ਪੀਟੀਆਈ ਵੱਲੋਂ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਜਾਰੀ ਰੱਖਣ ਦਾ ਫ਼ੈਸਲਾ
ਇਸਲਾਮਾਬਾਦ, 6 ਅਕਤੂਬਰ
ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਪਾਰਟੀ ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀਟੀਆਈ) ਨੇ ਪ੍ਰਦਰਸ਼ਨਕਾਰੀ ਆਗੂ ਅਲੀ ਅਮੀਨ ਗੰਡਾਪੁਰ ਦੇ ਰਹੱਸਮਈ ਤਰੀਕੇ ਨਾਲ ਲਾਪਤਾ ਹੋਣ ਦੇ ਬਾਵਜੂਦ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਜਾਰੀ ਰੱਖਣ ਦਾ ਫੈਸਲਾ ਕੀਤਾ ਹੈ, ਜਿਸ ਤਹਿਤ ਰਾਜਧਾਨੀ ਇਸਲਾਮਾਬਾਦ ’ਚ ਦੂਜੇ ਦਿਨ ਵੀ ਸਥਿਤੀ ਤਣਾਅਪੂਰਨ ਰਹੀ। ਉਧਰ ਪੁਲੀਸ ਨੇ ਜੇਲ੍ਹ ਵਿੱਚ ਬੰਦ ਇਮਰਾਨ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਬੀਤੀ ਰਾਤ ਇਤਿਹਾਸਕ ਮੀਨਾਰ-ਏ-ਪਾਕਿਸਤਾਨ ਨੇੜੇ ਪਹੁੰਚੇ ਪੀਟੀਆਈ ਦੇ ਵਕੀਲਾਂ ਸਮੇਤ 30 ਤੋਂ ਵੱਧ ਸਮਰਥਕਾਂ ਨੂੰ ਗ੍ਰਿਫ਼ਤਾਰ ਕਰ ਲਿਆ। ਲਾਹੌਰ ਪੁਲੀਸ ਨੇ ਦੱਸਿਆ ਕਿ ਉਨ੍ਹਾਂ ਇਮਰਾਨ ਸਮੇਤ 200 ਤੋਂ ਵੱਧ ਪੀਟੀਆਈ ਆਗੂਆਂ ਅਤੇ ਵਰਕਰਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ।
ਇਮਰਾਨ ਦੀ ਅਗਵਾਈ ਵਾਲੀ ਪਾਰਟੀ ਨੇ ਰਾਤ ਭਰ ਕੀਤੀ ਮੀਟਿੰਗ ਵਿੱਚ ਫ਼ੈਸਲਾ ਕੀਤਾ ਕਿ ਜਦੋਂ ਤੱਕ ਪਾਰਟੀ ਦੇ ਬਾਨੀ ਇਮਰਾਨ ਖਾਨ ਆਪਣੇ ਸਮਰਥਕਾਂ ਨੂੰ ਪ੍ਰਦਰਸ਼ਨ ਖ਼ਤਮ ਕਰਨ ਲਈ ਨਹੀਂ ਕਹਿੰਦੇ, ਉਦੋਂ ਤੱਕ ਉਹ ਆਪਣਾ ਵਿਰੋਧ ਪ੍ਰਦਰਸ਼ਨ ਇਸੇ ਤਰ੍ਹਾਂ ਜਾਰੀ ਰੱਖਣਗੇ। ‘ਡਾਅਨ’ ਅਖਬਾਰ ਮੁਤਾਬਕ ਪਾਰਟੀ ਦੀ ਸਿਆਸੀ ਕਮੇਟੀ ਨੇ ਇਹ ਵੀ ਫ਼ੈਸਲਾ ਕੀਤਾ ਹੈ ਕਿ ਜੇ ਗੰਡਾਪੁਰ ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ ਤਾਂ ਪਾਰਟੀ ਦੇ ਸੀਨੀਅਰ ਨੇਤਾ ਆਜ਼ਮ ਸਵਾਤੀ ਪ੍ਰਦਰਸ਼ਨ ਦੀ ਅਗਵਾਈ ਕਰਨਗੇ ਅਤੇ ਜੇ ਸਵਾਤੀ ਨੂੰ ਵੀ ਗ੍ਰਿਫਤਾਰ ਕਰ ਲਿਆ ਜਾਂਦਾ ਹੈ ਤਾਂ ਕਿਸੇ ਨਵੇਂ ਆਗੂ ਦੀ ਚੋਣ ਕੀਤੀ ਜਾਵੇਗੀ। -ਪੀਟੀਆਈ
ਪ੍ਰਦਰਸ਼ਨ ਵਿੱਚ ਸ਼ਾਮਲ ਹੋਣ ਲਈ ਜੈਸ਼ੰਕਰ ਨੂੰ ਸੱਦਾ ਨਹੀਂ ਦਿੱਤਾ ਗਿਆ: ਪੀਟੀਆਈ
ਪਿਸ਼ਾਵਰ: ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਪਾਰਟੀ ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀਟੀਆਈ) ਨੇ ਪਾਰਟੀ ਦੇ ਇੱਕ ਆਗੂ ਵੱਲੋਂ ਭਾਰਤ ਦੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੂੰ ਪਾਰਟੀ ਦੇ ਪ੍ਰਦਰਸ਼ਨ ਵਿੱਚ ਸ਼ਾਮਲ ਹੋਣ ਲਈ ਦਿੱਤੇ ਸੱਦੇ ਤੋਂ ਦੂਰੀ ਬਣਾ ਲਈ ਹੈ ਅਤੇ ਕਿਹਾ ਕਿ ਉਸ ਦੇ ਸਿਆਸੀ ਸੰਘਰਸ਼ ਵਿੱਚ ਕਿਸੇ ਹੋਰ ਦੇਸ਼ ਦੀ ਕੋਈ ਭੂਮਿਕਾ ਨਹੀਂ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਵਿਦੇਸ਼ੀ ਆਗੂ ਨੂੰ ਪ੍ਰਦਰਸ਼ਨ ਵਿੱਚ ਸ਼ਾਮਲ ਹੋਣ ਲਈ ਸੱਦਾ ਨਹੀਂ ਦਿੱਤਾ ਗਿਆ। ਪੀਟੀਆਈ ਦੇ ਚੇਅਰਮੈਨ ਬੈਰਿਸਟਰ ਗੌਹਰ ਅਲੀ ਖਾਨ ਨੇ ਕਿਹਾ ਕਿ ਪੀਟੀਆਈ ਸ਼ਾਸਿਤ ਖੈਬਰ ਪਖਤੂਨਖਵਾ ਸੂਬੇ ਦੇ ਮੁੱਖ ਮੰਤਰੀ ਦੇ ਸੂਚਨਾ ਸਲਾਹਕਾਰ ਮੁਹੰਮਦ ਅਲੀ ਸੈਫ ਦੀ ਟਿੱਪਣੀ ਨੂੰ ਗਲਤ ਸੰਦਰਭ ਵਿੱਚ ਲਿਆ ਗਿਆ ਹੈ। ਸੈਫ ਨੇ ਕਿਹਾ ਸੀ ਕਿ ਪਾਰਟੀ ਜੈਸ਼ੰਕਰ ਨੂੰ ਇੱਥੇ ਆਪਣੇ ਵਿਰੋਧ ਪ੍ਰਦਰਸ਼ਨ ਵਿੱਚ ਸ਼ਾਮਲ ਹੋਣ ਲਈ ‘ਸੱਦਾ’ ਦੇਣ ਦੀ ਯੋਜਨਾ ਬਣਾ ਰਹੀ ਹੈ। ਗੌਹਰ ਖਾਨ ਨੇ ਇਸ ਬਾਰੇ ਕਿਹਾ, ‘ਸ਼ਾਂਤਮਈ ਪ੍ਰਦਰਸ਼ਨ ਸਾਡਾ ਸੰਵਿਧਾਨਕ ਅਧਿਕਾਰ ਹੈ। ਪਾਰਟੀ ਵੱਲੋਂ ਭਾਰਤ ਸਮੇਤ ਕਿਸੇ ਵੀ ਵਿਦੇਸ਼ੀ ਆਗੂ ਨੂੰ ਇਸ ਪ੍ਰਦਰਸ਼ਨ ਵਿੱਚ ਸ਼ਾਮਲ ਹੋਣ ਲਈ ਸੱਦਾ ਨਹੀਂ ਦਿੱਤਾ ਗਿਆ।’ -ਪੀਟੀਆਈ