ਜਨਤਕ ਜਥੇਬੰਦੀਆਂ ਵੱਲੋਂ ਅਮਿਤ ਸ਼ਾਹ ਖ਼ਿਲਾਫ਼ ਮੁਜ਼ਾਹਰਾ
ਖੇਤਰੀ ਪ੍ਰਤੀਨਿਧ
ਪਟਿਆਲਾ, 2 ਜਨਵਰੀ
ਜਨਤਕ ਜਥੇਬੰਦੀਆਂ ਦੇ ਸਾਂਝੇ ਮੋਰਚੇ ਨੇ ਕਿਰਤ ਕਮਿਸ਼ਨਰ ਦਫ਼ਤਰ ਪਟਿਆਲਾ ਅੱਗੇ ਧਰਨਾ ਲਾਉਣ ਮਗਰੋਂ ਸ਼ਹਿਰ ਵਿੱਚ ਰੋਸ ਮਾਰਚ ਕੀਤਾ ਅਤੇ ਕਚਿਹਰੀ ਚੌਕ ’ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਪੁਤਲਾ ਸਾੜਿਆ। ਧਰਨੇ ਦੀ ਅਗਵਾਈ ਕਾਮਰੇਡ ਹਰੀ ਸਿੰਘ ਦੌਣਕਲਾਂ, ਸੁੱਚਾ ਸਿੰਘ ਕੌਲ, ਪ੍ਰਲਾਦ ਸਿੰਘ ਨਿਆਲ ਅਤੇ ਜਸਵਿੰਦਰ ਸਿੰਘ ਸੌਜਾ ਨੇ ਕੀਤੀ। ਧਰਨੇ ਨੂੰ ਸੰਬੋਧਨ ਕਰਦਿਆਂ ਹਰੀ ਸਿੰਘ ਢੀਂਡਸਾ, ਦਰਸ਼ਨ ਸਿੰਘ ਬੇਲੂਮਾਜਰਾ, ਅਮਰਜੀਤ ਘਨੌਰ, ਰਾਜ ਕਿਸ਼ਨ ਨੂਰਖੇੜੀਆਂ ਅਤੇ ਸੁਖਪਾਲ ਸਿੰਘ ਕਾਦਰਾਬਾਦ ਨੇ ਕਿਹਾ ਕਿ ਕੇਂਦਰ ਸਰਕਾਰ ਲੋਕਾਂ ਦੇ ਬੁਨਿਆਦੀ ਮੁੱਦੇ ਰੁਜ਼ਗਾਰ, ਮਹਿੰਗਾਈ ਤੇ ਭ੍ਰਿਸ਼ਟਾਚਾਰ ਹੱਲ ਕਰਨ ਦੀ ਬਜਾਏ ਧਾਰਮਿਕ ਭਾਵਨਾਵਾਂ ਭੜਕਾ ਕੇ ਲੋਕਾਂ ਨੂੰ ਆਪਸ ਵਿੱਚ ਝਗੜੇ ਕਰਵਾ ਰਹੀ ਹੈ। ਘੱਟ ਗਿਣਤੀਆਂ ’ਤੇ ਜਬਰ ਢਾਹਿਆ ਜਾ ਰਿਹਾ ਹੈ। ਗਰੀਬ ਲੋਕਾਂ ਦੇ ਬੱਚੇ ਮੌਤ ਦੇ ਮੂੰਹ ਵਿੱਚ ਜਾ ਰਹੇ ਹਨ। ਭਾਜਪਾ ਸਰਕਾਰ ਵੱਲੋਂ ਪੰਜਾਬ ਵਿਰੁੱਧ ਸਾਜ਼ਿਸ਼ਾਂ ਰਚੀਆਂ ਜਾ ਰਹੀਆਂ ਹਨ। ਗੁਰੂਆਂ ਦੇ ਬਰਾਬਰਤਾ, ਸਾਂਝੀਵਾਲਤਾ ਅਤੇ ਜਾਤ ਵਿਰੋਧੀ ਫ਼ਲਸਫ਼ੇ ਵਿੱਚ ਖੋਟ ਰਲਾਇਆ ਜਾ ਰਿਹਾ ਹੈ, ਜਿੱਥੇ ਸਮੁੱਚੇ ਦੇਸ਼ ਵਿੱਚ ਨਫਰਤੀ ਮਾਹੌਲ ਪੈਦਾ ਹੋਰ ਰਿਹਾ ਹੈ। ਬੁਲਾਰਿਆਂ ਨੇ ਕਿਹਾ ਕਿ ਪੰਜਾਬ ਦੀ ਰਾਜਧਾਨੀ ’ਚ ਹਰਿਆਣੇ ਦੀ ਰਾਜਧਾਨੀ ਬਣਾਉਣ ਦੀਆਂ ਚਾਲਾਂ ਵੀ ਪੰਜਾਬ ਨੂੰ ਕਾਲੇ ਦੌਰ ਵਾਰ ਧੱਕਣ ਲਈ ਇੱਕ ਸਾਜ਼ਿਸ਼ ਦਾ ਹਿੱਸਾ ਹਨ। ਉਨ੍ਹਾਂ ਕਿਹਾ ਕਿ ਜਨਤਕ ਜਥੇਬੰਦੀਆਂ ਦਾ ਸਾਂਝਾ ਮੋਰਚਾ ਆਪਣੇ ਤੌਰ ’ਤੇ ਜਮਹੂਰੀ ਤਾਕਤਾਂ ਨੂੰ ਨਾਲ ਲੈ ਕੇ ਲੋਕਾਂ ਦੇ ਹਿੱਤਾਂ ਦੀ ਲੜਾਈ ਲੜੇਗਾ। ਉਨ੍ਹਾਂ ਖੱਬੇ ਪੱਖੀ ਅਤੇ ਜਮਹੂਰੀ ਤਾਕਤਾਂ ਨੂੰ ਇੱਕ ਮੰਚ ’ਤੇ ਆ ਕੇ ਨੀਤੀਗਤ ਰਾਜਸੀ ਬਦਲ ਉਸਾਰਨ ਦਾ ਸੱਦਾ ਦਿੱਤਾ ਅਤੇ ਕਿਹਾ ਕਿ ਕਾਰਪੋਰੇਟ ਪੱਖੀ ਅਤੇ ਫਿਰਕਾਪ੍ਰਸਤ ਫਾਸੀਵਾਦੀ ਸਰਕਾਰ ਨੂੰ ਹਰਾਉਣ ਲਈ, ਮਜ਼ਦੂਰਾਂ, ਕਿਸਾਨਾਂ ਅਤੇ ਛੋਟੇ ਕਾਰੋਬਾਰੀਆਂ ਦੇ ਹਿੱਤਾਂ ਦੀ ਰਾਖੀ ਵਾਲਾ ਬਦਲ ਸਮੇਂ ਦੀ ਲੋੜ ਹੈ। ਇਕੱਠ ਨੂੰ ਸੰਬੋਧਨ ਕਰਦਿਆਂ ਪ੍ਰਕਾਸ਼ ਸਿੰਘ ਘਨੌਰ, ਬਲਵਿੰਦਰ ਮੰਡੌਲੀ, ਜਗਤਾਰ ਸਾਹਪੁਰ ਅਤੇ ਹਰਵੀਰ ਸੁਨਾਮ ਨੇ ਕਿਹਾ ਕਿ ‘ਆਪ’ ਸਰਕਾਰ ਅਮਨ ਕਾਨੂੰਨ ਦੀ ਰਾਖੀ ਕਰਨ, ਨਸ਼ਾ ਮਾਫੀਆ, ਰੇਤ ਮਾਫੀਆ ਤੇ ਟਰਾਂਸਪੋਰਟ ਮਾਫੀਆ ਨੂੰ ਕਾਬੂ ਕਰਨ ’ਚ ਅਸਫ਼ਲ ਸਾਬਤ ਹੋਈ ਹੈ। ਇਸ ਮੌਕੇ ’ਤੇ ਧੰਨਾ ਸਿੰਘ ਦੌਣ, ਅਜੈਬ ਸਿੰਘ ਬਠੋਈ, ਮਾਸਟਰ ਗੁਰਬਚਨ ਸਿੰਘ, ਗੁਰਮੀਤ ਸਿੰਘ ਖਾਨਪੁਰ, ਗੁਰਦਿਆਲ ਸਿੰਘ ਬੀਬੀਪੁਰ, ਸਤਨਾਮ ਨਾਭਾ, ਵਿਪਨ ਕੁਮਾਰ ਤੇ ਰਣਧੀਰ ਕਾਦਰਾਬਾਦ ਨੇ ਸੰਬੋਧਨ ਕੀਤਾ।