ਪੀਯੂ: ‘ਜਿਨਸੀ ਅਪਰਾਧ ਤੇ ਅਪਰਾਧਿਕ ਕਾਨੂੰਨ’ ਵਿਸ਼ੇ ’ਤੇ ਕਾਨਫ਼ਰੰਸ
ਪੱਤਰ ਪ੍ਰੇਰਕ
ਚੰਡੀਗੜ੍ਹ, 18 ਅਕਤੂਬਰ
ਪੰਜਾਬ ਯੂਨੀਵਰਸਿਟੀ ਦੇ ਲਾਅ ਵਿਭਾਗ ਵਿੱਚ ਪ੍ਰੋ. ਅਨਿਲ ਕੁਮਾਰ ਠਾਕੁਰ ਡਿਬੇਟਿੰਗ ਸੁਸਾਇਟੀ ਵੱਲੋਂ ਚੌਥੀ ਕਾਨਫਰੰਸ ਕਰਵਾਈ ਗਈ ਜਿਸ ਵਿੱਚ 90 ਤੋਂ ਵੱਧ ਡੈਲੀਗੇਟਾਂ ਨੇ ਭਾਗ ਲਿਆ। ਸਮਾਗਮ ਦੇ ਸਮਾਪਤੀ ਸੈਸ਼ਨ ਵਿੱਚ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਜਸਟਿਸ ਦੀਪਕ ਗੁਪਤਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।
ਫੈਕਲਟੀ ਕੋਆਰਡੀਨੇਟਰ ਪ੍ਰੋ. (ਡਾ.) ਸੁਪਿੰਦਰ ਕੌਰ ਅਤੇ ਡਾ. ਮਨੀਸ਼ਾ ਗਰਗ ਦੀ ਅਗਵਾਈ ਹੇਠ ‘‘ਜਿਨਸੀ ਅਪਰਾਧ ਅਤੇ ਅਪਰਾਧਿਕ ਕਾਨੂੰਨ : ਕੀ ਸਾਨੂੰ ਸਮਾਜਿਕ ਸੁਧਾਰਾਂ ਜਾਂ ਕਾਨੂੰਨੀ ਸੁਧਾਰਾਂ ਦੀ ਲੋੜ ਹੈ?’’ ਵਿਸ਼ੇ ਸਬੰਧੀ ਕਰਵਾਈ ਇਸ ਕਾਨਫਰੰਸ ਦਾ ਉਦੇਸ਼ ਟੀਮ ਵਰਕ ਅਤੇ ਸੰਵਾਦ ਰਾਹੀਂ ਸੰਸਾਰ ਦੀਆਂ ਅਸਲ ਸਮੱਸਿਆਵਾਂ ਨਾਲ ਜੁੜਨ ਲਈ ਭਾਗੀਦਾਰਾਂ ਵਾਸਤੇ ਇੱਕ ਪਲੇਟਫਾਰਮ ਮੁਹੱਈਆ ਕਰਵਾਉਣਾ ਹੈ। ਦੇਸ਼ ਭਰ ਤੋਂ ਡੈਲੀਗੇਟ ਤਿੰਨ ਕਮੇਟੀਆਂ ਵਿੱਚ ਮੁੱਖ ਮੁੱਦਿਆਂ ’ਤੇ ਚਰਚਾ ਕਰਨ ਲਈ ਇਕੱਠੇ ਹੋਏ। ਸਭ ਤੋਂ ਪਹਿਲਾਂ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ (ਯੂ.ਐਨ.ਐਸ.ਸੀ.) ਨੇ ਸਾਈਬਰ ਸੁਰੱਖਿਆ ਅਤੇ ਡਿਜ਼ੀਟਲ ਗਵਰਨੈਂਸ ’ਤੇ ਧਿਆਨ ਕੇਂਦਰਿਤ ਕੀਤਾ।