For the best experience, open
https://m.punjabitribuneonline.com
on your mobile browser.
Advertisement

ਪੀਯੂ ਵਿਦਿਆਰਥੀ ਕੌਂਸਲ ਚੋਣਾਂ: ਵੱਖ-ਵੱਖ ਜਥੇਬੰਦੀਆਂ ਨੇ ਉਮੀਦਵਾਰ ਐਲਾਨੇ

06:49 AM Aug 29, 2024 IST
ਪੀਯੂ ਵਿਦਿਆਰਥੀ ਕੌਂਸਲ ਚੋਣਾਂ  ਵੱਖ ਵੱਖ ਜਥੇਬੰਦੀਆਂ ਨੇ ਉਮੀਦਵਾਰ ਐਲਾਨੇ
ਡੀਨ ਵਿਦਿਆਰਥੀ ਭਲਾਈ ਦੇ ਦਫ਼ਤਰ ਦੇ ਬਾਹਰ ਉਮੀਦਵਾਰਾਂ ਦਾ ਐਲਾਨ ਕਰਦੇ ਹੋਏ ਏਐੱਸਐੱਫ ਦੇ ਆਗੂ।
Advertisement

ਕੁਲਦੀਪ ਸਿੰਘ
ਚੰਡੀਗੜ੍ਹ, 28 ਅਗਸਤ
ਪੰਜਾਬ ਯੂਨੀਵਰਸਿਟੀ ਕੈਂਪਸ ਵਿੱਚ 5 ਸਤੰਬਰ ਨੂੰ ਹੋਣ ਜਾ ਰਹੀਆਂ ਵਿਦਿਆਰਥੀ ਕੌਂਸਲ ਚੋਣਾਂ ਲਈ ਅੱਜ ਸਟੂਡੈਂਟਸ ਸੈਂਟਰ ਤੋਂ ਵੱਖ-ਵੱਖ ਵਿਦਿਆਰਥੀ ਜਥੇਬੰਦੀਆਂ ਵੱਲੋਂ ਆਪਣੇ ਉਮੀਦਵਾਰਾਂ ਦਾ ਐਲਾਨ ਕੀਤਾ ਗਿਆ ਤੇ ਚੋਣ ਜ਼ਾਬਤੇ/ਨਿਯਮਾਂ ਦੀਆਂ ਧੱਜੀਆਂ ਉਡਾਈਆਂ ਗਈਆਂ। ਜਥੇਬੰਦੀਆਂ ਨਾਲ ਸਬੰਧਤ ਵੱਡੀ ਗਿਣਤੀ ਵਿੱਚ ਵਿਦਿਆਰਥੀ ਸਟੂਡੈਂਟਸ ਸੈਂਟਰ ਵਿਖੇ ਇਕੱਠੇ ਹੁੰਦੇ ਰਹੇ ਅਤੇ ਆਪਣੇ ਐਲਾਨ ਕਰਨ ਉਪਰੰਤ ਮੈਦਾਨ ਦੂਜਿਆਂ ਲਈ ਖਾਲੀ ਹੁੰਦਾ ਰਿਹਾ। ਸਟੂਡੈਂਟਸ ਸੈਂਟਰ ਦੀ ਇਮਾਰਤ ’ਚ ਸਥਿਤ ਡੀਨ ਵਿਦਿਆਰਥੀ ਭਲਾਈ ਦੇ ਦਫ਼ਤਰ (ਡੀਐੱਸਡਬਲਿਯੂ) ਦਫ਼ਤਰ ਦੇ ਬਾਹਰ ਕਈ ਜਥੇਬੰਦੀਆਂ ਵੱਲੋਂ ਹੱਥ ਨਾਲ ਬਣਾਇਆ ਮੈਟੀਰੀਅਲ ਵਰਤਣ ਦੀ ਬਜਾਇ ਪ੍ਰਿੰਟਿਡ ਮੈਟੀਰੀਅਲ ਡੀਐੱਸਡਬਲਿਯੂ ਦਫ਼ਤਰ ਦੇ ਬਾਹਰ ਲਮਕਾ ਕੇ ਉਮੀਦਵਾਰ ਐਲਾਨੇ ਗਏ।

ਏਬੀਵੀਪੀ ਨੇ ਪ੍ਰਧਾਨਗੀ ਸਣੇ ਚਾਰ ਸੀਟਾਂ ਲਈ ਐਲਾਨੇ ਉਮੀਦਵਾਰ

ਏਬੀਵੀਪੀ ਵੱਲੋਂ ਅੱਜ ਸਟੂਡੈਂਟਸ ਸੈਂਟਰ ਵਿਖੇ ਇਕੱਠ ਕਰ ਕੇ ਕੌਂਸਲ ਚੋਣਾਂ ਲਈ ਪ੍ਰਧਾਨਗੀ ਸਣੇ ਚਾਰ ਉਮੀਦਵਾਰਾਂ ਦਾ ਐਲਾਨ ਕੀਤਾ ਗਿਆ। ਪਰਿਸ਼ਦ ਦੇ ਰਾਸ਼ਟਰੀ ਮੰਤਰੀ ਰਾਹੁਲ ਰਾਣਾ ਨੇ ਦੱਸਿਆ ਕਿ ਏਬੀਵੀਪੀ ਨੇ ਯੂਆਈਐੱਲਐੱਸ ਵਿਭਾਗ ਦੀ ਵਿਦਿਆਰਥਣ ਅਰਪਿਤਾ ਮਲਿਕ ਨੂੰ ਪ੍ਰਧਾਨਗੀ ਦੀ ਉਮੀਦਵਾਰ ਵਜੋਂ ਚੋਣ ਮੈਦਾਨ ਵਿੱਚ ਉਤਾਰਿਆ ਹੈ। ਵਾਈਸ ਪ੍ਰਧਾਨ ਲਈ ਅਭਿਸ਼ੇਕ ਕਪੂਰ, ਜੁਆਇੰਟ ਸਕੱਤਰ ਲਈ ਜਸਵਿੰਦਰ ਸਿੰਘ ਰਾਣਾ ਅਤੇ ਜਨਰਲ ਸਕੱਤਰ ਲਈ ਯੂਆਈਈਟੀ ਤੋਂ ਅਰਵ ਕੁਮਾਰ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਹੈ।

Advertisement

ਰਾਜੀਵ ਗਾਂਧੀ ਕਾਂਗਰਸ ਭਵਨ ਵਿੱਚ ਉਮੀਦਵਾਰ ਐਲਾਨਣ ਮੌਕੇ ਪਿਆ ਕਲੇਸ਼

ਕਾਂਗਰਸ ਪਾਰਟੀ ਦੇ ਵਿਦਿਆਰਥੀ ਵਿੰਗ ਐੱਨਐੱਸਯੂਆਈ ਵੱਲੋਂ ਅੱਜ ਉਮੀਦਵਾਰਾਂ ਦਾ ਐਲਾਨ ਕਰਨ ਮੌਕੇ ਕਲੇਸ਼ ਪੈ ਗਿਆ। ਉਮੀਦਵਾਰ ਐਲਾਨਣ ਲਈ ਸੈਕਟਰ-35 ਸਥਿਤ ਰਾਜੀਵ ਗਾਂਧੀ ਕਾਂਗਰਸ ਭਵਨ ਵਿੱਚ ਪ੍ਰਦੇਸ਼ ਕਾਂਗਰਸ ਪ੍ਰਧਾਨ ਐੱਚਐੱਸ ਲੱਕੀ ਦੀ ਅਗਵਾਈ ਹੇਠ ਪ੍ਰੋਗਰਾਮ ਰੱਖਿਆ ਗਿਆ ਸੀ। ਸ੍ਰੀ ਲੱਕੀ ਵੱਲੋਂ ਜਿਉਂ ਹੀ ਮੰਚ ’ਤੇ ਆਪਣੇ ਨਾਲ ਬੈਠੇ ਐੱਨਐੱਸਯੂਆਈ ਚੇਅਰਮੈਨ ਸਿਕੰਦਰ ਬੂਰਾ ਨੂੰ ਉਮੀਦਵਾਰਾਂ ਦਾ ਐਲਾਨ ਕਰਨ ਲਈ ਕਿਹਾ ਗਿਆ ਤਾਂ ਪਹਿਲਾਂ ਤੋਂ ਗੁੱਸੇ ਨਾਲ ਭਰੇ ਪੀਤੇ ‘ਬੂਰਾ’ ਨੇ ਉਮੀਦਵਾਰ ਐਲਾਨਣ ਤੋਂ ਇਨਕਾਰ ਕਰ ਦਿੱਤਾ ਤੇ ਖੜ੍ਹੇ ਹੋ ਕੇ ਪਾਰਟੀ ਤੋਂ ਅਸਤੀਫ਼ਾ ਦੇਣ ਦਾ ਐਲਾਨ ਕਰ ਦਿੱਤਾ। ਉਨ੍ਹਾਂ ਕਿਹਾ ਕਿ ਉਹ ਕੌਂਸਲ ਚੋਣਾਂ ਦਾ ਉਮੀਦਵਾਰ ਐਲਾਨਣ ਲਈ ਦਿੱਲੀ ਤੋਂ ਆਏ ਤੁਗਲਕੀ ਫੁਰਮਾਨ ਨਾਲ ਸਹਿਮਤ ਨਹੀਂ ਹਨ। ਇਸ ਉਪਰੰਤ ਬੂਰਾ ਉਥੋਂ ਉੱਠ ਕੇ ਚਲੇ ਗਏ। ਐੱਨਐੱਸਯੂਆਈ ਵੱਲੋਂ ਰਾਹੁਲ ਨੈਨ ਨੂੰ ਪ੍ਰਧਾਨਗੀ ਦੇ ਉਮੀਦਵਾਰ ਵਜੋਂ ਐਲਾਨਿਆ ਗਿਆ ਜਦੋਂਕਿ ਅਰਚਿਤ ਗਰਗ ਨੂੰ ਵਾਈਸ ਪ੍ਰਧਾਨ ਦਾ ਉਮੀਦਵਾਰ ਬਣਾਇਆ ਗਿਆ ਹੈ।

ਸੀਵਾਈਐੱਸਐੱਸ ਨੇ ਪ੍ਰਿੰਸ ਚੌਧਰੀ ਨੂੰ ਪ੍ਰਧਾਨਗੀ ਦਾ ਉਮੀਦਵਾਰ ਐਲਾਨਿਆ

‘ਆਪ’ ਦੇ ਵਿਦਿਆਰਥੀ ਵਿੰਗ ਸੀਵਾਈਐੱਸਐੱਸ ਨੇ ਪ੍ਰਿੰਸ ਚੌਧਰੀ ਨੂੰ ਪ੍ਰਧਾਨਗੀ ਅਹੁਦੇ ਦਾ ਉਮੀਦਵਾਰ ਐਲਾਨ ਦਿੱਤਾ ਹੈ। ਚੰਡੀਗੜ੍ਹ ਸਥਿਤ ਪਾਰਟੀ ਦਫ਼ਤਰ ਵਿੱਚ ਪ੍ਰੈੱਸ ਕਾਨਫਰੰਸ ਦੌਰਾਨ ‘ਆਪ’ ਦੇ ਯੂਥ ਆਗੂ ਤੇ ਪੰਜਾਬ ਯੂਥ ਵਿਕਾਸ ਬੋਰਡ ਦੇ ਚੇਅਰਮੈਨ ਪਰਮਿੰਦਰ ਸਿੰਘ ਗੋਲਡੀ ਨੇ ਦੱਸਿਆ ਕਿ 2022 ਵਿੱਚ ‘ਆਪ’ ਨੇ ਪਹਿਲੀ ਵਾਰ ਪੀਯੂ ਵਿਦਿਆਰਥੀ ਚੋਣਾਂ ਲੜੀਆਂ ਅਤੇ ਜਿੱਤ ਹਾਸਲ ਕੀਤੀ। ਜਥੇਬੰਦੀ ਨੇ ਆਪਣੇ ਪਿਛਲੇ ਕਾਰਜਕਾਲ ਦੌਰਾਨ ਵਿਦਿਆਰਥੀਆਂ ਅਤੇ ਯੂਨੀਵਰਸਿਟੀ ਦੀ ਭਲਾਈ ਲਈ ਤਨਦੇਹੀ ਨਾਲ ਕੰਮ ਕੀਤਾ ਹੈ। ਸੀਵਾਈਐੱਸਐੱਸ ਇੰਚਾਰਜ ਮਨਜਿੰਦਰ ਲਾਲਪੁਰਾ ਨੇ ਪ੍ਰਧਾਨਗੀ ਉਮੀਦਵਾਰ ਵਜੋਂ ਪ੍ਰਿੰਸ ਚੌਧਰੀ ਦੇ ਨਾਂ ਦਾ ਐਲਾਨ ਕੀਤਾ। ਸ੍ਰੀ ਲਾਲਪੁਰਾ ਨੇ ਭਰੋਸਾ ਪ੍ਰਗਟਾਇਆ ਕਿ ਪਾਰਟੀ ਆਉਣ ਵਾਲੀਆਂ ਚੋਣਾਂ ਵਿੱਚ ਵੱਡੀ ਜਿੱਤ ਹਾਸਲ ਕਰੇਗੀ।

ਏਐੱਸਐੱਫ ਨੇ ਉਮੀਦਵਾਰ ਐਲਾਨਿਆ

ਪੰਜਾਬ ਯੂਨੀਵਰਸਿਟੀ ਸਟੂਡੈਂਟਸ ਕੌਂਸਲ ਦੀਆਂ ਚੋਣਾਂ ਲਈ ਪਹਿਲੀ ਵਾਰ ਚੋਣ ਮੈਦਾਨ ਵਿੱਚ ਨਿੱਤਰੀ ਵਿਦਿਆਰਥੀ ਜਥੇਬੰਦੀ ਅੰਬੇਡਕਰ ਸਟੂਡੈਂਟਸ ਫੋਰਮ (ਏਐੱਸਐੱਫ) ਨੇ ਵੀ ਅੱਜ ਆਪਣੇ ਉਮੀਦਵਾਰ ਦਾ ਐਲਾਨ ਕਰ ਦਿੱਤਾ। ਫੋਰਮ ਦੇ ਸੀਨੀਅਰ ਆਗੂ ਗੁਰਦੀਪ ਸਿੰਘ ਨੇ ਐਲਾਨ ਕੀਤਾ ਕਿ ਬੀਐੱਡ ਦੀ ਵਿਦਿਆਰਥਣ ਅਲਕਾ ਨੂੰ ਪ੍ਰਧਾਨਗੀ ਦੀ ਉਮੀਦਵਾਰ ਬਣਾਇਆ ਗਿਆ ਹੈ। ਐੱਸਐੱਫਐੱਸ ਨੇ ਛੱਡਿਆ ਚੋਣ ਮੈਦਾਨ ਸਾਲ-2018 ਵਿੱਚ ਹੋਈਆਂ ਪੰਜਾਬ ਯੂਨੀਵਰਸਿਟੀ ਵਿਦਿਆਰਥੀ ਕੌਂਸਲ ਚੋਣਾਂ ਵਿੱਚ ਕਨੂਪ੍ਰਿਯਾ ਨੂੰ ਪਹਿਲੀ ਮਹਿਲਾ ਪ੍ਰਧਾਨ ਬਣਾ ਕੇ ਇਤਿਹਾਸ ਰਚਣ ਵਾਲੀ ਵਿਦਿਆਰਥੀ ਜਥੇਬੰਦੀ ਐੱਸਐੱਫਐੱਸ ਨੇ ਇਸ ਵਾਰ ਚੋਣ ਮੈਦਾਨ ਖਾਲੀ ਛੱਡ ਦਿੱਤਾ ਹੈ। ਕੈਂਪਸ ਪ੍ਰਧਾਨ ਸੰਦੀਪ ਨੇ ਦੱਸਿਆ ਕਿ ਉਨ੍ਹਾਂ ਦੀ ਜਥੇਬੰਦੀ ਇਸ ਵਾਰ ਚੋਣ ਨਹੀਂ ਲੜ ਰਹੀ ਹੈ। ਉਹ ਕਿਸੇ ਵੀ ਪਾਰਟੀ ਨੂੰ ਸਮਰਥਨ ਵੀ ਨਹੀਂ ਦੇ ਰਹੇ ਹਨ ਤੇ ਵਿਦਿਆਰਥੀਆਂ ਨੂੰ ਆਪਣੀ ਮਰਜ਼ੀ ਮੁਤਾਬਕ ਵੋਟ ਦੇਣ ਲਈ ਕਿਹਾ ਜਾ ਰਿਹਾ ਹੈ।

Advertisement
Author Image

Advertisement