ਕੇਜਰੀਵਾਲ ਦੀ ਰਿਹਾਇਸ਼ ’ਤੇ ਮਿਲੀਆਂ ਮਹਿੰਗੀਆਂ ਚੀਜ਼ਾਂ ਦੇ ਮਾਮਲੇ ਦੀ ਜਾਂਚ ਕਰੇਗਾ ਲੋਕ ਨਿਰਮਾਣ ਵਿਭਾਗ
ਪੱਤਰ ਪ੍ਰੇਰਕ
ਨਵੀਂ ਦਿੱਲੀ, 26 ਦਸੰਬਰ
ਦਿੱਲੀ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਵਿਜੇਂਦਰ ਗੁਪਤਾ ਵੱਲੋਂ 20 ਨਵੰਬਰ ਨੂੰ ਦਿੱਲੀ ਦੇ ਉਪ ਰਾਜਪਾਲ ਨੂੰ ਸਰਕਾਰੀ ਰਿਹਾਇਸ਼ 6, ਫਲੈਗ ਸਟਾਫ ਰੋਡ ਵਿੱਚ ਕਈ ਮਹਿੰਗੀਆਂ ਅਤੇ ਲਗਜ਼ਰੀ ਵਸਤਾਂ ਮਿਲਣ ਦੀ ਉੱਚ ਪੱਧਰੀ ਜਾਂਚ ਕਰਨ ਲਈ ਲਿਖੇ ਪੱਤਰ ਦਾ ਨੋਟਿਸ ਲੈਂਦਿਆਂ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਬੰਗਲੇ ਬਾਰੇ ਉਪ ਰਾਜਪਾਲ ਨੇ 6 ਦਸੰਬਰ ਨੂੰ ਦਿੱਲੀ ਵਿਜੀਲੈਂਸ ਵਿਭਾਗ ਨੂੰ ਇਸ ਮਾਮਲੇ ਦੀ ਜਾਂਚ ਦੇ ਹੁਕਮ ਦਿੱਤੇ ਸਨ। ਇਸ ’ਤੇ ਕਾਰਵਾਈ ਕਰਦਿਆਂ ਉਨ੍ਹਾਂ ਲੋਕ ਨਿਰਮਾਣ ਵਿਭਾਗ ਦੇ ਪ੍ਰਮੁੱਖ ਸਕੱਤਰ ਨੂੰ ਜਾਂਚ ਕਰਨ ਲਈ ਕਿਹਾ ਹੈ। ਵਿਜੀਲੈਂਸ ਵਿਭਾਗ ਨੇ ਆਪਣੇ ਹੁਕਮਾਂ ਵਿੱਚ ਲੋਕ ਨਿਰਮਾਣ ਵਿਭਾਗ ਨੂੰ ਚਾਰ ਮੁੱਦਿਆਂ ਦੀ ਜਾਂਚ ਕਰਕੇ 5 ਦਿਨਾਂ ਦੇ ਅੰਦਰ ਰਿਪੋਰਟ ਦੇਣ ਲਈ ਕਿਹਾ ਹੈ। ਵਿਭਾਗ ਵੱਲੋਂ ਕਿਹਾ ਗਿਆ ਕਿ ਕੇਜਰੀਵਾਲ ਦੀ ਰਿਹਾਇਸ਼ ’ਤੇ ਆਰਾਮਦਾਇਕ ਸਾਧਨ ਕਿਸ ਨੇ ਮੁਹੱਈਆ ਕਰਵਾਏ ਸਨ, ਇਸ ਦਾ ਪਤਾ ਲਗਾਇਆ ਜਾਵੇ। ਕੀ ਇਨ੍ਹਾਂ ਸਾਧਨਾਂ ਦੇ ਬਦਲੇ ਕਿਸੇ ਵਿਅਕਤੀ ਨੂੰ ਲਾਭ ਹੋਇਆ ਸੀ। ਕੀ ਇਨ੍ਹਾਂ ਸਰੋਤਾਂ ਤੋਂ ਜਨਤਕ ਫੰਡਾਂ ’ਤੇ ਕੋਈ ਪ੍ਰਭਾਵ ਪਿਆ ਸੀ ਅਤੇ ਕੀ ਪ੍ਰਕਿਰਿਆ ਵਿੱਚ ਕਿਸੇ ਸਰਕਾਰੀ ਪ੍ਰੋਟੋਕੋਲ ਜਾਂ ਨਿਯਮਾਂ ਦੀ ਉਲੰਘਣਾ ਕੀਤੀ ਗਈ ਸੀ। ਵਿਜੇਂਦਰ ਗੁਪਤਾ ਨੇ ਕਿਹਾ ਕਿ ਜਦੋਂ ਪੀਡਬਲਿਊਡੀ ਨੇ 2022 ਵਿੱਚ ਪੀਡਬਲਿਊਡੀ ਦੁਆਰਾ ਬੰਗਲੇ ਵਿੱਚ ਉਪਲਬਧ ਸਾਮਾਨ ਦੀ ਸੂਚੀ ਤਿਆਰ ਕੀਤੀ ਸੀ ਅਤੇ 2024 ਵਿੱਚ ਕੇਜਰੀਵਾਲ ਵੱਲੋਂ ਬੰਗਲਾ ਖਾਲੀ ਕਰਨ ਤੋਂ ਬਾਅਦ, ਇਹ ਪਾਇਆ ਗਿਆ ਕਿ ਉੱਥੇ ਉਪਲਬਧ ਸਾਮਾਨ ਉਨ੍ਹਾਂ ਵੱਲੋਂ ਮੁਹੱਈਆ ਕਰਵਾਏ ਗਏ ਸਾਮਾਨ ਤੋਂ ਕਿਤੇ ਵੱਧ ਸੀ।