For the best experience, open
https://m.punjabitribuneonline.com
on your mobile browser.
Advertisement

ਪੁੱਡਾ ਤੇ ਗਮਾਡਾ ਨੇ ਈ-ਨਿਲਾਮੀ ਤੋਂ 2060 ਕਰੋੜ ਰੁਪਏ ਕਮਾਏ

05:14 AM Oct 31, 2024 IST
ਪੁੱਡਾ ਤੇ ਗਮਾਡਾ ਨੇ ਈ ਨਿਲਾਮੀ ਤੋਂ 2060 ਕਰੋੜ ਰੁਪਏ ਕਮਾਏ
ਪੁੱਡਾ-ਗਮਾਡਾ ਦੀ ਈ-ਨਿਲਾਮੀ ਬਾਰੇ ਦੱਸਦੇ ਹੋਏ ਮੰਤਰੀ ਹਰਦੀਪ ਸਿੰਘ ਮੁੰਡੀਆ।
Advertisement

ਦਰਸ਼ਨ ਸਿੰਘ ਸੋਢੀ
ਐਸ.ਏ.ਐਸ. ਨਗਰ (ਮੁਹਾਲੀ), 30 ਅਕਤੂਬਰ
ਪੰਜਾਬ ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਵਿਭਾਗ (ਪੁੱਡਾ) ਅਧੀਨ ਕੰਮ ਕਰਦੀਆਂ ਪੁੱਡਾ ਤੇ ਗਮਾਡਾ ਵਿਕਾਸ ਅਥਾਰਟੀਆਂ ਨੇ ਵੱਖ-ਵੱਖ ਪ੍ਰਾਪਰਟੀਆਂ ਦੀ ਈ-ਨਿਲਾਮੀ ਤੋਂ 2060 ਕਰੋੜ ਰੁਪਏ ਦਾ ਮਾਲੀਆ ਪ੍ਰਾਪਤ ਕੀਤਾ ਹੈ। ਨਿਲਾਮ ਕੀਤੀਆਂ ਪ੍ਰਾਪਰਟੀਆਂ ਵਿੱਚ ਵਿਕਾਸ ਅਥਾਰਟੀਆਂ ਦੇ ਅਧਿਕਾਰ ਖੇਤਰ ਵਿੱਚ ਪੈਂਦੀਆਂ ਗਰੁੱਪ ਹਾਊਸਿੰਗ, ਪੈਟਰੋਲ ਪੰਪ, ਹੋਟਲ ਸਾਈਟਾਂ,ਐਸਸੀਓ, ਬੂਥ, ਉਦਯੋਗਿਕ ਅਤੇ ਰਿਹਾਇਸ਼ੀ ਪਲਾਟ ਸ਼ਾਮਲ ਹਨ।
ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆ ਨੇ ਕਿਹਾ ਈ-ਨਿਲਾਮੀ ਦੀ ਸਫਲਤਾ ਦਾ ਸਿਹਰਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਗਤੀਸ਼ੀਲ ਅਗਵਾਈ ਵਾਲੀ ਸਰਕਾਰ ਦੀ ਪਾਰਦਰਸ਼ਤਾ ’ਤੇ ਨਿਵੇਸ਼ ਪੱਖੀ ਨੀਤੀ ਸਿਰ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਦੋ ਮਹੀਨੇ ਪਹਿਲਾਂ ਈ-ਨਿਲਾਮੀ ਰਾਹੀਂ 3000 ਕਰੋੜ ਰੁਪਏ ਕਮਾਏ ਸਨ ਅਤੇ ਹੁਣ ਮੌਜੂਦਾ ਰਾਸ਼ੀ ਜੋੜ ਕੇ ਪਿਛਲੇ ਦੋ ਮਹੀਨਿਆਂ ਵਿੱਚ ਈ-ਨਿਲਾਮੀ ਰਾਹੀਂ ਕੁੱਲ 5000 ਕਰੋੜ ਰੁਪਏ ਦੀ ਕਮਾਈ ਕੀਤੀ ਗਈ ਹੈ। ਮੰਤਰੀ ਨੇ ਵਿਕਾਸ ਅਥਾਰਟੀਆਂ ਅਨੁਸਾਰ ਇਕੱਠੇ ਹੋਏ ਮਾਲੀਏ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਗਮਾਡਾ ਨੇ 1894 ਕਰੋੜ ਰੁਪਏ, ਗਲਾਡਾ ਨੇ 61.75 ਕਰੋੜ ਰੁਪਏ, ਬੀਡੀਏ ਨੇ 16.08 ਕਰੋੜ ਰੁਪਏ, ਪੀਡੀਏ ਨੇ 59.62 ਕਰੋੜ ਰੁਪਏ, ਜੇ.ਡੀ.ਏ. ਨੇ 12.25 ਕਰੋੜ ਰੁਪਏ, ਏਡੀਏ ਨੇ 16.30 ਕਰੋੜ ਰੁਪਏ ਕਮਾਏ ਜੋ ਕਿ ਸਾਰਿਆਂ ਦੀ ਰਕਮ ਮਿਲਾ ਕੇ ਕੁੱਲ ਕਮਾਈ 2060 ਕਰੋੜ ਰੁਪਏ ਬਣਦੀ ਹੈ।
ਮੰਤਰੀ ਨੇ ਈ-ਨਿਲਾਮੀ ਦੇ ਵੇਰਵੇ ਦਿੰਦਿਆਂ ਦੱਸਿਆ ਕਿ ਮੁਹਾਲੀ ਦੇ ਸੈਕਟਰ 83-ਏ, ਆਈਟੀ ਸਿਟੀ ਵਿੱਚ ਪੈਟਰੋਲ ਪੰਪ ਦੀ ਸਾਈਟ ਲਈ 31.16 ਕਰੋੜ ਰੁਪਏ ਦੀ ਬੋਲੀ ਪ੍ਰਾਪਤ ਹੋਈ। ਸੈਕਟਰ-78 ਦੀ ਗਰੁੱਪ ਹਾਊਸਿੰਗ ਸਾਈਟ ਲਈ 163.87 ਕਰੋੜ ਰੁਪਏ ਦੀ ਬੋਲੀ ਲੱਗੀ ਅਤੇ ਸੈਕਟਰ-78 ਵਿੱਚ ਹੀ ਹੋਟਲ ਸਾਈਟ 33.47 ਕਰੋੜ ਰੁਪਏ ਵਿੱਚ ਨਿਲਾਮ ਹੋਈ। ਇਸ ਤੋਂ ਇਲਾਵਾ ਸੈਕਟਰ-68 ਦੀਆਂ 4 ਕਮਰਸ਼ੀਅਲ ਸਾਈਟਾਂ, ਆਈਟੀ ਸਿਟੀ, ਸੈਕਟਰ-101-ਏ ਵਿੱਚ ਪੰਜ ਉਦਯੋਗਿਕ ਪਲਾਟਾਂ ਅਤੇ ਮੁਹਾਲੀ ਦੇ ਵੱਖ-ਵੱਖ ਸੈਕਟਰਾਂ ਵਿੱਚ 334 ਰਿਹਾਇਸ਼ੀ ਪਲਾਟਾਂ, ਐਸਸੀਓ ਅਤੇ ਬੂਥਾਂ ਲਈ ਵੀ ਬੋਲੀ ਪ੍ਰਾਪਤ ਹੋਈ।
ਮੁੰਡੀਆ ਮੁਤਾਬਕ ਮਹੀਨਾ ਭਰ ਈ-ਨਿਲਾਮੀਆਂ ਨੂੰ ਮਿਲੇ ਭਰਵੇਂ ਹੁੰਗਾਰੇ ਤੋਂ ਸਪੱਸ਼ਟ ਹੈ ਕਿ ਨਿਵੇਸ਼ਕਾਂ ਨੂੰ ਸੂਬੇ ਵਿੱਚ ਲਿਆਉਣ ਦੀਆਂ ਮੁੱਖ ਮੰਤਰੀ ਦੀਆਂ ਕੋਸ਼ਿਸ਼ਾਂ ਨੂੰ ਬੂਰ ਪਿਆ ਹੈ। ਉਨ੍ਹਾਂ ਖੁਲਾਸਾ ਕੀਤਾ ਕਿ ਨਿਲਾਮੀ ਪ੍ਰਕਿਰਿਆ ਪੂਰੀ ਤਰ੍ਹਾਂ ਪਾਰਦਰਸ਼ੀ ਰਹੀ ਹੈ ਅਤੇ ਨਿਲਾਮ ਕੀਤੀਆਂ ਸਾਈਟਾਂ ਦਾ ਕਬਜ਼ਾ ਆਕਸ਼ਨ ਵਿੱਚ ਤੈਅ ਸਮੇਂ ਅਨੁਸਾਰ ਬੋਲੀਕਾਰਾਂ ਨੂੰ ਸੌਂਪ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਨਿਲਾਮ ਕੀਤੀਆਂ ਸਾਈਟਾਂ ਮੁਹਾਲੀ, ਅੰਮ੍ਰਿਤਸਰ, ਪਟਿਆਲਾ, ਲੁਧਿਆਣਾ, ਬਠਿੰਡਾ ਅਤੇ ਸੰਗਰੂਰ ਵਿੱਚ ਸਥਿਤ ਹਨ।

Advertisement

Advertisement
Advertisement
Author Image

Advertisement