ਜਨਤਕ ਜਥੇਬੰਦੀਆਂ ਨੇ ਸਿੱਧਵਾਂ ਬੇਟ ਦਾ ਥਾਣਾ ਘੇਰਿਆ
ਜਸਬੀਰ ਸਿੰਘ ਸ਼ੇਤਰਾ
ਜਗਰਾਉਂ, 29 ਅਗਸਤ
ਇੱਥੇ ਥਾਣਾ ਸਿੱਧਵਾਂ ਬੇਟ ਮੂਹਰੇ ਅੱਜ ਕਿਸਾਨ, ਮਜ਼ਦੂਰ ਤੇ ਹੋਰ ਜਨਤਕ ਜਥੇਬੰਦੀਆਂ ਨੇ ਕੀਤੇ ਐਲਾਨ ਮੁਤਾਬਕ ਵਰ੍ਹਦੇ ਮੀਂਹ ’ਚ ਧਰਨਾ ਦਿੱਤਾ। ਬੇਟ ਇਲਾਕੇ ਦੇ ਪਿੰਡ ਗੋਰਸੀਆਂ ਕਾਦਰਬਖਸ਼ ਦੇ ਸਰਪੰਚ ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ’ਚ ਦਾਖ਼ਲ ਹੋ ਕੇ ਵਿਦਿਆਰਥੀਆਂ ਦੀ ਕੀਤੀ ਕੁੱਟਮਾਰ ਦੇ ਚਰਚਿਤ ਮਾਮਲੇ ’ਚ ਇਹ ਧਰਨਾ ਦਿੱਤਾ ਗਿਆ। ਧਰਨਾਕਾਰੀ ਮੰਗ ਕਰ ਰਹੇ ਸਨ ਕਿ ਇਸ ਮਾਮਲੇ ’ਚ ਵਿਦਿਆਰਥੀਆਂ ਖ਼ਿਲਾਫ਼ ਪੁਲੀਸ ਨੇ ਜਿਹੜਾ ਮਾਮਲਾ ਦਰਜ ਕੀਤਾ ਹੈ ਉਹ ਝੂਠਾ ਹੈ ਅਤੇ ਇਸ ਨੂੰ ਰੱਦ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਸਿਆਸੀ ਦਬਾਅ ਹੇਠ ਜਾਣਬੁੱਝ ਕੇ ਵਿਦਿਆਰਥੀਆਂ ਖ਼ਿਲਾਫ਼ ਪਰਚਾ ਦਰਜ ਕੀਤਾ ਗਿਆ ਸੀ। ਧਰਨਾਕਾਰੀਆਂ ਨੇ ਕਿਹਾ ਕਿ ਸਰਪੰਚ ਜਗਦੇਵ ਸਿੰਘ ਦਿਉਲ ਸਮੇਤ ਸਾਰੇ ਕੁੱਟਮਾਰ ਕਰਨ ਵਾਲੇ ਮੁਲਜ਼ਮਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇ। ਜਾਤੀ ਸੂਚਕ ਸ਼ਬਦ ਬੋਲਣ ਵਾਲੇ ਮੁਲਜ਼ਮ ਖ਼ਿਲਾਫ਼ ਐਸਸੀ ਐਸਟੀ ਐਕਟ ਲਗਾਇਆ ਜਾਵੇ। ਉਨ੍ਹਾਂ ਕਿਹਾ ਕਿ ਸਰਪੰਚ ਅਤੇ ਉਸਦੇ ਸਾਥੀਆਂ ਵਲੋਂ ਝੂਠੀ ਸ਼ਿਕਾਇਤ ’ਤੇ ਦਰਜ ਕੀਤੇ ਪਰਚੇ ਨੂੰ ਰੱਦ ਕੀਤਾ ਜਾਵੇ। ਜਮਹੂਰੀ ਕਿਸਾਨ ਸਭਾ ਪੰਜਾਬ ਦੇ ਜਥੇਬੰਦਕ ਸਕੱਤਰ ਰਘਵੀਰ ਸਿੰਘ ਬੈਨੀਪਾਲ, ਜ਼ਿਲ੍ਹਾ ਪ੍ਰਧਾਨ ਬਲਰਾਜ ਸਿੰਘ ਕੋਟਉਮਟਾ, ਬਲਜੀਤ ਸਿੰਘ ਗੋਰਸੀਆਂ ਨੇ ਆਖਿਆ ਕਿ ਜੇ ਪ੍ਰਸ਼ਾਸਨ ਨੇ ਧਰਨਾਕਾਰੀਆ ਦੀਆਂ ਮੰਗਾਂ ਵੱਲ ਧਿਆਨ ਨਾ ਦਿੱਤਾ ਤਾਂ ਉਹ ਵੱਡਾ ਸੰਘਰਸ਼ ਕਰਨ ਲਈ ਮਜਬੂਰ ਹੋਣਗੇ। ਸੀਟੂ ਆਗੂ ਅਮਰਨਾਥ ਕੂੰਮਕਲਾਂ ਨੇ ਆਖਿਆ ਕਿ ਪੰਜਾਬ ’ਚ ਅਮਨ ਕਾਨੂੰਨ ਦੀ ਸਥਿਤੀ ਬਦ ਤੋਂ ਬਦਤਰ ਹੋ ਰਹੀ ਹੈ। ਇਸ ਕਾਰਨ ਲੋਕਾ ਦਾ ਕਾਨੂੰਨ ਤੋਂ ਵਿਸ਼ਵਾਸ ਉੱਠ ਰਿਹਾ ਹੈ। ਸਰਕਾਰ ਨੂੰ ਅਮਨ ਕਾਨੂੰਨ ਦੀ ਸਥਿਤੀ ਸਥਿਰ ਕਰਨ ਵੱਲ ਧਿਆਨ ਦੇਣਾ ਚਾਹੀਦਾ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਹਰਨੇਕ ਸਿੰਘ ਗੁੱਜਰਵਾਲ, ਮੇਜਰ ਸਿੰਘ, ਹੁਕਮ ਰਾਜ ਦੇਹੜਕਾ, ਅਮਰਜੀਤ ਸਿੰਘ, ਦੀਵਾਨ ਸਿੰਘ ਕੋਟਉਮਰਾ, ਗੁਰਮੀਤ ਸਿੰਘ ਮੀਤਾ, ਨਿਰਮਲ ਸਿੰਘ ਧਾਲੀਵਾਲ, ਨਿਰਮਲ ਸਿੰਘ ਨਿੰਮਾ, ਸੁਖਦੇਵ ਸਿੰਘ ਆਦਿ ਧਰਨੇ ’ਚ ਸ਼ਾਮਲ ਹੋਏ। ਕਾਮਰੇਡ ਕੋਟਉਮਰਾ ਨੇ ਦੱਸਿਆ ਕਿ ਬਾਅਦ ’ਚ ਪੁਲੀਸ ਅਧਿਕਾਰੀਆਂ ਨੇ ਪਰਚੇ ’ਚ ਵਾਧਾ ਕਰਨ ਅਤੇ ਵਿਦਿਆਰਥੀਆਂ ਖ਼ਿਲਾਫ਼ ਦਰਜ ਝੂਠਾ ਪਰਚਾ ਰੱਦ ਕਰਨ ਦਾ ਭਰੋਸਾ ਦਿੱਤਾ ਜਿਸ ’ਤੇ ਧਰਨਾ ਚੁੱਕ ਲਿਆ ਗਿਆ।