ਪੀਯੂ ਵਿਦਿਆਰਥੀ ਕੌਂਸਲ ਚੋਣਾਂ ਸਬੰਧੀ ਚੋਣ ਪ੍ਰਚਾਰ ਖ਼ਤਮ
ਕੁਲਦੀਪ ਸਿੰਘ
ਚੰਡੀਗੜ੍ਹ, 3 ਸਤੰਬਰ
ਪੰਜਾਬ ਯੂਨੀਵਰਸਿਟੀ ਕੈਂਪਸ ਵਿੱਚ ਪੰਜ ਸਤੰਬਰ ਨੂੰ ਹੋਣ ਜਾ ਰਹੀਆਂ ਵਿਦਿਆਰਥੀ ਕੌਂਸਲ ਚੋਣਾਂ ਸਬੰਧੀ ਪਿਛਲੇ ਕਈ ਦਿਨਾਂ ਤੋਂ ਵੱਖ-ਵੱਖ ਵਿਦਿਆਰਥੀ ਜਥੇਬੰਦੀਆਂ ਵੱਲੋਂ ਕੀਤਾ ਜਾ ਰਿਹਾ ਚੋਣ ਪ੍ਰਚਾਰ ਅੱਜ ਸਮਾਪਤ ਹੋ ਗਿਆ। ਉਮੀਦਵਾਰਾਂ ਵੱਲੋਂ ਕਲਾਸਰੂਮਾਂ ਵਿੱਚ ਜਾ-ਜਾ ਕੇ ਚੋਣ ਪ੍ਰਚਾਰ ਕੀਤਾ ਗਿਆ ਅਤੇ ਵਿਦਿਆਰਥੀਆਂ ਤੋਂ ਆਪੋ-ਆਪਣੇ ਕੰਮਾਂ ਦੇ ਆਧਾਰ ਉੱਤੇ ਜਾਂ ਫਿਰ ਨਵੇਂ ਉਮੀਦਵਾਰਾਂ ਵੱਲੋਂ ਆਪਣੇ ਚੋਣ ਮੈਨੀਫੈਸਟੋ ਦੇ ਆਧਾਰ ’ਤੇ ਵੋਟਾਂ ਦੀ ਮੰਗ ਕੀਤੀ ਗਈ।
ਦੱਸਣਯੋਗ ਹੈ ਕਿ ਵਿਦਿਆਰਥੀ ਕੌਂਸਲ ਚੋਣਾਂ ਲਈ ਇਸ ਵਾਰ ਪ੍ਰਧਾਨਗੀ ਦੇ ਅਹੁਦੇ ਲਈ ਕੁੱਲ ਨੌਂ ਉਮੀਦਵਾਰ ਚੋਣ ਮੈਦਾਨ ਵਿੱਚ ਰਹਿ ਗਏ ਹਨ ਜਿਨ੍ਹਾਂ ਵਿੱਚ ਪ੍ਰਧਾਨਗੀ ਲਈ ਅੰਬੇਡਕਰ ਸਟੂਡੈਂਟਸ ਫੋਰਮ ਤੋਂ ਅਲਕਾ, ਏਬੀਵੀਪੀ ਤੋਂ ਅਰਪਿਤਾ ਮਲਿਕ, ਪੀਐੱਸਯੂ ਲਲਕਾਰ ਤੋਂ ਸਾਰਾਹ ਸ਼ਰਮਾ, ਸੀਵਾਈਐੱਸਐੱਸ ਤੋਂ ਪ੍ਰਿੰਸ ਚੌਧਰੀ, ਆਜ਼ਾਦ ਉਮੀਦਵਾਰ ਅਨੁਰਾਗ ਦਲਾਲ, ਐੱਨਐੱਸਯੂਆਈ ਤੋਂ ਰਾਹੁਲ ਨੈਨ ਸਣੇ ਮਨਦੀਪ ਸਿੰਘ, ਤਰੁਣ ਸਿੱਧੂ, ਮੁਕੁਲ ਚੋਣ ਮੈਦਾਨ ਵਿੱਚ ਹਨ।
ਇਸ ਤੋਂ ਇਲਾਵਾ ਮੀਤ ਪ੍ਰਧਾਨ ਦੇ ਅਹੁਦੇ ਲਈ ਅਭਿਸ਼ੇਕ ਕਪੂਰ, ਅਰਚਿਤ ਗਰਗ, ਕਰਨਦੀਪ ਸਿੰਘ, ਕਰਨਵੀਰ ਕੁਮਾਰ, ਸ਼ਿਵਾਨੀ ਚੋਣ ਮੈਦਾਨ ਵਿੱਚ ਹਨ। ਸਕੱਤਰ ਦੇ ਅਹੁਦੇ ਲਈ ਜਸ਼ਨਪ੍ਰੀਤ ਸਿੰਘ, ਪਾਰਸ ਪ੍ਰਾਸ਼ਰ, ਸ਼ਿਵਨੰਦਨ ਰਿਖੀ, ਵਿਨੀਤ ਯਾਦਵ, ਜੁਆਇੰਟ ਸਕੱਤਰ ਦੇ ਅਹੁਦੇ ਲਈ ਅਮਿਤ ਬੰਗਾ, ਜਸਵਿੰਦਰ ਰਾਣਾ, ਰੋਹਿਤ ਸ਼ਰਮਾ, ਸ਼ੁਭਮ, ਤੇਜੱਸਵੀ, ਯਸ਼ ਕਪਾਸੀਆ ਚੋਣ ਮੈਦਾਨ ਵਿੱਚ ਹਨ।
ਪੁਲੀਸ ਤੇ ਪੀਯੂ ਦੀ ਸਕਿਓਰਿਟੀ ਵੱਲੋਂ ਸਾਰੇ ਗੇਟਾਂ ’ਤੇ ਚੈਕਿੰਗ ਅਭਿਆਨ ਲਗਾਤਾਰ ਜਾਰੀ ਹੈ ਤੇ ਬਾਹਰੀ ਵਿਅਕਤੀਆਂ ਦਾ ਦਾਖ਼ਲਾ ਰੋਕਿਆ ਜਾ ਰਿਹਾ ਹੈ। ਸਖ਼ਤੀ ਦੇ ਚੱਲਦਿਆਂ ਇਸ ਵਾਰ ਪ੍ਰਿੰਟਡ ਚੋਣ ਪ੍ਰਚਾਰ ਸਮੱਗਰੀ ਵੀ ਕਾਫ਼ੀ ਘੱਟ ਹੀ ਦੇਖਣ ਨੂੰ ਮਿਲ ਰਹੀ ਹੈ ਤੇ ਸਿਆਸੀ ਪਾਰਟੀਆਂ ਦੇ ਆਗੂ ਵੀ ਕੈਂਪਸ ਵਿੱਚ ਦਿਖਾਈ ਨਹੀਂ ਦੇ ਰਹੇ ਹਨ।
ਵਿਦਿਆਰਥੀ ਆਗੂਆਂ ਨੇ ਕਾਲਜਾਂ ’ਚ ਚੋਣ ਪ੍ਰਚਾਰ ਭਖਾਇਆ
ਚੰਡੀਗੜ੍ਹ (ਸੁਖਵਿੰਦਰ ਪਾਲ ਸੋਢੀ): ਪੰਜਾਬ ਯੂਨੀਵਰਸਿਟੀ ਨਾਲ ਸਬੰਧਤ ਵਿਦਿਆਰਥੀ ਚੋਣਾਂ ਦੇ ਮੱਦੇਨਜ਼ਰ ਅੱਜ ਕਾਲਜਾਂ ਵਿੱਚ ਵਿਦਿਆਰਥੀਆਂ ਨੇ ਚੋਣ ਮੁਹਿੰਮ ਭਖਾਈ। ਪੰਜਾਬ ਯੂਨੀਵਰਸਿਟੀ ਦੀਆਂ ਵਿਦਿਆਰਥੀ ਚੋਣਾਂ ’ਚ ਸਿਰਫ਼ ਦੋ ਦਿਨ ਰਹਿ ਗਏ ਹਨ ਤੇ ਕਾਲਜਾਂ ਵਿਚ ਅੱਜ ਵਿਦਿਆਰਥੀਆਂ ਨੇ ਹੋਰ ਵਿਦਿਆਰਥੀਆਂ ਨੂੰ ਨਾਲ ਜੋੜਨ ਲਈ ਪੂਰੀ ਵਾਹ ਲਾ ਦਿੱਤੀ। ਇਸ ਮੌਕੇ ਜ਼ਿਆਦਾਤਰ ਵਿਦਿਆਰਥੀ ਆਗੂਆਂ ਨੇ ਗਰੁੱਪਾਂ ਵਿੱਚ ਜਾ ਕੇ ਪ੍ਰਚਾਰ ਕੀਤਾ ਤੇ ਆਪਣੀ ਪਾਰਟੀ ਦੀਆਂ ਨੀਤੀਆਂ ਤੇ ਏਜੰਡੇ ਬਾਰੇ ਜਾਣੂ ਕਰਵਾਇਆ। ਡੀਏਵੀ ਕਾਲਜ ਵਿਚ ਅੱਜ ਪੁਲੀਸ ਤੇ ਸੁਰੱਖਿਆ ਬਲਾਂ ਦੀ ਸਖ਼ਤੀ ਦੇਖਣ ਨੂੰ ਮਿਲੀ ਤੇ ਇਸ ਕਾਲਜ ਵਿਚ ਬਿਨਾਂ ਆਈ ਕਾਰਡ ਕਿਸੇ ਨੂੰ ਵੀ ਦਾਖ਼ਲ ਨਹੀਂ ਹੋਣ ਦਿੱਤਾ ਗਿਆ। ਦੂਜੇ ਪਾਸੇ, ਪੋਸਟ ਗ੍ਰੈਜੂਏਟ ਸਰਕਾਰੀ ਕਾਲਜ ਸੈਕਟਰ-46 ਦੇ ਅਧਿਆਪਕਾਂ ਨੇ ਵਿਦਿਆਰਥੀਆਂ ਨੂੰ ਪ੍ਰਚਾਰ ਕਰਨ ਦਾ ਨਿਵੇਕਲੇ ਢੰਗ ਨਾਲ ਮੌਕਾ ਦਿੱਤਾ। ਡੀਏਵੀ ਕਾਲਜ ਸੈਕਟਰ-10 ਵਿੱਚ ਅੱਜ ਪੁਲੀਸ ਤੇ ਡੀਏਵੀ ਕਾਲਜ ਦੇ ਸੁਰੱਖਿਆ ਕਰਮੀਆਂ ਨੇ ਸਖ਼ਤੀ ਕੀਤੀ। ਇਸ ਦੌਰਾਨ ਕਿਸੇ ਵੀ ਬਾਹਰੀ ਵਿਦਿਆਰਥੀ ਨੂੰ ਕਾਲਜ ਵਿੱਚ ਦਾਖ਼ਲ ਨਹੀਂ ਹੋਣ ਦਿੱਤਾ ਗਿਆ। ਇਸ ਤੋਂ ਇਲਾਵਾ ਕਾਲਜ ਦੇ ਲਈਅਰ ਵੈਲੀ ਵਾਲੇ ਪਾਸੇ ਦਾਖ਼ਲੇ ’ਤੇ ਹੀ ਪੁਲੀਸ ਨੇ ਬੈਰੀਕੇਡਿੰਗ ਕੀਤੀ ਹੋਈ ਸੀ ਤੇ ਉਹ ਵਿਦਿਆਰਥੀਆਂ ਦੇ ਆਈ ਕਾਰਡ ਦੇਖ ਕੇ ਹੀ ਅੱਗੇ ਜਾਣ ਦੇ ਰਹੇ ਸਨ। ਇਸ ਕਾਲਜ ਦੇ ਵਿਦਿਆਰਥੀਆਂ ਨੇ ਦੱਸਿਆ ਕਿ ਕਾਲਜ ਦੇ ਹੀ ਕਈ ਵਿਦਿਆਰਥੀ ਆਈ ਕਾਰਡ ਲਿਆਉਣਾ ਭੁੱਲ ਗਏ ਸਨ, ਉਨ੍ਹਾਂ ਨੂੰ ਕਾਲਜ ਵਿੱਚ ਦਾਖ਼ਲ ਨਹੀਂ ਹੋਣ ਦਿੱਤਾ ਗਿਆ। ਇਸ ਕਾਲਜ ਵਿੱਚ ਅੱਜ ਹਿੰਦੋਸਤਾਨ ਸਟੂਡੈਂਟਸ ਐਸੋਸੀਏਸ਼ਨ ਐੱਚਐੱਸਏ ਤੇ ਹਿਮਾਚਲ ਪ੍ਰਦੇਸ਼ ਸਟੂਡੈਂਟਸ ਐਸੋਸੀਏਸ਼ਨ ਐੱਚਪੀਐੱਸਏ ਵੱਲੋਂ ਪ੍ਰਚਾਰ ਕੀਤਾ ਗਿਆ। ਪਾਰਟੀ ਉਮੀਦਵਾਰ ਲਵਿਸ਼ ਨੇ ਦੱਸਿਆ ਕਿ ਉਹ ਵਿਦਿਆਰਥੀਆਂ ਦੀਆਂ ਦਿਕਤਾਂ ਪਹਿਲਾਂ ਦੀ ਤਰ੍ਹਾਂ ਹੱਲ ਕਰਦੇ ਰਹਿਣਗੇ।
ਇਸੇ ਦੌਰਾਨ ਪੋਸਟ ਗ੍ਰੈਜੂਏਟ ਸਰਕਾਰੀ ਕਾਲਜ ਸੈਕਟਰ-46 ਵਿੱਚ ਅੱਜ ਕਾਲਜ ਨੇ ਵਿਦਿਆਰਥੀ ਆਗੂਆਂ ਦਾ ਹੋਰ ਵਿਦਿਆਰਥੀਆਂ ਨਾਲ ਰੂ-ਬ-ਰੂ ਕਰਵਾ ਕੇ ਪਹਿਲਕਦਮੀ ਕੀਤੀ ਗਈ ਹੈ। ਕਾਲਜ ਪ੍ਰਿੰਸੀਪਲ ਤੇ ਹੋਰ ਸਟਾਫ ਨੇ ਇਸ ਸਬੰਧੀ ਬੀਤੇ ਦਿਨ ਵਿਦਿਆਰਥੀ ਆਗੂਆਂ ਨਾਲ ਮੀਟਿੰਗ ਕੀਤੀ ਸੀ ਤੇ ਅੱਜ ਕਾਲਜ ਵਿੱਚ ਚੋਣ ਲੜ ਰਹੇ ਹਰ ਉਮੀਦਵਾਰ ਨੂੰ ਬੋਲਣ ਦਾ ਸਮਾਂ ਦਿੱਤਾ ਗਿਆ। ਇਸ ਕਾਲਜ ਦੇ ਅਧਿਆਪਕ ਰਾਜਿੰਦਰ ਕੌੜਾ ਨੇ ਦੱਸਿਆ ਕਿ ਉਨ੍ਹਾਂ ਹਦਾਇਤ ਕੀਤੀ ਸੀ ਕਿ ਕੋਈ ਵੀ ਉਮੀਦਵਾਰ ਪਾਰਟੀ ਦੀ ਥਾਂ ਆਪਣੇ ਵਿਚਾਰਾਂ ਬਾਰੇ ਹੋਰਾਂ ਨੂੰ ਜਾਣੂ ਕਰਵਾਏਗਾ।
ਡੀਏਵੀ ਕਾਲਜ ਦੇ ਵਿਦਿਆਰਥੀਆਂ ਨੇ ਡਿਸਕੋ ਘਰ ਬੁੱਕ ਕਰਵਾਏ
ਡੀਏਵੀ ਕਾਲਜ ਦੇ ਵਿਦਿਆਰਥੀਆਂ ਨੇ ਅੱਜ ਸੈਕਟਰ-26 ਵਿੱਚ ਤਿੰਨ ਡਿਸਕੋ ਘਰ ਬੁੱਕ ਕਰਵਾਏ ਜਿਨ੍ਹਾਂ ਵਿਚ ਵੱਡੀ ਗਿਣਤੀ ਵਿਦਿਆਰਥੀਆਂ ਨੇ ਪੁੱਜ ਕੇ ਦਾਰੂ ਪਾਣੀ ਦਾ ਆਨੰਦ ਮਾਣਿਆ ਤੇ ਮੁਰਗੇ ਛਕੇ। ਪਾਰਟੀ ਕਰਵਾਉਣ ਵਾਲੇ ਆਗੂਆਂ ਨੇ ਇਸ ਮੌਕੇ ਡਾਂਸ ਪਾਰਟੀਆਂ ਦੀਆਂ ਤਸਵੀਰਾਂ ਦੀ ਆਪਣੇ ਸੋਸ਼ਲ ਮੀਡੀਆ ਖਾਤੇ ’ਤੇ ਸਾਂਝੀਆਂ ਕੀਤੀਆਂ। ਇਹ ਪਾਰਟੀਆਂ ਸੈਕਟਰ-26 ਦੇ ਕਲਚਰ ਤੇ ਤਲਾਤੁਮ ਡਿਸਕੋ ਘਰ ਵਿਚ ਕਰਵਾਈਆਂ ਗਈਆਂ।