ਪੁੱਡਾ ਨੇ ਨਾਜਾਇਜ਼ ਉਸਾਰੀ ਢਾਹੀ
ਖੇਤਰੀ ਪ੍ਰਤੀਨਿਧ
ਅੰਮ੍ਰਿਤਸਰ, 13 ਨਵੰਬਰ
ਪੰਜਾਬ ਸਰਕਾਰ ਵਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਤਹਿਤ ਏਡੀਏ ਪੁੱਡਾ ਦੇ ਮੁੱਖ ਪ੍ਰਸ਼ਾਸਕ ਅੰਕੁਰਜੀਤ ਸਿੰਘ ਆਈਏਐੱਸ ਅਤੇ ਵਧੀਕ ਮੁੱਖ ਪ੍ਰਸ਼ਾਸਕ ਮੇਜਰ ਅਮਿਤ ਸਰੀਨ ਪੀਸੀਐੱਸ ਵੱਲੋਂ ਜਾਰੀ ਹੁਕਮਾਂ ਤਹਿਤ ਜ਼ਿਲ੍ਹਾ ਟਾਊਨ ਪਲਾਨਰ (ਰੈਗੂਲੇਟਰੀ) ਗੁਰਸੇਵਕ ਸਿੰਘ ਔਲਖ ਦੀ ਅਗਵਾਈ ਹੇਠ ਏਡੀਏ ਦੇ ਰੈਗੂਲੇਟਰੀ ਵਿੰਗ ਵਲੋਂ ਥਾਣਾ ਛੇਹਰਟਾ ਦੇ ਪੁਲੀਸ ਅਧਿਕਾਰੀਆਂ ਦੀ ਮੌਜੂਦਗੀ ਵਿੱਚ ਰਾਮਤੀਰਥ ਰੋਡ ਉਪਰ ਪਿੰਡ ਕਾਲਾ ਘਨੂਰ ਸਥਿਤ ਮੈਟਰੋ ਸਿਟੀ ਕਲੋਨੀ ਦੇ ਅੰਦਰ ਬਣ ਰਹੀ ਅਣ-ਅਧਿਕਾਰਤ ਉਸਾਰੀ ਵਿਰੁੱਧ ਕਾਰਵਾਈ ਕਰਦੇ ਹੋਏ ਉਸ ਉਸਾਰੀ ਨੂੰ ਢਾਹ ਦਿੱਤਾ ਗਿਆ।
ਮੀਡੀਆ ਨੂੰ ਜਾਰੀ ਬਿਆਨ ਵਿੱਚ ਜ਼ਿਲ੍ਹਾ ਟਾਊਨ ਪਲਾਨਰ ਨੇ ਦੱਸਿਆ ਕਿ ਇਸ ਉਸਾਰੀ ਸਬੰਧੀ ਮੈਟਰੋ ਸਿਟੀ ਕਲੋਨੀ ਨਿਵਾਸੀਆਂ ਵਲੋਂ ਸ਼ਿਕਾਇਤ ਪ੍ਰਾਪਤ ਹੋਈ ਸੀ ਕਿ ਕੁੱਝ ਲੋਕਲ ਬਿਲਡਰਾਂ/ਵਿਅਕਤੀਆਂ ਵੱਲੋਂ ਗੈਰ-ਕਨੂੰਨੀ ਢੰਗ ਨਾਲ ਪਹਿਲਾਂ ਤੋ ਕੱਟੇ ਹੋਏ ਪਲਾਟਾਂ ਨੂੰ ਆਪਣੀ ਮਰਜ਼ੀ ਦੇ ਨਾਲ ਦੋ ਤੋਂ ਤਿੰਨ ਹਿੱਸੇ ਵਿੱਚ ਕੱਟ ਕੇ ਉਸ ਉਪਰ ਮਕਾਨ ਬਣਾ ਕੇ ਵੇਚਣ ਦੀ ਤਿਆਰੀ ਕੀਤੀ ਜਾ ਰਹੀ ਹੈ ਅਤੇ ਬਿਲਡਿੰਗ ਦੇ ਮਾਲਕ ਕੋਲ ਪਲਾਟ ਸਬੰਧੀ ਕੋਈ ਐੱਨਓਸੀ ਅਤੇ ਇਮਾਰਤ ਦਾ ਨਕਸ਼ਾ ਮੌਜੂਦ ਨਹੀਂ ਹੈ। ਕਲੋਨੀ ਵਾਸੀਆਂ ਦੀ ਸ਼ਿਕਾਇਤ ਦੇ ਆਧਾਰ ’ਤੇ ਸਬੰਧਤ ਉਸਾਰੀਕਰਤਾ ਨੂੰ ਰੈਗੂਲੇਟਰੀ ਵਿੰਗ ਵੱਲੋਂ ਵਾਰ-ਵਾਰ ਰੋਕਣ ਉਪਰੰਤ ਨੋਟਿਸ ਜਾਰੀ ਕਰਦੇ ਹੋਏ ਮੌਕੇ ’ਤੇ ਕੰਮ ਨੂੰ ਬੰਦ ਕਰਨ ਅਤੇ ਸਪੱਸ਼ਟੀਕਰਨ ਦੇਣ ਲਈ ਲਿਖਿਆ ਗਿਆ ਸੀ ਪਰ ਉਸ ਨੇ ਉਸਾਰੀ ਦੇ ਕੰਮ ਨੂੰ ਚਾਲੂ ਰੱਖਿਆ ਗਿਆ, ਜਿਸ ਕਰਕੇ ਉੱਚ ਅਧਿਕਾਰੀਆਂ ਦੇ ਹੁਕਮਾਂ ਤਹਿਤ ਕਾਰਵਾਈ ਕੀਤੀ ਗਈ ਹੈ।