ਜਨਤਕ ਜਥੇਬੰਦੀਆਂ ਨੇ ਐਕਸੀਅਨ ਦਾ ਪੁਤਲਾ ਸਾੜਿਆ
ਪੱਤਰ ਪ੍ਰੇਰਕ
ਰਤੀਆ, 31 ਅਗਸਤ
ਇੱਥੇ ਅੱਜ ਸ਼ਹਿਰ ਵਾਸੀਆਂ ਵੱਲੋਂ ਕੁਝ ਜਨਤਕ ਜਥੇਬੰਦੀਆਂ ਦੇ ਸਹਿਯੋਗ ਨਾਲ ਪੀਡਬਲਿਊਡੀ ਦੇ ਐਕਸੀਅਨ ਦਾ ਪੁਤਲਾ ਫੂਕਿਆ ਗਿਆ। ਇਸ ਮੌਕੇ ਸੰਬੋਧਨ ਕਰਦਿਆਂ ਪੱਗੜੀ ਸੰਭਾਲ ਜੱਟਾ ਕਿਸਾਨ ਸੰਘਰਸ਼ ਕਮੇਟੀ ਹਰਿਆਣਾ ਦੇ ਜ਼ਿਲ੍ਹਾ ਸਹਿ ਸਕੱਤਰ ਸੁਖਚੈਨ ਸਿੰਘ ਰੱਤਾਖੇੜਾ ਨੇ ਕਿਹਾ ਕਿ ਹੈਫਡ ਕੰਪਲੈਕਸ ਤੋਂ ਲੈ ਕੇ ਸੰਜੇ ਗਾਂਧੀ ਚੌਕ ਤੱਕ ਸੜਕ ਦਾ ਬੁਰਾ ਹਾਲ ਸੀ। ਜਗ੍ਹਾ ਜਗ੍ਹਾ ਖੜ੍ਹੇ ਪਾਣੀ ਅਤੇ ਰੁਕੇ ਪਾਣੀ ਕਾਰਨ ਰੋਜ਼ਾਨਾ ਕੋਈ ਨਾ ਕੋਈ ਦੋ ਪਹੀਆ ਅਤੇ ਚਾਰ ਪਹੀਆ ਵਾਹਨ ਚਾਲਕ ਪ੍ਰੇਸ਼ਾਨ ਹੁੰਦੇ ਹਨ। ਇਸ ਕਾਰਨ ਕਈ ਹਾਦਸੇ ਵੀ ਵਾਪਰ ਚੁੱਕੇ ਹਨ। ਸੜਕ ਦੀ ਮੁਰੰਮਤ ਲਈ ਪਹਿਲਾਂ ਸਾਰੀ ਸੜਕ ਪੁੱਟ ਦਿੱਤੀ। ਸਾਰੀ ਸੜਕ ਪੁੱਟਣ ਕਾਰਨ ਰਾਹਗੀਰਾਂ ਦਾ ਪੈਦਲ ਚੱਲਣਾ ਵੀ ਔਖਾ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਇੱਕ ਸਾਈਡ ਬਣਾਉਣੀ ਚਾਹੀਦੀ ਸੀ ਫਿਰ ਦੂਜੀ ਸਾਈਡ ਦੀ ਸੜਕ ਪੁੱਟੀ ਜਾਂਦੀ ਹੈ ਅਤੇ ਬਰਸਾਤ ਦੇ ਮੌਸਮ ਵਿੱਚ ਕਦੇ ਸੜਕ ਬਣਦੀ ਹੀ ਨਹੀਂ। ਜੁਲਾਈ, ਅਗਸਤ, ਸਤੰਬਰ, ਇਹ 3 ਮਹੀਨੇ ਬਰਸਾਤ ਦੇ ਮੌਸਮ ਹਨ। ਸਰਕਾਰ ਅਤੇ ਪ੍ਰਸ਼ਾਸਨ ਦੋਵਾਂ ਨੂੰ ਇਸ ਗੱਲ ਦਾ ਪਤਾ ਸੀ ਪਰ ਇਹ ਸਾਰਾ ਕੰਮ ਹਰਿਆਣਾ ਸਰਕਾਰ ਨੇ ਜਾਣਬੁੱਝ ਕੇ ਚੋਣਾਂ ਦਾ ਲਾਹਾ ਲੈਣ ਲਈ ਕੀਤਾ ਹੈ। ਉਨ੍ਹਾਂ ਕਿਹਾ ਕਿ ਰਤੀਆ ਵਿੱਚ ਹਰ ਪਾਸੇ ਐਮਰਜੈਂਸੀ ਜਿਹੇ ਹਾਲਾਤ ਪੈਦਾ ਹੋ ਰਹੇ ਹਨ ਅਤੇ ਰਤੀਆ ਵਾਲੇ ਪਾਸੇ ਦੀਆਂ ਸਾਰੀਆਂ ਸੜਕਾਂ ਚੌੜੀਆਂ ਕਰਨ ਵੱਲ ਕੋਈ ਧਿਆਨ ਨਹੀਂ ਦਿੱਤਾ ਗਿਆ।
ਇਹ ਕੰਮ ਪਹਿਲਾਂ ਹੀ ਹੋ ਜਾਣਾ ਚਾਹੀਦਾ ਸੀ, ਜੇ ਜਲਦੀ ਸੁਧਾਰ ਨਾ ਕੀਤਾ ਗਿਆ ਤਾਂ ਰਤੀਆ ਸ਼ਹਿਰ ਵਾਸੀਆਂ ਵਲੋਂ ਲੋਕ ਜਥੇਬੰਦੀਆਂ ਦੇ ਸਹਿਯੋਗ ਨਾਲ ਐੱਸਡੀਐੱਮ ਦਾ ਘਿਰਾਓ ਕੀਤਾ ਜਾਵੇਗਾ।