ਪੀਯੂ ਨੇ ਮੁੜ ਜਿੱਤੀ ਮਾਕਾ ਟਰਾਫ਼ੀ
ਪੱਤਰ ਪ੍ਰੇਰਕ
ਚੰਡੀਗੜ੍ਹ, 22 ਅਗਸਤ
ਪੰਜਾਬ ਯੂਨੀਵਰਸਿਟੀ ਨੇ ਇਸ ਵਾਰ ਮੁੜ ਖੇਡਾਂ ਵਿੱਚ ਮੱਲ੍ਹਾਂ ਮਾਰਦਿਆਂ ‘ਮੌਲਾਨਾ ਅਬੁਲ ਕਲਾਮ ਆਜ਼ਾਦ’ (ਮਾਕਾ) ਟਰਾਫ਼ੀ ਜਿੱਤਣ ਵਿੱਚ ਸਫ਼ਲਤਾ ਹਾਸਲ ਕੀਤੀ ਹੈ। ਦੱਸਣਯੋਗ ਹੈ ਕਿ ਪਿਛਲੇ ਸਾਲ ਵੀ ਪੀਯੂ ਨੇ ਮਾਕਾ ਟਰਾਫ਼ੀ ਜਿੱਤੀ ਸੀ ਅਤੇ ਹੁਣ ਦੂਸਰੀ ਵਾਰ ਜਿੱਤ ਕਾਇਮ ਰੱਖੀ ਹੈ।
ਪੀਯੂ ਦੇ ਸਪੋਰਟਸ ਡਾਇਰੈਕਟਰ ਡਾ. ਪਰਮਿੰਦਰ ਸਿੰਘ ਮੁਤਾਬਕ ’ਵਰਸਿਟੀ ਨੇ ਸੈਸ਼ਨ 2019-20 ਵਿੱਚ ਇੰਟਰ-ਯੂਨੀਵਰਸਿਟੀ ਮੁਕਾਬਲਿਆਂ, ਖੇਲੋ ਇੰਡੀਆ ਯੂਥ ਖੇਡਾਂ ਅਤੇ ਖੇਲੋ ਇੰਡੀਆ ਯੂਨੀਵਰਸਿਟੀ ਖੇਡਾਂ ਅਤੇ ਅੰਤਰਰਾਸ਼ਟਰੀ ਮੁਕਾਬਲਿਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤੇ। ਇਹੋ ਕਾਰਨ ਹੈ ਕਿ ਯੂਨੀਵਰਸਿਟੀ ਨੂੰ ਲਗਾਤਾਰ ਦੂਸਰੀ ਵਾਰ ਮਾਕਾ ਟਰਾਫ਼ੀ ਜਿੱਤਣ ਵਿੱਚ ਸਫ਼ਲਤਾ ਮਿਲੀ ਹੈ। ਉਨ੍ਹਾਂ ਦੱਸਿਆ ਕਿ ਇਸ ਵਾਰ ਖੇਲੋ ਇੰਡੀਆ ਯੂਨੀਵਰਸਿਟੀ ਖੇਡਾਂ ਵਿੱਚ ਕੁੱਲ 46 ਮੈਡਲ (17 ਗੋਲਡ, 19 ਸਿਲਵਰ ਤੇ 10 ਤਾਂਬੇ ਦੇ ਮੈਡਲ) ਵੀ ਹਾਸਲ ਕੀਤੇ ਹਨ। ਊਨ੍ਹਾਂ ਨੇ ਯੂਨੀਵਰਸਿਟੀ ਦੇ ਖਿਡਾਰੀਆਂ ਨੂੰ ਵਧਾਈ ਵੀ ਦਿੱਤੀ।
ਉਨ੍ਹਾਂ ਕਿਹਾ ਕਿ ਪੀਯੂ ਦੇ ਵਾਈਸ ਚਾਂਸਲਰ ਪ੍ਰੋ. ਰਾਜ ਕੁਮਾਰ ਦੀ ਅਗਵਾਈ ਵਿੱਚ ਖੇਡਾਂ ਨੂੰ ਪ੍ਰਫੁੱਲਤ ਕਰਨ ਅਤੇ ਵਧੀਆ ਸਾਜ਼ੋ-ਸਾਮਾਨ ਮੁਹੱਈਆ ਕਰਵਾਉਣ ਨਾਲ ਹੀ ਯੂਨੀਵਰਸਿਟੀ ਦੇ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤੇ ਹਨ। ਉਨ੍ਹਾਂ ਦੱਸਿਆ ਕਿ ਇਹ ਮਾਕਾ ਟਰਾਫ਼ੀ ਪੀ.ਯੂ. ਵਿਖੇ ਪਹੁੰਚਣ ਤੋਂ ਬਾਅਦ ਕਰੋਨਾ ਮਹਾਮਾਰੀ ਸਬੰਧੀ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਯੂਨੀਵਰਸਿਟੀ ਵਿੱਚ ਖਿਡਾਰੀਆਂ ਨੂੰ ਨਾਲ ਲੈ ਕੇ ਸ਼ਾਨਦਾਰ ਮਾਰਚ ਕੀਤਾ ਜਾਵੇਗਾ।