ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਪੀਯੂ: ਵਿਦਿਆਰਥੀਆਂ ਨੇ ਮੈੱਸਾਂ ’ਚ ਵਧੇ ਰੇਟਾਂ ਖ਼ਿਲਾਫ਼ ਮੋਰਚਾ ਖੋਲ੍ਹਿਆ

08:38 AM Jul 12, 2024 IST
ਪੰਜਾਬ ’ਵਰਸਿਟੀ ਵਿੱਚ ਵਾਈਸ ਚਾਂਸਲਰ ਦਫ਼ਤਰ ਦੇ ਬਾਹਰ ਰੋਸ ਪ੍ਰਦਰਸ਼ਨ ਕਰਦੇ ਹੋਏ ਵਿਦਿਆਰਥੀ।

ਕੁਲਦੀਪ ਸਿੰਘ
ਚੰਡੀਗੜ੍ਹ, 11 ਜੁਲਾਈ
ਪੰਜਾਬ ਯੂਨੀਵਰਸਿਟੀ ਕੈਂਪਸ ਦੀਆਂ ਮੈੱਸਾਂ ਵਿੱਚ ਖਾਣੇ ਦੇ ਵਧਾਏ ਗਏ ਰੇਟਾਂ ਖ਼ਿਲਾਫ਼ ਅੱਜ ਕਈ ਵਿਦਿਆਰਥੀ ਜਥੇਬੰਦੀਆਂ ਵੱਲੋਂ ਸਾਂਝੇ ਤੌਰ ’ਤੇ ਇਕੱਠੇ ਹੋ ਕੇ ਵਾਈਸ ਚਾਂਸਲਰ ਦਫ਼ਤਰ ਅੱਗੇ ਰੋਸ ਪ੍ਰਦਰਸ਼ਨ ਕੀਤਾ ਗਿਆ। ਅਥਾਰਿਟੀ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਵਿਦਿਆਰਥੀਆਂ ਨੇ ਖਾਣੇ ਦੇ ਵਧੇ ਹੋਏ ਰੇਟ ਵਾਪਸ ਕਰਵਾਉਣ ਦੀ ਮੰਗ ਕੀਤੀ ਹੈ। ਅੱਜ ਦੇ ਇਸ ਸਾਂਝੇ ਰੋਸ ਪ੍ਰਦਰਸ਼ਨ ਵਿੱਚ ਸੱਥ, ਅੰਬੇਡਕਰ ਸਟੂਡੈਂਟਸ ਐਸੋਸੀਏਸ਼ਨ, ਸੀਵਾਈਐੱਸਐੱਸ, ਐੱਸਓਆਈ, ਐੱਨਐੱਸਯੂਆਈ, ਪੀਐੱਸਯੂ (ਲਲਕਾਰ), ਐੱਸਐੱਫਐੱਸ, ਯੂਐੱਸਓ, ਟੀਮ ਮੁਕੁਲ, ਆਈਐੱਸਓ, ਇਨਸੋ ਅਤੇ ਆਈਐੱਸਏ ਆਦਿ ਵਿਦਿਆਰਥੀ ਜਥੇਬੰਦੀਆਂ ਸ਼ਾਮਲ ਹੋਈਆਂ। ਰੋਸ ਪ੍ਰਦਰਸ਼ਨ ਨੂੰ ਸੰਬੋਧਨ ਕਰਦਿਆਂ ਵੱਖ-ਵੱਖ ਬੁਲਾਰਿਆਂ ਵਿੱਚ ਸੱਥ ਤੋਂ ਕਰਨਦੀਪ ਸਿੰਘ, ਐੱਨਐੱਸਯੂਆਈ ਤੋਂ ਪੂਨਮ, ਐੱਸਐੱਫਐੱਸ ਤੋਂ ਸੰਦੀਪ ਸਣੇ ਹੋਰਾਂ ਜਥੇਬੰਦੀਆਂ ਤੋਂ ਪ੍ਰਿੰਸ, ਮੁਕੁਲ ਸਿੰਘ ਚੌਹਾਨ, ਜੋਬਨ ਆਸ਼ੂ ਆਦਿ ਨੇ ਕਿਹਾ ਕਿ ਅਥਾਰਿਟੀ ਨੇ ਮਹਿੰਗਾਈ ਦੀ ਦੁਹਾਈ ਦੇ ਕੇ ਇਸ ਨਵੇਂ ਵਿਦਿਅਕ ਸੈਸ਼ਨ 2024-25 ਦੇ ਲਈ ਕੈਂਪਸ ਸਥਿਤ ਲੜਕੇ ਅਤੇ ਲੜਕੀਆਂ ਦੇ ਸਾਰੇ ਹੋਸਟਲਾਂ ਦੀਆਂ ਸਾਰੀਆਂ ਮੈੱਸਾਂ ਵਿੱਚ ਖਾਣੇ ਦੇ ਰੇਟ ਵਧਾ ਕੇ ਵਿਦਿਆਰਥੀਆਂ ਦੀਆਂ ਜੇਬਾਂ ਉਤੇ ਬੋਝ ਪਾ ਦਿੱਤਾ ਹੈ। ਉਨ੍ਹਾਂ ਕਿਹਾ ਕਿ 35 ਰੁਪਏ ਵਾਲਾ ਸਾਦਾ ਖਾਣਾ ਵਧਾ ਕੇ ਲੜਕਿਆਂ ਦੇ ਹੋਸਟਲਾਂ ਵਿੱਚ 46.25 ਰੁਪਏ ਅਤੇ ਲੜਕੀਆਂ ਦੇ ਹੋਸਟਲਾਂ ਵਿੱਚ 44.50 ਰੁਪਏ ਕਰ ਦਿੱਤਾ ਹੈ, ਜਦੋਂਕਿ ਸਪੈਸ਼ਲ ਡਾਈਟ ਦਾ ਰੇਟ 51 ਰੁਪਏ ਕਰ ਦਿੱਤਾ ਹੈ, ਜੋ ਕਿ ਸਿੱਧੇ ਰੂਪ ਵਿੱਚ ਵਿਦਿਆਰਥੀਆਂ ਦੀ ਲੁੱਟ ਹੈ। ਉਨ੍ਹਾਂ ਕਿਹਾ ਕਿ ਹਕੀਕਤ ਇਹ ਹੈ ਕਿ ਹੋਸਟਲਾਂ ਦੀਆਂ ਮੈੱਸਾਂ ਵਿੱਚ ਖਾਣੇ ਦੀ ਗੁਣਵੱਤਾ ਘਟਾਈ ਜਾ ਰਹੀ ਹੈ, ਜਦੋਂਕਿ ਰੇਟ ਵਧਾਏ ਜਾ ਰਹੇ ਹਨ। ਅਜਿਹਾ ਕਰ ਕੇ ਅਥਾਰਿਟੀ ਠੇਕੇਦਾਰਾਂ ਨੂੰ ਸਿੱਧਾ ਫਾਇਦਾ ਪਹੁੰਚਾ ਰਹੀ ਹੈ। ਵਿਦਿਆਰਥੀ ਆਗੂਆਂ ਨੇ ਕਿਹਾ ਕਿ ’ਵਰਸਿਟੀ ਦੀ ਅਥਾਰਿਟੀ ਹਰ ਸਾਲ ਫੀਸਾਂ ਦੇ ਰੇਟ ਅਤੇ ਖਾਣੇ ਦੇ ਰੇਟ ਵਧਾ ਕੇ ਗਰੀਬ ਅਤੇ ਮੱਧ ਵਰਗੀ ਪਰਿਵਾਰਾਂ ਦੇ ਬੱਚਿਆਂ ਨੂੰ ਪੜ੍ਹਾਈ ਤੋਂ ਵਾਂਝਾ ਕਰਨਾ ਚਾਹੁੰਦੀ ਹੈ, ਜਿਸ ਦਾ ਲਗਾਤਾਰ ਵਿਰੋਧ ਕੀਤਾ ਜਾਵੇਗਾ। ਉਨ੍ਹਾਂ ਮੰਗ ਕੀਤੀ ਕਿ ਅਥਾਰਿਟੀ ਸਰਕਾਰਾਂ ਤੋਂ ਫੰਡ ਲੈ ਕੇ ਪ੍ਰਬੰਧ ਚਲਾਵੇ ਅਤੇ ਰੇਟਾਂ/ਫੀਸਾਂ ਵਿੱਚ ਵਾਧੇ ਕਰ-ਕਰ ਕੇ ਵਿਦਿਆਰਥੀਆਂ ਦੇ ਸਬਰ ਦਾ ਇਮਤਿਹਾਨ ਨਾ ਲਵੇ।
ਡੀਐੱਸਡਬਲਿਯੂ ਨੇ ਸੱਦੀ ਵਿਦਿਆਰਥੀ ਜਥੇਬੰਦੀਆਂ ਦੀ ਮੀਟਿੰਗ ਡੀਐੱਸਡਬਲਿਯੂ (ਲੜਕੇ) ਅਮਿਤ ਚੌਹਾਨ ਨੇ ਵਾਈਸ ਚਾਂਸਲਰ ਦਫ਼ਤਰ ਦੇ ਬਾਹਰ ਪਹੁੰਚ ਕੇ ਰੋਸ ਪ੍ਰਦਰਸ਼ਨ ਵਾਲੀ ਥਾਂ ’ਤੇ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ ਅਤੇ ਕੱਲ੍ਹ 13 ਜੁਲਾਈ ਨੂੰ ਡੀਐੱਸਡਬਲਿਯੂ ਦਫ਼ਤਰ ਵਿੱਚ ਪ੍ਰਦਰਸ਼ਨਕਾਰੀ ਜਥੇਬੰਦੀਆਂ ਦੇ ਨੁਮਾਇੰਦਿਆਂ ਨੂੰ ਮੈੱਸਾਂ ਦੇ ਵਧੇ ਹੋਏ ਰੇਟਾਂ ਦੇ ਮੁੱਦੇ ਉੱਤੇ ਗੱਲਬਾਤ ਕਰਨ ਲਈ ਸੱਦਿਆ। ਇਸ ਉਪਰੰਤ ਰੋਸ ਪ੍ਰਦਰਸ਼ਨ ਸਮਾਪਤ ਕੀਤਾ ਗਿਆ ਅਤੇ ਚਿਤਾਵਨੀ ਦਿੱਤੀ ਗਈ ਜੇ ਵਿਦਿਆਰਥੀਆਂ ਦੀ ਸਹਿਮਤੀ ਤੋਂ ਉਲਟ ਹੋਇਆ ਤਾਂ ਸੰਘਰਸ਼ ਜਾਰੀ ਰਹੇਗਾ।

Advertisement

Advertisement
Advertisement