ਪੀਟੀਆਈ ਨੇ ਜੈਸ਼ੰਕਰ ਨੂੰ ਮੁਜ਼ਾਹਰੇ ’ਚ ਸ਼ਾਮਲ ਹੋਣ ਦਾ ਦਿੱਤਾ ਸੱਦਾ
ਇਸਲਾਮਾਬਾਦ, 5 ਅਕਤੂਬਰ
ਜੇਲ੍ਹ ’ਚ ਬੰਦ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਪਾਰਟੀ ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀਟੀਆਈ) ਨੇ ਭਾਰਤ ਦੇ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੂੰ ਸੱਦਾ ਦਿੱਤਾ ਹੈ ਕਿ ਉਹ ਪਾਕਿਸਤਾਨ ਦੀ ਸਰਕਾਰ ਖ਼ਿਲਾਫ਼ ਉਨ੍ਹਾਂ ਦੀ ਪਾਰਟੀ ਵੱਲੋਂ ਕੀਤੇ ਜਾ ਰਹੇ ਰੋਸ ਮੁਜ਼ਾਹਰੇ ’ਚ ਸ਼ਾਮਲ ਹੋਣ। ਜੈਸ਼ੰਕਰ 15 ਤੇ 16 ਅਕਤੂਬਰ ਨੂੰ ਐੱਸਸੀਓ ਸੰਮੇਲਨ ’ਚ ਹਿੱਸਾ ਲੈਣ ਲਈ ਪਾਕਿਸਤਾਨ ਆਉਣਗੇ।
ਖੈ਼ਬਰ ਪਖ਼ਤੂਨਖਵਾ ਦੇ ਮੁੱਖ ਮੰਤਰੀ ਦੇ ਸਲਾਹਕਾਰ ਮੁਹੰਮਦ ਅਲੀ ਸੈਫ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਜੈਸ਼ੰਕਰ ਨੂੰ ਪੀਟੀਆਈ ਦੇ ਮੁਜ਼ਾਹਰੇ ’ਚ ਸ਼ਾਮਲ ਹੋਣ ਦਾ ਸੱਦਾ ਦਿੱਤਾ।
ਉਨ੍ਹਾਂ ਸਵਾਲ ਦੇ ਜਵਾਬ ਵਿੱਚ ਕਿਹਾ, ‘ਪੀਟੀਆਈ ਭਾਰਤੀ ਵਿਦੇਸ਼ ਮੰਤਰੀ ਜੈਸ਼ੰਕਰ ਨੂੰ ਇੱਥੇ ਆਉਣ ਤੇ ਪੀਟੀਆਈ ਦੇ ਰੋਸ ਮੁਜ਼ਾਹਰੇ ’ਚ ਸ਼ਾਮਲ ਹੋ ਕੇ ਇੱਥੋਂ ਦੇ ਲੋਕਾਂ ਨੂੰ ਸੰਬੋਧਨ ਕਰਨ ਦਾ ਸੱਦਾ ਦੇਵੇਗੀ। ਉਹ ਦੇਖਣਗੇ ਕਿ ਪਾਕਿਸਤਾਨ ’ਚ ਮਜ਼ਬੂਤ ਲੋਕਤੰਤਰ ਹੈ, ਜਿੱਥੇ ਹਰ ਕਿਸੇ ਨੂੰ ਰੋਸ ਮੁਜ਼ਾਹਰੇ ਕਰਨ ਦਾ ਅਧਿਕਾਰ ਹੈ।’ ਮੁਹੰਮਦ ਅਲੀ ਸੈਫ ਨੇ ਇਹ ਵੀ ਕਿਹਾ ਕਿ ਵਿਦੇਸ਼ੀ ਵਫ਼ਦ ਵੀ ਉਨ੍ਹਾਂ ਦੀ ਪਾਰਟੀ ਦਾ ਮੁਜ਼ਾਹਰਾ ਦੇਖ ਕੇ ਖੁਸ਼ ਹੋਣਗੇ। -ਪੀਟੀਆਈ
ਇਸਲਾਮਾਬਾਦ ’ਚ ਫ਼ੌਜ ਤਾਇਨਾਤ
ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀਟੀਆਈ) ਪਾਰਟੀ ਵੱਲੋਂ ਮੁਜ਼ਾਹਰੇ ਕਰਨ ਦੀ ਯੋਜਨਾ ਦਰਮਿਆਨ ਸੁਰੱਖਿਆ ਯਕੀਨੀ ਬਣਾਉਣ ਲਈ ਅੱਜ ਇਸਲਾਮਾਬਾਦ ’ਚ ਸੈਨਾ ਦੇ ਜਵਾਨ ਤਾਇਨਾਤ ਕੀਤੇ ਗਏ ਹਨ। ਸੈਨਾ ਦੇ ਜਵਾਨ ਅਮਨ ਕਾਨੂੰਨ ਦੀ ਸਥਿਤੀ ਬਣਾਏ ਰੱਖਣ ਲਈ 5 ਤੋਂ 17 ਅਕਤੂਬਰ ਤੱਕ ਸ਼ਹਿਰ ’ਚ ਹੀ ਰਹਿਣਗੇ। ਇਹ ਤਾਇਨਾਤੀ ਅਜਿਹੇ ਸਮੇਂ ਕੀਤੀ ਗਈ ਹੈ ਜਦੋਂ ਖੈ਼ਬਰ ਪਖ਼ਤੂਨਖਵਾ ਦੇ ਮੁੱਖ ਮੰਤਰੀ ਅਲੀ ਅਮੀਨ ਗੰਡਾਪੁਰ ਦੀ ਅਗਵਾਈ ਹੇਠ ਪੀਟੀਆਈ ਹਮਾਇਤੀ ਮੁਜ਼ਾਹਰੇ ’ਚ ਹਿੱਸਾ ਲੈਣ ਲਈ ਡੀ-ਚੌਕ ਪਹੁੰਚ ਗਏ। ਪੀਟੀਆਈ ਹਮਾਇਤੀ ਇਮਰਾਨ ਖਾਨ ਦੀ ਰਿਹਾਈ ਦੀ ਮੰਗ ਕਰ ਰਹੇ ਹਨ।