ਪੀਯੂ: ਫੀਸ ਵਸੂਲੀ ਸਬੰਧੀ ਮੀਟਿੰਗ ਬੇਸਿੱਟਾ
ਕੁਲਦੀਪ ਸਿੰਘ
ਚੰਡੀਗੜ੍ਹ, 20 ਅਗਸਤ
ਪੰਜਾਬ ਯੂਨੀਵਰਸਿਟੀ ਵਿਚ ਸਮੈਸਟਰ ਫੀਸਾਂ ਸਬੰਧੀ ਮੈਨੇਜਮੈਂਟ ਦਾ ਵਿਦਿਆਰਥੀਆਂ ਨਾਲ ਚੱਲ ਰਿਹਾ ਵਿਵਾਦ ਖ਼ਤਮ ਹੋਣ ਦਾ ਨਾਂ ਨਹੀਂ ਲੈ ਰਿਹਾ ਹੈ। ਅੱਜ ਭਾਵੇਂ ਫੀਸਾਂ ਦੇ ਮੁੱਦੇ ਨੂੰ ਲੈ ਡੀਨ ਵਿਦਿਆਰਥੀ ਭਲਾਈ ਅਤੇ ਹੋਰ ਅਧਿਕਾਰੀਆਂ ਵੱਲੋਂ ਵਿਦਿਆਰਥੀ ਜਥੇਬੰਦੀਆਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਕੀਤੀ ਗਈ ਪਰ ਇਹ ਮੀਟਿੰਗ ਉਸ ਸਮੇਂ ਬੇਸਿੱਟਾ ਰਹੀ ਜਦੋਂ ਅਧਿਕਾਰੀਆਂ ਨੇ ਕਿਹਾ ਕਿ ਸਾਰੇ ਵਿਦਿਆਰਥੀਆਂ ਦੀ ਫ਼ੀਸ ਮੁਆਫ਼ ਕਰਨ ਦੀ ਬਜਾਏ ਸਿਰਫ਼ ਆਰਥਿਕ ਤੌਰ ’ਤੇ ਕਮਜ਼ੋਰ ਵਿਦਿਆਰਥੀਆਂ ਦੀ ਹੀ ਫੀਸ ਮੁਆਫ਼ ਕੀਤੀ ਜਾਵੇਗੀ। ਵਿਦਿਆਰਥੀਆਂ ਨੂੰ ਅਧਿਕਾਰੀਆਂ ਦੀ ਇਹ ਗੱਲ ਮਨਜ਼ੂਰ ਨਹੀਂ ਹੋਈ।
ਦੂਜੇ ਪਾਸੇ ਵਿਦਿਆਰਥੀ ਜਥੇਬੰਦੀਆਂ ਨੇ ਕਿਹਾ ਕਿ ਉਹ ਪੀਯੂ ਵੱਲੋਂ ਕਿਸ਼ਤਾਂ ਵਿੱਚ ਸਮੈਸਟਰ ਫੀਸਾਂ ਭਰਵਾਉਣ ਦੀ ਪ੍ਰਪੋਜ਼ਲ ਨੂੰ ਵੀ ਮੁੱਢੋਂ ਰੱਦ ਕਰਦੇ ਹਨ। ਉਨ੍ਹਾਂ ਕਿਹਾ ਕਿ ਕਰੋਨਾ ਦੌਰ ਵਿੱਚ ਜੇਕਰ ਪੰਜਾਬ ਯੂਨੀਵਰਸਿਟੀ ਘਾਟੇ ਵਿੱਚ ਚੱਲ ਰਹੀ ਹੈ ਤਾਂ ਉਹ ਕੇਂਦਰ ਸਰਕਾਰ ਤੋਂ ਫੰਡਾਂ ਦੀ ਮੰਗ ਕਰੇ। ਵਿਦਿਆਰਥੀ ਆਗੂਆਂ ਅੰਕੁਰ, ਗੁਰਦੀਪ ਸਿੰਘ ਤੇ ਹੋਰਨਾਂ ਨੇ ਐਲਾਨ ਕੀਤਾ ਕਿ ਫੀਸਾਂ ਦੇ ਮਾਮਲੇ ਨੂੰ ਲੈ ਕੇ 25 ਅਗਸਤ ਨੂੰ ਸਵੇਰੇ 11 ਵਜੇ ਪੀਯੂ ਦੇ ਪ੍ਰਬੰਧਕੀ ਬਲਾਕ ਅੱਗੇ ਰੋਸ ਪ੍ਰਦਸ਼ਨ ਕੀਤਾ ਜਾਵੇਗਾ।
ਐੱਨਐੱਸਯੂਆਈ ਦੀ ਭੁੱਖ ਹੜਤਾਲ ਜਾਰੀ
ਫੀਸਾਂ ਮੁਆਫ਼ ਕਰਵਾਉਣ ਦੀ ਮੰਗ ਨੂੰ ਲੈ ਕੇ ਵਿਦਿਆਰਥੀ ਜਥੇਬੰਦੀ ਐੱਨ.ਐੱਸ.ਯੂ.ਆਈ. ਵੱਲੋਂ ਉਪ-ਕੁਲਪਤੀ ਦਫ਼ਤਰ ਅੱਗੇ ਸ਼ੁਰੂ ਕੀਤੀ ਗਈ ਲੜੀਵਾਰ ਭੁੱਖ ਹੜਤਾਲ ਅੱਜ ਛੇਵੇਂ ਦਿਨ ਵੀ ਜਾਰੀ ਰਹੀ। ਜਥੇਬੰਦੀ ਦੇ ਚੰਡੀਗੜ੍ਹ ਸੂਬਾ ਪ੍ਰਧਾਨ ਰੌਬੀ ਸਿੱਧੂ, ਪੁਲੀਸ ਐਡਮਿਨਿਸਟ੍ਰੇਸ਼ਨ ਤੋਂ ਅਨਮੋਲ ਵੜਿੰਗ ਭੁੱਖ ਹੜਤਾਲ ’ਤੇ ਬੈਠੇ ਤੇ ਸੰਘਰਸ਼ ਜਾਰੀ ਰੱਖਣ ਦਾ ਐਲਾਨ ਕੀਤਾ।