ਪੱਤਰਕਾਰਾਂ ਨੂੰ ਗ੍ਰਿਫ਼ਤਾਰ ਕਰਨ ਖ਼ਿਲਾਫ਼ ਜਨਤਕ ਜਥੇਬੰਦੀਆਂ ਵਲੋਂ ਮੁਜ਼ਾਹਰਾ
ਨਿੱਜੀ ਪੱਤਰ ਪ੍ਰੇਰਕ
ਗੜ੍ਹਸ਼ੰਕਰ, 6 ਅਕਤੂਬਰ
ਦਿੱਲੀ ਪੁਲੀਸ ਦੇ ਵਿਸ਼ੇਸ਼ ਸੈੱਲ ਵਲੋਂ ਪੱਤਰਕਾਰਾਂ ਦੇ ਟਿਕਾਣਿਆਂ ਉੱਪਰ ਛਾਪੇ ਮਾਰਨ ਅਤੇ ਦੋ ਸੀਨੀਅਰ ਪੱਤਰਕਾਰਾਂ ਨੂੰ ਗ੍ਰਿਫਤਾਰ ਕਰਨ ਖਿਲਾਫ ਵੱਖ ਵੱਖ ਜਨਤਕ ਜਥੇਬੰਦੀਆਂ ਡੈਮੋਕਰੈਟਿਕ ਟੀਚਰਜ਼ ਫਰੰਟ, ਕਿਰਤੀ ਕਿਸਾਨ ਯੂਨੀਅਨ, ਕੁਲ ਹਿੰਦ ਕਿਸਾਨ ਸਭਾ ਦੋਆਬਾ ਸਾਹਿਤ ਸਭਾ, ਲੋਕ ਬਚਾਓ ਪਿੰਡ ਬਚਾਓ ਸੰਘਰਸ਼ ਕਮੇਟੀ, ਡੈਮੋਕਰੈਟਿਕ ਪੈਨਸ਼ਨਰ ਫਰੰਟ, ਪੈਨਸ਼ਨਰ ਵੈਲਫੇਅਰ ਐਸੋਸੀਏਸ਼ਨ, ਦਰਪਣ ਸਾਹਿਤ ਸਭਾ, ਤਰਕਸ਼ੀਲ ਸੁਸਾਇਟੀ ਪੰਜਾਬ ਅਤੇ ਪ੍ਰੈੱਸ ਕਲੱਬ ਗੜ੍ਹਸ਼ੰਕਰ ਵਲੋਂ ਗੜ੍ਹਸ਼ੰਕਰ ਵਿਚ ਰੋਸ ਮੁਜ਼ਾਹਰਾ ਕੀਤਾ ਗਿਆ। ਇਸ ਮੌਕੇ ਮੁਕੇਸ਼ ਕੁਮਾਰ, ਦਰਸ਼ਨ ਮੱਟੂ, ਹਰਮੇਸ਼ ਢੇਸੀ, ਕੁਲਭੂਸ਼ਣ ਮਹਿੰਦਵਾਣੀ, ਸੁਖਦੇਵ ਡਾਨਸੀਵਾਲ, ਪ੍ਰੋ ਸੰਧੂ ਵਰਿਆਣਵੀ, ਡਾ. ਬਿੱਕਰ ਸਿੰਘ, ਸ਼ਾਮ ਸੁੰਦਰ ਅਤੇ ਕੁਲਵਿੰਦਰ ਚਾਹਲ ਨੇ ਕਿਹਾ ਕਿ ਇਹ ਛਾਪੇਮਾਰੀ, ਕੇਂਦਰ ਸਰਕਾਰ ਦੀਆਂ ਨੀਤੀਆਂ ਦੀ ਆਲੋਚਨਾ ਕਰਨ ਵਾਲੇ ਪੱਤਰਕਾਰਾਂ, ਲੇਖਕਾਂ ਅਤੇ ਜਮਹੂਰੀ ਹੱਕਾਂ ਦੇ ਰਾਖੇ ਕਾਰਕੁਨਾਂ ਦੀ ਮੁਕੰਮਲ ਜ਼ੁਬਾਨਬੰਦੀ ਕਰਨ ਵਾਲੀ ਫਾਸ਼ੀਵਾਦੀ ਸਿਆਸਤ ਦਾ ਹਿੱਸਾ ਹੈ। ਵਿਦੇਸ਼ੀ ਫੰਡ ਲੈਣ ਦੇ ਬਹਾਨੇ ਪੁਲੀਸ ਹਿਰਾਸਤ ਵਿੱਚ ਲਏ ਗਏ ਪੱਤਰਕਾਰਾਂ ਤੋਂ ਪੁੱਛੇ ਗਏ ਸਵਾਲ ਸਰਕਾਰ ਦੇ ਅਸਲੀ ਇਰਾਦਿਆਂ ਨੂੰ ਸਾਹਮਣੇ ਲਿਆਉਂਦੇ ਹਨ। ਉਨ੍ਹਾਂ ਮੰਗ ਕੀਤੀ ਕਿ ਗ੍ਰਿਫ਼ਤਾਰ ਕੀਤੇ ਪੱਤਰਕਾਰਾਂ, ਬੁੱਧੀਜੀਵੀਆਂ ਨੂੰ ਰਿਹਾਅ ਕੀਤਾ ਜਾਵੇ ਅਤੇ ਪ੍ਰੈਸ ਦੀ ਆਜ਼ਾਦੀ ਬਹਾਲ ਕੀਤੀ ਜਾਵੇ। ਇਸ ਮੌਕੇ ਬਲਵੀਰ ਖਾਨਪੁਰੀ, ਰਾਮ ਜੀ ਦਾਸ, ਕਿਸ਼ਨ ਸਿੰਘ, ਹਰੀਸ਼ ਕੁਮਾਰ, ਬਲਵੰਤ ਰਾਮ, ਨਰੇਸ਼ ਕੁਮਾਰ, ਜਰਨੈਲ ਸਿੰਘ ਹਾਜ਼ਰ ਸਨ।