ਢੁੱਡੀਕੇ ਵਿੱਚ ਲਾਇਆ ਜਨ ਸੁਣਵਾਈ ਕੈਂਪ
ਪੱਤਰ ਪ੍ਰੇਰਕ
ਅਜੀਤਵਾਲ, 13 ਸਤੰਬਰ
ਪੰਜਾਬ ਸਰਕਾਰ ਦੇ ਆਦੇਸ਼ਾਂ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਮੋਗਾ ਆਮ ਲੋਕਾਂ ਦੀਆਂ ਸਮੱਸਿਆਵਾਂ ਨੂੰ ਉਨ੍ਹਾਂ ਦੇ ਘਰਾਂ ਦੇ ਨਜ਼ਦੀਕ ਜਾ ਕੇ ਜਨ ਸੁਣਵਾਈ ਕੈਂਪਾਂ ਰਾਹੀਂ ਹੱਲ ਕਰ ਰਿਹਾ ਹੈ। ਇਹ ਜਾਣਕਾਰੀ ਉਪ ਮੰਡਲ ਮੈਜਿਸਟ੍ਰੇਟ ਮੋਗਾ ਸਾਰੰਗਪ੍ਰੀਤ ਸਿੰਘ ਔਜਲਾ ਨੇ ਪਿੰਡ ਢੁੱਡੀਕੇ ਦੇ ਕਮਿਊਨਿਟੀ ਸੈਂਟਰ ਵਿੱਚ ਲੱਗੇ ਜਨ ਸੁਣਵਾਈ ਕੈਂਪ ਦੌਰਾਨ ਸਾਂਝੀ ਕੀਤੀ। ਇਸ ਮੌਕੇ ਪਿੰਡ ਢੁੱਡੀਕੇ, ਡਾਲਾ, ਦੌਧਰ ਗਰਬੀ, ਦੌਧਰ ਸ਼ਰਕੀ, ਤਖਾਣਵੱਧ, ਮੱਲੇਆਣਾ ਪਿੰਡਾਂ ਦੇ ਵਾਸੀਆਂ ਦੀਆਂ ਮੁਸ਼ਕਲਾਂ ਸੁਣੀਆਂ ਗਈਆਂ। ਐਸਡੀਐਮ ਨੇ ਦੱਸਿਆ ਕਿ ਹੁਣ ਮਿਤੀ 18 ਸਤੰਬਰ ਨੂੰ ਤਹਿਸੀਲ ਮੋਗਾ ਦੇ ਪਿੰਡ ਅਜੀਤਵਾਲ, ਨੱਥੂਵਾਲ ਜਦੀਦ, ਚੂਹੜ੍ਹ ਚੱਕ, ਕੋਕਰੀ ਕਲਾਂ, ਕੋਕਰੀ ਫੂਲਾ ਸਿੰਘ ਪਿੰਡਾਂ ਦੇ ਵਾਸੀਆਂ ਦੀਆਂ ਮੁਸ਼ਕਲਾਂ ਅਜੀਤਵਾਲ ਸਬ ਤਹਿਸੀਲ ਕੰਪਲੈਕਸ ਵਿੱਚ ਸੁਣੀਆਂ ਜਾਣਗੀਆਂ। ਇਸ ਕੈਂਪ ਵਿੱਚ ਜ਼ਿਆਦਾਤਰ ਲੋਕਾਂ ਨੇ ਪੰਜਾਬ ਸਰਕਾਰ ਦਾ ਰਾਸ਼ਨ ਕਾਰਡ ਦਾ ਪੋਰਟਲ ਬੰਦ ਹੋਣ ਸਬੰਧੀ ਨਿਰਾਸ਼ਾ ਪ੍ਰਗਟ ਕੀਤੀ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਰਾਸ਼ਨ ਕਾਰਡ ਦਾ ਪੋਰਟਲ ਚਾਲੂ ਕੀਤਾ ਜਾਵੇ। ਇਸ ਕੈਂਪ ਵਿੱਚ ਜ਼ਿਆਦਾਤਰ ਕਰਮਚਾਰੀ ਆਪਣੇ ਫੋਨਾਂ ਵਿੱਚ ਹੀ ਵਿਅਸਤ ਨਜ਼ਰ ਆਏ ਅਤੇ ਕਈ ਪਿੰਡਾਂ ਦੇ ਲੋਕ ਕੈਂਪ ਮਸਲੇ ਹੱਲ ਨਾ ਹੋਣ ਕਾਰਨ ਨਿਰਾਸ਼ ਪਰਤਦੇ ਨਜ਼ਰ ਆਏ।