ਜਨਤਕ ਜਥੇਬੰਦੀਆਂ ਵੱਲੋਂ ਡੀਸੀ ਨੂੰ ਮਿਲਣ ਦਾ ਫ਼ੈਸਲਾ
ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 4 ਫਰਵਰੀ
ਵੱਖ-ਵੱਖ ਜਨਤਕ ਜਮਹੂਰੀ ਜਥੇਬੰਦੀਆਂ ਦੀ ਸਾਂਝੀ ਮੀਟਿੰਗ ਸਥਾਨਕ ਗਦਰ ਮੈਮੋਰੀਅਲ ਭਵਨ ਵਿੱਚ ਹੋਈ ਜਿਸ ਵਿਚ ਬਿਸ਼ਨਪੁਰਾ ਦੇ ਪੀੜਤ ਪਰਿਵਾਰਾਂ ਨੂੰ ਇਨਸਾਫ਼ ਦਿਵਾਉਣ ਲਈ ਬਣੀ ਐਕਸ਼ਨ ਕਮੇਟੀ ਦੇ ਦੋ ਆਗੂਆਂ ਉਪਰ ਪੁਲੀਸ ਵਲੋਂ ਦਰਜ ਕੇਸ ਨੂੰ ਝੂਠਾ ਕਰਾਰ ਦਿੰਦਿਆਂ ਇਸ ਨੂੰ ਰੱਦ ਕਰਾਉਣ ਲਈ 6 ਫਰਵਰੀ ਨੂੰ ਡਿਪਟੀ ਕਮਿਸ਼ਨਰ ਅਤੇ ਐੱਸਐੱਸਪੀ ਨੂੰ ਮਿਲਣ ਦਾ ਫੈਸਲਾ ਲਿਆ ਗਿਆ। ਮੀਟਿੰਗ ਤੋਂ ਬਾਅਦ ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਲਖਵੀਰ ਸਿੰਘ ਲੌਂਗੋਵਾਲ, ਮਜ਼ਦੂਰ ਮੁਕਤੀ ਮੋਰਚਾ ਦੇ ਧਰਮਪਾਲ ਸਿੰਘ ਸੁਨਾਮ, ਡੈਮੋਕ੍ਰੈਟਿਕ ਮਨਰੇਗਾ ਫਰੰਟ ਦੇ ਹਰਪਾਲ ਕੌਰ ਟਿੱਬੀ, ਡੀਟੀਐੱਫ ਦੇ ਬਲਵੀਰ ਲੌਂਗੋਵਾਲ, ਆਈਡੀਪੀ ਦੇ ਫਲਜੀਤ ਸਿੰਘ, ਲੋਕ ਸੰਗਰਾਮ ਮੋਰਚਾ ਦੇ ਵਿਸ਼ਾਖਾ ਸਿੰਘ ਧੂਰੀ ਤੇ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਦੇ ਬਲਜੀਤ ਸਿੰਘ ਨਮੋਲ ਨੇ ਕਿਹਾ ਕਿ ਪਿਛਲੇ ਸਾਲ 16 ਸਤੰਬਰ ਨੂੰ ਪਿੰਡ ਬਿਸ਼ਨਪੁਰਾ ਦੇ ਸੜਕ ਤੇ ਮਨਰੇਗਾ ਦਾ ਕੰਮ ਕਰਨ ਦਰਮਿਆਨ ਇੱਕ ਤੇਜ਼ ਰਫਤਾਰ ਟਰੱਕ ਨੇ ਪਿੰਡ ਬਿਸ਼ਨਪੁਰਾ ਦੇ ਚਾਰ ਮਨਰੇਗਾ ਮਜ਼ਦੂਰਾਂ ਨੂੰ ਬਹੁਤ ਬੁਰੀ ਤਰ੍ਹਾਂ ਕੁਚਲ ਦਿੱਤਾ ਸੀ ਅਤੇ ਉਨ੍ਹਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ ਸੀ। ਜਨਤਕ ਜਮਹੂਰੀ ਜਥੇਬੰਦੀਆਂ ਵੱਲੋਂ ਪੀੜਤ ਪਰਿਵਾਰਾਂ ਨੂੰ ਇਨਸਾਫ ਦਿਵਾਉਣ ਲਈ ਐਕਸ਼ਨ ਕਮੇਟੀ ਬਣਾ ਕੇ ਸੰਘਰਸ਼ ਲੜਿਆ ਗਿਆ ਅਤੇ ਪੀੜਤ ਪਰਿਵਾਰਾਂ ਨੂੰ ਇਨਸਾਫ ਦਵਾਇਆ ਗਿਆ ਪਰ ਸਿਆਸੀ ਆਗੂਆਂ ਦੀ ਸ਼ਹਿ ’ਤੇ ਪੁਲੀਸ ਪ੍ਰਸ਼ਾਸਨ ਵਲੋਂ ਪਿੰਡ ਬਿਸ਼ਨਪੁਰਾ ਦੇ ਦੋ ਵਿਅਕਤੀਆਂ ਦੇ ਬਿਆਨਾਂ ਉਪਰ ਐਕਸ਼ਨ ਕਮੇਟੀ ਦੇ ਕਨਵੀਨਰ ਪਰਗਟ ਸਿੰਘ ਕਾਲਾਝਾੜ ਅਤੇ ਧਰਮਪਾਲ ਸਿੰਘ ਨਮੋਲ ਤੇ 40/50 ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਦਿੱਤਾ ਗਿਆ ਸੀ।