ਪੁੱਡਾ/ਗਮਾਡਾ ਵਿਕਾਸ ਅਥਾਰਟੀਆਂ ਨੇ ਕਮਾਏ 2945 ਕਰੋੜ ਰੁਪਏ
ਦਰਸ਼ਨ ਸਿੰਘ ਸੋਢੀ
ਐੱਸਏਐੱਸ ਨਗਰ (ਮੁਹਾਲੀ), 17 ਸਤੰਬਰ
ਪੰਜਾਬ ਸਰਕਾਰ ਦੀਆਂ ਲੋਕ-ਪੱਖੀ ਅਤੇ ਵਿਕਾਸ ਮੁਖੀ ਨੀਤੀਆਂ ਸਦਕਾ ਪੰਜਾਬ ਸ਼ਹਿਰੀ ਯੋਜਨਾਬੰਦੀ ਅਤੇ ਵਿਕਾਸ ਅਥਾਰਟੀ (ਪੁੱਡਾ) ਅਤੇ ਹੋਰ ਖੇਤਰੀ ਵਿਕਾਸ ਅਥਾਰਟੀਆਂ ਨੇ ਵੱਖ-ਵੱਖ ਜਾਇਦਾਦਾਂ ਦੀ ਈ-ਨਿਲਾਮੀ ਰਾਹੀਂ 2954 ਕਰੋੜ ਰੁਪਏ ਕਮਾਏ ਹਨ, ਜਿਨ੍ਹਾਂ ’ਚੋਂ ਪੁੱਡਾ ਨੂੰ 224.11 ਕਰੋੜ ਰੁਪਏ ਅਤੇ ਗਮਾਡਾ ਨੂੰ 2505.45 ਕਰੋੜ ਰੁਪਏ ਦੀ ਆਮਦਨ ਹੋਈ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਪੁੱਡਾ/ਗਮਾਡਾ ਅਧਿਕਾਰੀਆਂ ਦੀ ਕਾਰਗੁਜ਼ਾਰੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਸਾਰਾ ਪੈਸਾ ਮੁਹਾਲੀ ਸਮੇਤ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਅਤੇ ਪਿੰਡਾਂ ਦੇ ਵਿਕਾਸ ’ਤੇ ਖ਼ਰਚਿਆ ਜਾਵੇਗਾ।
ਪ੍ਰਾਪਤ ਜਾਣਕਾਰੀ ਅਨੁਸਾਰ ਪੁੱਡਾ ਨੂੰ ਓਯੂਵੀਜੀਐੱਲ ਦੀਆਂ 162 ਜਾਇਦਾਦਾਂ ਦੀ ਨਿਲਾਮੀ ਪ੍ਰਾਪਤ ਹੋਈ। ਗਮਾਡਾ ਨੇ ਮੁਹਾਲੀ ਦੇ ਸੈਕਟਰ-62 ਵਿੱਚ ਦੋ ਕਮਰਸ਼ੀਅਲ ਥਾਵਾਂ, ਈਕੋ-ਸਿਟੀ-1 ਅਤੇ ਐਰੋਸਿਟੀ ਵਿੱਚ ਇਕ-ਇਕ ਰਕਬਾ (ਚੰਕ), ਸੈਕਟਰ-66 ਵਿੱਚ ਤਿੰਨ ਗਰੁੱਪ ਹਾਊਸਿੰਗ ਥਾਵਾਂ, ਮੁਹਾਲੀ ਦੇ ਵੱਖ-ਵੱਖ ਸੈਕਟਰਾਂ ਵਿੱਚ 16 ਐੱਸਸੀਓ ਅਤੇ 12 ਬੂਥਾਂ ਦੀ ਸਫ਼ਲ ਨਿਲਾਮੀ ਕਰਵਾਈ। ਮੁਹਾਲੀ ਵਿੱਚ ਸਭ ਤੋਂ ਮਹਿੰਗੀ ਜ਼ਮੀਨ ਸੈਕਟਰ-62 ਵਿੱਚ ਵਿਕੀ ਹੈ। ਇੱਥੋਂ ਵਿਕਾਸ ਅਥਾਰਟੀ ਨੂੰ ਇੱਕ ਕਮਰਸ਼ੀਅਲ ਸਾਈਟ ਤੋਂ 527.11 ਕਰੋੜ ਰੁਪਏ ਦੀ ਆਮਦਨ ਹੋਈ ਹੈ, ਜੋ ਕਿ ਆਪਣੇ ਆਪ ਵਿੱਚ ਰਿਕਾਰਡ ਹੈ। ਇਸੇ ਤਰ੍ਹਾਂ ਗਲਾਡਾ ਨੇ 32 ਜਾਇਦਾਦਾਂ ਦੀ ਨਿਲਾਮੀ ਕਰਵਾਈ। ਬਠਿੰਡਾ ਵਿਕਾਸ ਅਥਾਰਟੀ (ਬੀਡੀਏ) ਨੇ 23 ਜਾਇਦਾਦਾਂ ਦੀ ਨਿਲਾਮੀ ਕਰਵਾਈ। ਅੰਮ੍ਰਿਤਸਰ ਵਿਕਾਸ ਅਥਾਰਟੀ (ਏਡੀਏ) ਅਤੇ ਜਲੰਧਰ ਵਿਕਾਸ ਅਥਾਰਟੀ (ਜੇਡੀਏ) ਨੇ ਕ੍ਰਮਵਾਰ 34 ਅਤੇ 22 ਜਾਇਦਾਦਾਂ ਦੀ ਨਿਲਾਮੀ ਕਰਵਾਈ ਅਤੇ ਪਟਿਆਲਾ ਵਿਕਾਸ ਅਥਾਰਟੀ (ਪੀਡੀਏ) ਨੇ 17 ਜਾਇਦਾਦਾਂ ਦੀ ਨਿਲਾਮੀ ਕਰਵਾਈ। ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਇਹ ਈ-ਨਿਲਾਮੀ 6 ਸਤੰਬਰ ਨੂੰ ਸ਼ੁਰੂ ਹੋਈ ਸੀ, ਜਿਸ ਵਿੱਚ ਗਰੁੱਪ ਹਾਊਸਿੰਗ, ਮਲਟੀਪਲੈਕਸ, ਵਪਾਰਕ ਥਾਵਾਂ, ਰਿਹਾਇਸ਼ੀ ਪਲਾਟ, ਐੱਸਸੀਓ, ਬੂਥ, ਦੁਕਾਨਾਂ, ਐੱਸਸੀਐਫ਼ ਅਤੇ ਹੋਰ ਜਾਇਦਾਦਾਂ ਸ਼ਾਮਲ ਸਨ। ਉਨ੍ਹਾਂ ਕਿਹਾ ਕਿ ਮਕਾਨ ਉਸਾਰੀ ਤੇ ਸ਼ਹਿਰ ਵਿਕਾਸ ਵਿਭਾਗ ਹੇਠ ਕਾਰਜਸ਼ੀਲ ਵਿਕਾਸ ਅਥਾਰਟੀਆਂ ਨੇ ਸਮਾਜ ਦੇ ਸਾਰੇ ਵਰਗਾਂ ਦੇ ਲੋਕਾਂ ਨੂੰ ਆਪਣੀਆਂ ਸੁਪਨਮਈ ਜਾਇਦਾਦਾਂ ਖਰੀਦਣ ਦਾ ਮੌਕਾ ਦਿੱਤਾ।
ਭਗਵੰਤ ਮਾਨ ਨੇ ਕਿਹਾ ਕਿ ਇਨ੍ਹਾਂ ਜਾਇਦਾਦਾਂ ਦੀ ਨਿਲਾਮੀ ਪ੍ਰਤੀ ਆਮ ਲੋਕਾਂ ਖਾਸ ਕਰ ਕੇ ਰਿਹਾਇਸ਼ੀ ਪਲਾਟ ਦੇ ਇੱਛੁਕ ਜਾਂ ਕਾਰੋਬਾਰ ਸ਼ੁਰੂ ਕਰਨ ਦੀ ਯੋਜਨਾ ਬਣਾ ਰਹੇ ਲੋਕਾਂ ਨੇ ਵੱਡਾ ਉਤਸ਼ਾਹ ਦਿਖਾਇਆ।