵਾਮੁਕਤ) ਲੇਖਰਾਜ ਵਾਸੀ ਸੈਕਟਰ-118 (ਟੀਡੀਆਈ) ਨੂੰ ਵੀ ਨਾਮਜ਼ਦ ਕੀਤਾ ਗਿਆ ਹੈ। ਪੰਜਾਬ ਸਰਕਾਰ ਵੱਲੋਂ ਚੀਫ਼ ਟਾਊਨ ਪਲਾਨਰ (ਸੀਟੀਪੀ) ਪੰਕਜ ਬਾਵਾ ਨੂੰ ਤੁਰੰਤ ਪ੍ਰਭਾਵ ਨਾਲ ਅਹੁਦੇ ਤੋਂ ਮੁਅੱਤਲ ਕਰ ਦਿੱਤਾ ਗਿਆ ਹੈ।
ਮੁਲਜ਼ਮਾਂ ’ਤੇ ਹਾਊਸਿੰਗ ਪ੍ਰਾਜੈਕਟ ਪਾਸ ਕਰਨ ਲਈ ਲੋੜੀਂਦੀ ਫੀਸ ਜਮ੍ਹਾਂ ਨਾ ਕਰਵਾਉਣ ਦਾ ਦੋਸ਼ ਹੈ। ਜਰਨੈਲ ਸਿੰਘ ਬਾਜਵਾ ਖ਼ਿਲਾਫ਼ ਪਹਿਲਾਂ ਵੀ ਲੋਕਾਂ ਨਾਲ ਧੋਖਾਧੜੀ ਦੇ ਕਈ ਕੇਸ ਦਰਜ ਹਨ ਅਤੇ ਉਹ ਜੇਲ੍ਹ ਵੀ ਜਾ ਚੁੱਕਿਆ ਹੈ। ਇਸ ਤੋਂ ਇਲਾਵਾ ਪੁੱਡਾ ਤੇ ਗਮਾਡਾ ਦੇ ਕਈ ਅਧਿਕਾਰੀਆਂ ਸਣੇ ਨਗਰ ਕੌਂਸਲ ਖਰੜ ਦੇ ਅਧਿਕਾਰੀਆਂ, ਕਰਮਚਾਰੀਆਂ ਅਤੇ ਹੋਰ ਪ੍ਰਾਈਵੇਟ ਵਿਅਕਤੀਆਂ (ਦਲਾਲਾਂ) ਦੀ ਸ਼ੱਕੀ ਭੂਮਿਕਾ ਦੀ ਜਾਂਚ ਵੀ ਸ਼ੁਰੂ ਕਰ ਦਿੱਤੀ ਗਈ ਹੈ। ਬਾਜਵਾ ਡਿਵੈਲਪਰਜ਼ ਲਿਮਿਟਡ ਨੇ ਮੁਹਾਲੀ ਦੇ ਪਿੰਡ ਸਿੰਹਪੁਰ, ਹਸਨਪੁਰ ਅਤੇ ਜੰਡਪੁਰ ਦੀ 179 ਏਕੜ ਜ਼ਮੀਨ ’ਤੇ ਸਰਕਾਰ ਤੋਂ ਰਿਹਾਇਸ਼ੀ ਤੇ ਵਪਾਰਕ ਪ੍ਰਾਜੈਕਟ ਪਾਸ ਕਰਵਾਇਆ ਸੀ। ਅਧਿਕਾਰਤ ਕਮੇਟੀ ਵੱਲੋਂ 22 ਮਾਰਚ 2013 ਨੂੰ ਲਏ ਗਏ ਫ਼ੈਸਲੇ ਅਨੁਸਾਰ ਉਕਤ ਪ੍ਰਮੋਟਰ ਨੇ ਕੈਂਸਰ ਰਾਹਤ ਫੰਡ ਵਜੋਂ ਪ੍ਰਾਜੈਕਟ ਦੀ ਲਾਗਤ ਦਾ ਇੱਕ ਫੀਸਦੀ ਜਾਂ ਵੱਧ ਤੋਂ ਵੱਧ ਇਕ ਕਰੋੜ ਰੁਪਏ ਸਰਕਾਰ ਕੋਲ ਜਮ੍ਹਾਂ ਨਹੀਂ ਕਰਵਾਏ। ਇਸ ਸਬੰਧੀ ਪੁੱਡਾ ਨੇ ਨਿਯਮਾਂ ਅਨੁਸਾਰ ਉਕਤ ਡਿਵੈਲਪਰ ਵਿਰੁੱਧ ਕੋਈ ਕਾਰਵਾਈ ਅਮਲ ਵਿੱਚ ਨਹੀਂ ਲਿਆਂਦੀ। ਇਸ ਤੋਂ ਇਲਾਵਾ ਬਾਜਵਾ ਡਿਵੈਲਪਰਜ਼ ਲਿਮਿਟਡ ਨੇ ਸੈਕਟਰ-120, 123, 124 ਅਤੇ 125 ਵਿੱਚ ਸੰਨੀ ਐਨਕਲੇਵ, ਪਿੰਡ ਜੰਡਪੁਰ, ਸਿੰਹਪੁਰ, ਹਸਨਪੁਰ ਵਿੱਚ ਰਿਹਾਇਸ਼ੀ ਮੈਗਾ ਪ੍ਰਾਜੈਕਟ ਦਾ ਲੇਅਆਊਟ ਪਲਾਨ ਵੀ ਮਨਜ਼ੂਰ ਕਰਵਾ ਲਿਆ ਪਰ 1.32 ਏਕੜ ਰਕਬੇ ਦੀ ਰਜਿਸਟਰੀ ਹਾਲੇ ਵੀ ਗਮਾਡਾ ਦੇ ਨਾਮ ’ਤੇ ਨਹੀਂ ਕਰਵਾਈ ਗਈ। ਇਹ ਰਕਬਾ ਹਾਲੇ ਵੀ ਬਾਜਵਾ ਡਿਵੈਲਪਰਜ਼ ਤੇ ਡਿਵੈਲਪਰ ਨੂੰ ਸਹਿਮਤੀ ਦੇਣ ਵਾਲੇ ਜ਼ਮੀਨ ਮਾਲਕਾਂ ਦੀ ਮਲਕੀਅਤ ਅਧੀਨ ਹੈ ਜੋ ਕਿ ਬਾਜਵਾ ਡਿਵੈਲਪਰਜ਼ ਦੀ ਗਮਾਡਾ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨਾਲ ਮਿਲੀਭੁਗਤ ਨੂੰ ਸਪਸ਼ਟ ਤੌਰ ’ਤੇ ਸਾਬਿਤ ਕਰਦਾ ਹੈ। ਬਾਜਵਾ ਨੇ ਗਮਾਡਾ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਸਾਲ 2014-15 ਦੌਰਾਨ ਸੈਕਟਰ-123 ਦੇ ਮੈਗਾ ਪ੍ਰਾਜੈਕਟ ਵਿੱਚ ਨਕਸ਼ੇ ਪਾਸ ਕਰਵਾਏ ਬਿਨਾਂ ਹੀ 78 ਕਮਰਸ਼ੀਅਲ ਬੂਥਾਂ ਦੀ ਉਸਾਰੀ ਕਰਵਾ ਦਿੱਤੀ ਜਿਸ ਨਾਲ ਸਰਕਾਰ ਨੂੰ ਕਰੋੜਾਂ ਰੁਪਏ ਦਾ ਚੂਨਾ ਲੱਗਿਆ ਹੈ।

Advertisement

Advertisement
Advertisement
Author Image

sukhwinder singh

View all posts

Advertisement